ਹਾਕੀ: ਭਾਰਤ ਦੀ ਪਾਕਿਸਤਾਨ ’ਤੇ 2-1 ਨਾਲ ਜਿੱਤ
ਹੁਲੁਨਬੂਈਰ (ਚੀਨ), 14 ਸਤੰਬਰ
ਕਪਤਾਨ ਹਰਮਨਪ੍ਰੀਤ ਸਿੰਘ ਵੱਲੋਂ ਪੈਨਲਟੀ ਕਾਰਨਰ ਰਾਹੀਂ ਕੀਤੇ ਗਏ ਦੋ ਗੋਲਾਂ ਸਦਕਾ ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਹੀਰੋ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾ ਦਿੱਤਾ। ਛੇ ਟੀਮਾਂ ਦੇ ਰਾਊਂਡ ਰੌਬਿਨ ਟੂਰਨਾਮੈਂਟ ਵਿੱਚ ਭਾਰਤ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ।
ਪਾਕਿਸਤਾਨ ਨੇ ਅਹਿਮਦ ਨਦੀਮ ਦੇ 8ਵੇਂ ਮਿੰਟ ਵਿੱਚ ਕੀਤੇ ਗੋਲ ਸਦਕਾ ਲੀਡ ਹਾਸਲ ਕੀਤੀ ਪਰ ਹਰਮਨਪ੍ਰੀਤ ਸਿੰਘ ਨੇ 13ਵੇਂ ਅਤੇ 19ਵੇਂ ਮਿੰਟ ਵਿੱਚ ਮਿਲੇ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਦੀ ਇਹ ਪਹਿਲੀ ਹਾਰ ਸੀ। ਭਾਰਤ ਅਤੇ ਪਾਕਿਸਤਾਨ ਦੋਵੇਂ ਇਸ ਤੋਂ ਮੁਕਾਬਲੇ ਤੋਂ ਪਹਿਲਾਂ ਹੀ ਆਖਰੀ ਚਾਰ ਲਈ ਕੁਆਲੀਫਾਈ ਕਰ ਚੁੱਕੇ ਸਨ। ਇਸ ਜਿੱਤ ਦੀ ਬਦੌਲਤ ਭਾਰਤ ਨੇ 2016 ਤੋਂ ਪਾਕਿਸਤਾਨ ’ਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਦੋਵਾਂ ਟੀਮਾਂ ਵਿਚਾਲੇ ਆਖਰੀ ਮੁਕਾਬਲਾ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਹੋਇਆ ਸੀ, ਜਿਸ ਵਿੱਚ ਭਾਰਤ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਵੀ ਮੈਚ ਦੀ ਤਰ੍ਹਾਂ ਪਹਿਲੇ ਕੁਆਰਟਰ ’ਚ ਦੋਵਾਂ ਟੀਮਾਂ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਭਾਰਤੀ ਖਿਡਾਰੀਆਂ ਨੇ ਸ਼ੁਰੂਆਤ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਬਦਬਾ ਬਣਾਇਆ ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਗਿਆ, ਪਾਕਿਸਤਾਨ ਦੀ ਖੇਡ ਵਿੱਚ ਵੀ ਨਿਖਾਰ ਆਉਂਦਾ ਗਿਆ। ਪਾਕਿਸਤਾਨ ਲਈ ਹਨਨ ਸ਼ਾਹਿਦ ਨੇ ਮਿਡਫੀਲਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਸਦਕਾ ਨਦੀਮ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਲੀਡ ਦਿਵਾਈ। ਇਸ ਮਗਰੋਂ ਭਾਰਤ ਨੇ ਸਬਰ ਰੱਖਦਿਆਂ ਮੌਕੇ ਦੇਖ ਕੇ ਹਮਲੇ ਜਾਰੀ ਰੱਖੇ। ਟੀਮ ਨੇ 13ਵੇਂ ਮਿੰਟ ਵਿੱਚ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਕਪਤਾਨ ਹਰਮਨਪ੍ਰੀਤ ਨੇ ਇਸ ਨੂੰ ਗੋਲ ਵਿੱਚ ਬਦਲ ਦਿੱਤਾ।
ਭਾਰਤੀ ਟੀਮ ਨੇ ਦੂਜੇ ਕੁਆਰਟਰ ਵਿੱਚ ਵੀ ਦਬਾਅ ਬਣਾਉਣਾ ਜਾਰੀ ਰੱਖਿਆ ਅਤੇ 19ਵੇਂ ਮਿੰਟ ਵਿੱਚ ਆਪਣਾ ਦੂਜਾ ਪੈਨਲਟੀ ਕਾਰਨਰ ਹਾਸਲ ਕੀਤਾ। ਇਕ ਵਾਰ ਫਿਰ ਪਾਕਿਸਤਾਨੀ ਡਿਫੈਂਸ ਕੋਲ ਕੋਈ ਜਵਾਬ ਨਹੀਂ ਸੀ ਅਤੇ ਹਰਮਨਪ੍ਰੀਤ ਦੇ ਸਟੀਕ ਸ਼ਾਟ ਨੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਭਾਰਤ ਦੂਜੇ ਕੁਆਰਟਰ ਵਿੱਚ ਗੇਂਦ ਆਪਣੇ ਕਬਜ਼ੇ ਵਿੱਚ ਰੱਖਣ ਵਿੱਚ ਸਫਲ ਰਿਹਾ। ਪਾਕਿਸਤਾਨ ਨੇ ਕਈ ਵਾਰ ਮੌਕੇ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਨੇ ਉਸ ਨੂੰ ਕੋਈ ਮੌਕਾ ਨਾ ਦਿੱਤਾ।
ਦੂਜੇ ਅੱਧ ਤੋਂ ਠੀਕ 45 ਸੈਕਿੰਡ ਪਹਿਲਾਂ ਪਾਕਿਸਤਾਨ ਕੋਲ ਬਰਾਬਰੀ ਦਾ ਮੌਕਾ ਸੀ ਪਰ ਉਹ ਅਸਫਲ ਰਿਹਾ। ਭਾਰਤੀਆਂ ਨੇ ਸਿਰੇ ਬਦਲਣ ਤੋਂ ਬਾਅਦ ਵੀ ਦਬਦਬਾ ਕਾਇਮ ਰੱਖਿਆ ਅਤੇ 37ਵੇਂ ਮਿੰਟ ਵਿੱਚ ਆਪਣਾ ਤੀਜਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਇਸ ਵਾਰ ਹਰਮਨਪ੍ਰੀਤ ਗੋਲ ਕਰਨ ਤੋਂ ਖੁੰਝ ਗਿਆ। ਇਸ ਤੋਂ ਬਾਅਦ ਪਾਕਿਸਤਾਨ ਨੇ ਲਗਾਤਾਰ ਚਾਰ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤੀ ਡਿਫੈਂਸ ਅੱਗੇ ਉਸ ਦੀ ਇੱਕ ਨਾ ਚੱਲੀ। ਇਸ ਮਗਰੋਂ ਭਾਰਤ ਨੇ ਵੀ ਤਿੰਨ ਹੋਰ ਪੈਨਲਟੀ ਕਾਰਨਰ ਜਿੱਤੇ ਪਰ ਗੋਲ ਕਰਨ ਵਿੱਚ ਨਾਕਾਮ ਰਿਹਾ। ਮੈਚ ’ਚ ਹਰਮਨਪ੍ਰੀਤ ਅਤੇ ਪਾਕਿਸਤਾਨ ਦੇ ਅਸ਼ਰਫ ਵਹੀਦ ਰਾਣਾ ਵਿਚਾਲੇ ਬਹਿਸ ਵੀ ਹੋਈ। ਭਾਰਤੀ ਸਰਕਲ ਅੰਦਰ ਰਾਣਾ ਵੱਲੋਂ ਜੁਗਰਾਜ ਸਿੰਘ ਨੂੰ ਮੋਢੇ ਮਾਰਨ ਮਗਰੋਂ ਅਜਿਹਾਾ ਹੋਇਆ। ਇਸ ਧੱਕੇ ਕਾਰਨ ਜੁਗਰਾਜ ਡਿੱਗ ਪਿਆ। ਮੈਦਾਨੀ ਅੰਪਾਇਰ, ਪਾਕਿਸਤਾਨੀ ਕਪਤਾਨ ਬੱਟ ਅਤੇ ਦੋਵੇਂ ਟੀਮਾਂ ਦੇ ਹੋਰ ਖਿਡਾਰੀ ਸਥਿਤੀ ’ਤੇ ਕਾਬੂ ਪਾਉਣ ਲਈ ਦੌੜੇ। ਇਸ ਦੌਰਾਨ ਰਾਣਾ ਨੂੰ ਪੀਲਾ ਕਾਰਡ ਦਿਖਾਇਆ ਗਿਆ। -ਪੀਟੀਆਈ