ਹਾਕੀ: ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਟੀਮ ਮਸਕਟ ਰਵਾਨਾ
ਬੰਗਲੂਰੂ, 22 ਨਵੰਬਰ
ਸੁਲਤਾਨ ਜੋਹੋਰ ਕੱਪ ’ਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਭਾਰਤੀ ਟੀਮ ਜੂਨੀਅਰ ਏਸ਼ੀਆ ਕੱਪ ਖਿਤਾਬ ਕਾਇਮ ਰੱਖਣ ਲਈ ਅੱਜ ਮਸਕਟ ਰਵਾਨਾ ਹੋ ਗਈ ਹੈ। ਪੀਆਰ ਸ੍ਰੀਜੇਸ਼ ਟੀਮ ਦਾ ਕੋਚ ਹੈ। ਪਿਛਲੇ ਸਾਲ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਖ਼ਿਤਾਬ ਜਿੱਤਣ ਵਾਲੀ ਭਾਰਤੀ ਟੀਮ 27 ਨਵੰਬਰ ਨੂੰ ਪੂਲ ‘ਏ’ ਵਿੱਚ ਥਾਈਲੈਂਡ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਟੀਮ ਦੇ ਅਗਲੇ ਮੁਕਾਬਲੇ 28 ਨਵੰਬਰ ਨੂੰ ਜਪਾਨ ਤੇ 30 ਨਵੰਬਰ ਨੂੰ ਚੀਨੀ ਤਾਇਪੇ ਨਾਲ ਹੋਣਗੇ। ਭਾਰਤ ਦਾ ਗਰੁੱਪ ਗੇੜ ਦਾ ਆਖਰੀ ਮੁਕਾਬਲਾ ਪਹਿਲੀ ਦਸੰਬਰ ਨੂੰ ਕੋਰੀਆ ਨਾਲ ਹੋਵੇਗਾ। ਪੂਲ ‘ਬੀ’ ਵਿੱਚ ਪਾਕਿਸਤਾਨ, ਮਲੇਸ਼ੀਆ, ਬੰਗਲਾਦੇਸ਼, ਓਮਾਨ ਅਤੇ ਚੀਨ ਸ਼ਾਮਲ ਹਨ।
ਭਾਰਤੀ ਕਪਤਾਨ ਆਮਿਰ ਅਲੀ ਨੇ ਕਿਹਾ ਕਿ ਟੀਮ ਨੇ ਚੰਗੀ ਤਿਆਰੀ ਕੀਤੀ ਹੈ ਅਤੇ ਉਸ ਨੂੰ ਫਾਈਨਲ ’ਚ ਪਹੁੰਚਣ ਦਾ ਭਰੋਸਾ ਹੈ। ਅਲੀ ਨੇ ਕਿਹਾ, ‘ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ।’ ਉਸ ਨੇ ਕਿਹਾ, ‘ਅਸੀਂ ਸਾਰੇ ਇਸ ਟੂਰਨਾਮੈਂਟ ਦੇ ਮਹੱਤਵ ਅਤੇ ਵੱਡੇ ਪੱਧਰ ’ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦੇ ਮੌਕੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਸਾਡਾ ਧਿਆਨ ਪਹਿਲੇ ਮੈਚ ਤੋਂ ਹੀ ਚੰਗਾ ਪ੍ਰਦਰਸ਼ਨ ਕਰਨ ’ਤੇ ਹੈ।’
ਇਸੇ ਤਰ੍ਹਾਂ ਉਪ ਕਪਤਾਨ ਰੋਹਿਤ ਨੇ ਕਿਹਾ ਕਿ ਟੂਰਨਾਮੈਂਟ ਤੋਂ ਪਹਿਲਾਂ ਪੂਰੀ ਟੀਮ ਉਤਸ਼ਾਹਿਤ ਹੈ। ਉਸ ਨੇ ਕਿਹਾ, ‘ਕੈਂਪ ਵਿੱਚ ਸਾਰੇ ਖਿਡਾਰੀ ਉਤਸ਼ਾਹਿਤ ਅਤੇ ਇਕਜੁੱਟ ਹਨ। ਸੁਲਤਾਨ ਜੋਹੋਰ ਕੱਪ ’ਚ ਸਾਡੇ ਹਾਲੀਆ ਪ੍ਰਦਰਸ਼ਨ ਨੇ ਸਾਨੂੰ ਆਤਮਵਿਸ਼ਵਾਸ ਦਿੱਤਾ ਹੈ ਅਤੇ ਅਸੀਂ ਇਸ ਨੂੰ ਕਾਇਮ ਰੱਖਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।’ ਭਾਰਤ ਦੇ ਮਹਾਨ ਗੋਲਕੀਪਰ ਸ੍ਰੀਜੇਸ਼ ਦਾ ਕੋਚ ਵਜੋਂ ਇਹ ਦੂਜਾ ਟੂਰਨਾਮੈਂਟ ਹੋਵੇਗਾ। ਉਸ ਨੇ ਕੋਚ ਵਜੋਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਸੁਲਤਾਨ ਜੋਹੋਰ ਕੱਪ ਵਿੱਚ ਟੀਮ ਨੂੰ ਕਾਂਸੇ ਦਾ ਤਗ਼ਮਾ ਜਿਤਵਾ ਕੇ ਕੀਤੀ ਸੀ। -ਪੀਟੀਆਈ