ਹਾਕੀ: ਭਾਰਤੀ ਟੀਮ ਦੀ ਲਗਾਤਾਰ ਦੂਜੀ ਜਿੱਤ
ਏਸ਼ਿਆਈ ਚੈਂਪੀਅਨਜ਼ ਟਰਾਫ਼ੀ
ਹੁਲੁਨਬੂਈਰ, 9 ਸਤੰਬਰ
ਸੁਖਜੀਤ ਸਿੰਘ ਦੇ ਦੋ ਗੋਲਾਂ ਸਦਕਾ ਸਾਬਕਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਪੁਰਸ਼ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਲੀਗ ਮੈਚ ਵਿੱਚ ਜਾਪਾਨ ਨੂੰ 5-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਸੁਖਜੀਤ ਨੇ ਦੂਜੇ ਅਤੇ 60ਵੇਂ ਮਿੰਟ ਵਿੱਚ ਗੋਲ ਕੀਤੇ, ਜਦਕਿ ਅਭਿਸ਼ੇਕ ਨੇ ਤੀਜੇ, ਸੰਜੈ ਨੇ 17ਵੇਂ ਅਤੇ ਉੱਤਮ ਸਿੰਘ ਨੇ 54ਵੇਂ ਮਿੰਟ ਵਿੱਚ ਗੋਲ ਕੀਤੇ। ਮਾਤਸੁਮੋਤੋ ਕਾਜ਼ੂਮਾਸਾ ਨੇ 41ਵੇਂ ਮਿੰਟ ਵਿੱਚ ਜਾਪਾਨ ਲਈ ਗੋਲ ਕੀਤਾ। ਐਤਵਾਰ ਨੂੰ ਆਪਣੇ ਸ਼ੁਰੂਆਤੀ ਰਾਊਂਡ-ਰੌਬਿਨ ਲੀਗ ਮੈਚ ਵਿੱਚ ਚੀਨ ਨੂੰ 3-0 ਨਾਲ ਹਰਾਉਣ ਵਾਲੀ ਚਾਰ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੂੰ ਦੋ ਪੈਨਲਟੀ ਕਾਰਨਰ ਮਿਲੇ, ਜਦਕਿ ਜਾਪਾਨ ਦੀ ਟੀਮ ਨੇ ਪੰਜ ਪੈਨਲਟੀ ਕਾਰਨਰ ਹਾਸਲ ਕੀਤੇ। ਭਾਰਤ ਨੇ ਮੈਚ ਦੇ ਦੂਜੇ ਮਿੰਟ ਵਿੱਚ ਹੀ ਸੁਖਜੀਤ ਦੇ ਸ਼ਾਨਦਾਰ ਮੈਦਾਨੀ ਗੋਲ ਸਦਮਾ ਲੀਡ ਹਾਸਲ ਕੀਤੀ। ਭਾਰਤ ਨੇ ਅਗਲੇ ਮਿੰਟ ਵਿੱਚ ਲੀਡ ਦੁੱਗਣ ਕਰ ਦਿੱਤੀ, ਜਦੋਂ ਅਭਿਸ਼ੇਕ ਨੇ ਕਈ ਜਾਪਾਨੀ ਡਿਫੈਂਡਰਾਂ ਨੂੰ ਚਕਮਾ ਦਿੰਦਿਆਂ ਗੋਲਕੀਪਰ ਨੂੰ ਹੈਰਾਨ ਕਰਕੇ ਗੋਲ ਕਰ ਦਿੱਤਾ। ਦੂਜੇ ਕੁਆਰਟਰ ਵਿੱਚ ਵੀ ਇਹ ਪ੍ਰਦਰਸ਼ਨ ਜਾਰੀ ਰਿਹਾ, ਜਦੋਂ ਸੰਜੈ ਨੇ 17ਵੇਂ ਮਿੰਟ ’ਚ ਸ਼ਾਨਦਾਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਅੱਧੇ ਸਮੇਂ ਤੱਕ 3-0 ਦੀ ਲੀਡ ਨਾਲ ਭਾਰਤ ਚੰਗੀ ਸਥਿਤੀ ਵਿੱਚ ਸੀ, ਜਦਕਿ ਜਾਪਾਨ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰ ਕੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਟੂਰਨਾਮੈਂਟ ਦੇ ਪਿਛਲੇ ਸੈਸ਼ਨ ਵਿੱਚ ਤੀਜੇ ਸਥਾਨ ’ਤੇ ਰਹਿਣ ਵਾਲੀ ਜਾਪਾਨੀ ਟੀਮ ਨੇ 21ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਹਾਸਲ ਕਰਨ ਲਈ ਹਮਲੇ ਤੇਜ਼ ਕੀਤੇ ਪਰ ਜਾਪਾਨ ਦੇ ਡਰੈਗ ਫਲਿੱਕਰ ਭਾਰਤੀਆਂ ਸਾਹਮਣੇ ਨਾਕਾਮ ਰਹੇ। ਭਾਰਤੀ ਟੀਮ ਨੇ ਤੇਜ਼ੀ ਨਾਲ ਜਵਾਬੀ ਹਮਲਾ ਕੀਤਾ ਅਤੇ ਇਸ ਦੌਰਾਨ ਜੁਗਰਾਜ ਸਿੰਘ ਨੇ ਫ੍ਰੀ ਹਿੱਟ ਹਾਸਲ ਕੀਤਾ ਪਰ ਇਸ ਦਾ ਕੋਈ ਲਾਹਾ ਨਹੀਂ ਮਿਲਿਆ। ਦੂਜੇ ਕੁਆਰਟਰ ਵਿੱਚ ਇੱਕ ਗੋਲ ਨਾਲ ਭਾਰਤ ਨੇ ਦਬਦਬਾ ਬਣਾਈ ਰੱਖਿਆ। ਇਸ ਦੌਰਾਨ ਉਸ ਨੇ 11 ਵਾਰ ਸਰਕਲ ਵਿੱਚ ਦਾਖ਼ਲਾ ਕੀਤਾ ਅਤੇ ਗੋਲ ’ਤੇ ਤਿੰਨ ਸ਼ਾਟ ਲਗਾਏ। ਅੱਧੇ ਸਮੇਂ ਦੀ ਬਰੇਕ ਮਗਰੋਂ ਭਾਰਤ ਨੇ ਫੁਰਤੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਪਰ ਜਾਪਾਨ ਨੇ ਉਸ ਨੂੰ ਕੋਈ ਗੋਲ ਨਹੀਂ ਕਰਨ ਦਿੱਤਾ। ਫਿਰ ਜਾਪਾਨ ਲਈ 41ਵੇਂ ਮਿੰਟ ਵਿੱਚ ਕਾਜ਼ੂਮਾਸਾ ਨੇ ਮੈਦਾਨੀ ਗੋਲ ਕਰ ਦਿੱਤਾ। ਭਾਰਤੀ ਗੋਲਕੀਪਰ ਕ੍ਰਿਸ਼ਨ ਪਾਠਕ ਗੋਲ ਨੂੰ ਰੋਕਣ ਲਈ ਕੁੱਝ ਖਾਸ ਨਹੀਂ ਕਰ ਸਕਿਆ। ਭਾਰਤ ਲਈ ਚੌਥੇ ਗੋਲ ਦਾ ਸਿਹਰਾ ਜਰਮਨਪ੍ਰੀਤ ਸਿੰਘ ਦੇ ਚੰਗੇ ‘ਸਟਿੱਕ ਵਰਕ’ ਨੂੰ ਜਾਂਦਾ ਹੈ, ਜਿਸ ਨੇ ਬਿਹਤਰੀਨ ਮੈਦਾਨੀ ਗੋਲ ਕਰਨ ਵਿੱਚ ਉੱਤਮ ਸਿੰਘ ਦੀ ਮਦਦ ਕੀਤੀ। ਫਿਰ ਅਭਿਸ਼ੇਕ ਦੀ ਮਦਦ ਨਾਲ ਸੁਖਜੀਤ ਨੇ 60ਵੇਂ ਮਿੰਟ ਵਿੱਚ ਆਪਣੇ ਨਾਮ ਇੱਕ ਹੋਰ ਗੋਲ ਕੀਤਾ।
ਮੈਚ ਦੇ ਨਾਇਕ ਅਭਿਸ਼ੇਕ ਨੇ ਕਿਹਾ, ‘ਅੱਜ ਪੂਰੀ ਟੀਮ ਨੇ ਕੋਸ਼ਿਸ਼ ਕੀਤੀ ਅਤੇ ਅਸੀਂ ਮੁੱਢਲੀਆਂ ਗੱਲਾਂ ਵੱਲ ਧਿਆਨ ਦਿੱਤਾ। ਅਸੀਂ ਚੰਗੇ ਹਮਲੇ ਕੀਤੇ ਅਤੇ ਯਕੀਨੀ ਬਣਾਇਆ ਕਿ ਅਸੀਂ ਗੋਲ ’ਤੇ ਧਿਆਨ ਦੇਈਏ।’ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਬੁੱਧਵਾਰ ਨੂੰ ਪਿਛਲ ਸੈਸ਼ਨ ਦੀ ਉਪ ਜੇਤੂ ਟੀਮ ਮਲੇਸ਼ੀਆ ਦਾ ਸਾਹਮਣਾ ਕਰੇਗੀ। ਮੰਗਲਵਾਰ ਨੂੰ ਆਰਾਮ ਦਾ ਦਿਨ ਹੈ। ਛੇ ਟੀਮਾਂ ਦਰਮਿਆਨ ਰਾਊਂਡ-ਰੌਬਿਨ ਲੀਗ ਮਗਰੋਂ ਸਿਖਰਲੀਆਂ ਚਾਰ ਟੀਮਾਂ 16 ਸਤੰਬਰ ਨੂੰ ਖੇਡੇ ਜਾਣ ਵਾਲੇ ਸੈਮੀਫਾਈਨਲ ਲਈ ਕੁਆਲੀਫਾਈ ਹੋਣਗੀਆਂ। ਫਾਈਨਲ 17 ਸਤੰਬਰ ਨੂੰ ਹੋਵੇਗਾ। -ਪੀਟੀਆਈ