ਹਾਕੀ: ਭਾਰਤੀ ਮਹਿਲਾ ਟੀਮ ਫਾਈਨਲ ’ਚ
ਮਸਕਟ, 27 ਜਨਵਰੀ
ਭਾਰਤੀ ਮਹਿਲਾ ਹਾਕੀ ਟੀਮ ਨੇ ਇੱਥੇ ਦੱਖਣੀ ਅਫ਼ਰੀਕਾ ’ਤੇ 6-3 ਨਾਲ ਰੁਮਾਂਚਿਕ ਜਿੱਤ ਦਰਜ ਕਰਦਿਆਂ ਐੱਫਆਈਐੱਚ ਹਾਕੀ ਫਾਈਵਜ਼ ਮਹਿਲਾ ਵਿਸ਼ਵ ਕੱਪ ਦੇ ਫਾਈਨਲ ’ਚ ਕਦਮ ਧਰਿਆ। ਫਾਈਨਲ ’ਚ ਐਤਵਾਰ ਨੂੰ ਭਾਰਤ ਦਾ ਸਾਹਮਣਾ ਨੈਦਰਲੈਂਡਜ਼ ਨਾਲ ਹੋਵੇਗਾ। ਅਕਸ਼ਿਤਾ ਅਬਾਸੋ ਢੇਕਾਲੇ ਨੇ ਸੱਤਵੇਂ ਮਿੰਟ, ਮਾਰਿਆਨਾ ਕੁਜੂਰ ਨੇ 11ਵੇਂ ਮਿੰਟ, ਮੁਮਤਾਜ਼ ਖ਼ਾਨ ਨੇ 21ਵੇਂ ਮਿੰਟ, ਰੁਤੂਜਾ ਦਾਦਾਸੋ ਪਿਸਲ ਨੇ 23ਵੇਂ ਮਿੰਟ, ਜਯੋਤੀ ਛਤਰੀ ਨੇ 25ਵੇਂ ਮਿੰਟ ਅਤੇ ਅਜੀਮਾ ਕੁਜੂਰ ਨੇ 26ਵੇਂ ਮਿੰਟ ਵਿੱਚ ਸ਼ੁੱਕਰਵਾਰ ਰਾਤ ਹੋਏ ਸੈਮੀਫਾਈਨਲ ਮੁਕਾਬਲੇ ’ਚ ਭਾਰਤ ਲਈ ਗੋਲ ਦਾਗ਼ੇ। ਦੱਖਣੀ ਅਫ਼ਰੀਕਾ ਲਈ ਟੇਸ਼ਾਨ ਡੀ ਲਾ ਰੇ ਨੇ ਪੰਜਵੇਂ, ਕਪਤਾਨ ਟੋਨੀ ਮਾਰਕਸ ਨੇ ਅੱਠਵੇਂ ਅਤੇ ਡਿਰਕੀ ਚੈਂਬਰਲੇਨ ਨੇ 29ਵੇਂ ਮਿੰਟ ਵਿੱਚ ਗੋਲ ਕੀਤੇ।
ਦੱਖਣੀ ਅਫ਼ਰੀਕਾ ਨੇ ਪਹਿਲੇ ਹਾਫ ਵਿੱਚ ਕਾਫੀ ਡਿਫੈਂਸਿਵ ਸ਼ੁਰੂਆਤ ਕੀਤੀ ਪਰ ਗੋਲ ਕਰਨ ਦਾ ਪਹਿਲਾ ਮੌਕਾ ਵੀ ਉਸ ਨੂੰ ਹੀ ਮਿਲਿਆ।
ਭਾਰਤੀ ਗੋਲਕੀਪਰ ਰਜਨੀ ਇਤਿਮਾਰਪੂੁ ਕਾਫ਼ੀ ਸੁਚੇਤ ਸੀ ਪਰ ਦੱਖਣੀ ਅਫ਼ਰੀਕਾ ਦੀ ਡੀ ਲਾ ਰੇ ਦੇ ਕਰੀਬੀ ਰਿਵਰਸ ਸ਼ਾਟ ਨਾਲ ਟੀਮ ਨੇ ਸ਼ੁਰੂ ਵਿੱਚ ਲੀਡ ਬਣਾ ਲਈ। ਇਹ ਦਬਦਬਾ ਬਹੁਤੀ ਦੇਰ ਨਾ ਟਿਕ ਸਕਿਆ ਅਤੇ ਅਕਸ਼ਿਤਾ ਨੇ ਦੱਖਣੀ ਅਫ਼ਰੀਕਾ ਦੀ ਗੋਲਕੀਪਰ ਗਰੇਸ ਕੋਚਰਾਨੇ ਨੂੰ ਉਲਝਾਉਂਦਿਆਂ ਜਬਰਦਸਤ ਸ਼ਾਟ ਨਾਲ ਭਾਰਤ ਨੂੰ 1-1 ਦੀ ਬਰਾਬਰੀ ’ਤੇ ਕਰ ਦਿੱਤਾ। ਕਪਤਾਨ ਟੋਨੀ ਨੇ ਗੋਲ ਕਰਕੇ ਦੱਖਣੀ ਅਫ਼ਰੀਕਾ ਨੂੰ ਫਿਰ ਲੀਡ ਦਵਾਈ ਪਰ ਮਾਰੀਆਨਾ ਦੇ ਗੋਲ ਨਾਲ ਭਾਰਤ ਮੁੜ ਬਰਾਬਰੀ ’ਤੇ ਸੀ। ਦੂਜੇ ਅੱਧ ਵਿੱਚ ਦੱਖਣੀ ਅਫ਼ਰੀਕਾ ਨੇ ਤੇਜ਼ ਸ਼ੁਰੂਆਤ ਕੀਤੀ, ਜਿਸ ਨਾਲ ਭਾਰਤੀ ਗੋਲਕੀਪਰ ਮੁੜ ਬਚਾਅ ਲਈ ਡਟ ਗਈ। ਮੁਮਤਾਜ਼ ਦੇ ਗੋਲ ਸਦਕਾ ਭਾਰਤ ਨੇ ਪਹਿਲੀ ਵਾਰ ਮੈਚ ’ਚ ਲੀਡ ਬਣਾਈ, ਫਿਰ ਰੁਤੂਜਾ ਨੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਗੋਲ ਕੀਤਾ।
ਦੱਖਣੀ ਅਫ਼ਰੀਕਾ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਪਰ ਉਸ ਨੂੰ ਸਫ਼ਲਤਾ ਨਹੀਂ ਮਿਲੀ। ਖੇਡ ਖ਼ਤਮ ਹੋਣ ’ਚ ਪੰਜ ਮਿੰਟ ਬਚੇ ਸੀ ਕਿ ਜਯੋਤੀ ਨੇ ਦੱਖਣੀ ਅਫ਼ਰੀਕੀ ਗੋਲਕੀਪਰ ਨੂੰ ਕੋਈ ਮੌਕਾ ਨਾ ਦਿੰਦਿਆਂ ਗੋਲ ਕਰ ਦਿੱਤਾ।
ਅਜੀਮਾ ਨੇ ਗੋਲ ਕਰਕੇ ਸਕੋਰ 6-2 ਕਰ ਦਿੱਤਾ। ਖੇਡ ਦੀ ਸਮਾਪਤੀ ਦੇ ਹੂਟਰ ਤੋਂ ਇੱਕ ਮਿੰਟ ਪਹਿਲਾਂ ਦੱਖਣੀ ਅਫ਼ਰੀਕਾ ਲਈ ਚੈਂਬਰਲੇਨ ਨੇ ਤੀਜਾ ਗੋਲ ਕੀਤਾ। -ਪੀਟੀਆਈ
ਪੁਰਸ਼ ਟੀਮ ਨੇ ਦੱਖਣੀ ਅਫ਼ਰੀਕਾ ਨੂੰ 3-0 ਨਾਲ ਦਿੱਤੀ ਮਾਤ
ਕੇਪਟਾਊਨ: ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਅਫ਼ਰੀਕਾ ਦੌਰੇ ’ਤੇ ਜੇਤੂੁ ਸਿਲਸਿਲਾ ਜਾਰੀ ਰੱਖਦਿਆਂ ਮੇਜ਼ਬਾਨ ਟੀਮ ’ਤੇ 3-0 ਨਾਲ ਜਿੱਤ ਦਰਜ ਕੀਤੀ। ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ੁੱਕਰਵਾਰ ਰਾਤ ਹੋਏ ਮੁਕਾਬਲੇ ਦੌਰਾਨ ਦੂਜੇ ਮਿੰਟ ’ਚ ਅਭਿਸ਼ੇਕ ਨੇ 13ਵੇਂ ਮਿੰਟ ਅਤੇ ਸੁਮਿਤ ਨੇ 30ਵੇਂ ਮਿੰਟ ਵਿੱਚ ਗੋਲ ਦਾਗ਼ੇ। ਭਾਰਤ ਨੇ ਹਮਲਾਵਰ ਸ਼ੁਰੂਆਤ ਕਰਦਿਆਂ ਪਹਿਲਾਂ ਹੀ ਪੈਨਲਟੀ ਕਾਰਨਰ ਹਾਸਲ ਕਰ ਲਿਆ, ਜਿਸ ਨੂੰ ਹਰਮਨਪ੍ਰੀਤ ਨੇ ਜਬਰਦਸਤ ਡਰੈਗਫਲਿਕ ਨਾਲ ਗੋਲ ’ਚ ਬਦਲ ਕੇ ਲੀਡ ਦਵਾਈ। ਪਹਿਲੇ ਕੁਆਰਟਰ ਵਿੱਚ ਦੋ ਹੀ ਮਿੰਟ ਬਚੇ ਸੀ ਕਿ ਅਭਿਸ਼ੇਕ ਨੇ ਫੁਰਤੀਲਾ ਸ਼ਾਟ ਲਗਾ ਕੇ ਦੱਖਣੀ ਅਫ਼ਰੀਕਾ ਦੇ ਗੋਲਕੀਪਰ ਨੂੰ ਪਛਾੜ ਦਿੱਤਾ ਅਤੇ ਭਾਰਤ ਦੀ ਲੀਡ ਦੁੱਗਣੀ ਕਰ ਦਿੱਤੀ। ਦੂਜੇ ਕੁਆਰਟਰ ਵਿੱਚ ਦੱਖਣੀ ਅਫ਼ਰੀਕਾ ਦੇ ਕਈ ਹਮਲਿਆਂ ਦੇ ਬਾਵਜੂਦ ਭਾਰਤ ਦਾ ਡਿਫੈਂਸ ਸੰਜੀਦਾ ਰਿਹਾ ਅਤੇ ਉਸ ਨੇ ਕੋਈ ਗੋਲ ਨਹੀਂ ਹੋਣ ਦਿੱਤਾ। ਅੱਧੇ ਸਮੇਂ ਤੋਂ ਤੁਰੰਤ ਪਹਿਲਾਂ ਸੁਮਿਤ ਮੈਦਾਨੀ ਗੋਲ ਕਰਨ ’ਚ ਸਫ਼ਲ ਰਿਹਾ ਅਤੇ ਭਾਰਤ 3-0 ਨਾਲ ਅੱਗੇ ਹੋ ਗਿਆ। ਦੂਜੇ ਅੱਧ ਵਿੱਚ ਦੱਖਣੀ ਅਫ਼ਰੀਕਾ ਨੇ ਕਾਫ਼ੀ ਤੇਜ਼ੀ ਦਿਖਾਈ ਪਰ ਉਸ ਦੇ ਖਿਡਾਰੀ ਭਾਰਤੀ ਡਿਫੈਂਸ ਨੂੰ ਨਹੀਂ ਤੋੜ ਸਕੇ। ਤੀਜੇ ਕੁਆਰਟਰ ਵਿੱਚ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਕੋਈ ਗੋਲ ਨਹੀਂ ਹੋ ਸਕਿਆ। ਦੱਖਣੀ ਅਫ਼ਰੀਕਾ ਆਪਣੇ ਪਹਿਲੇ ਗੋਲ ਦੀ ਤਾਕ ਵਿੱਚ ਲੱਗਿਆ ਰਿਹਾ ਪਰ ਭਾਰਤ ਨੇ ਮਜ਼ਬੂਤੀ ਨਾਲ ਵਿਰੋਧੀ ਟੀਮ ਨੂੰ ਦੂਰ ਰੱਖਿਆ। ਭਾਰਤ ਦਾ ਹੁਣ ਐਤਵਾਰ ਨੂੰ ਨੈਦਰਲੈਂਡਜ਼ ਨਾਲ ਮੁਕਾਬਲਾ ਹੋਵੇਗਾ। -ਪੀਟੀਆਈ