ਹਾਕੀ ਇੰਡੀਆ ਮਹਿਲਾ ਲੀਗ: ਉਦਿਤਾ ’ਤੇ ਲੱਗੀ ਸਭ ਤੋਂ ਵੱਧ ਬੋਲੀ
ਨਵੀਂ ਦਿੱਲੀ:
ਭਾਰਤੀ ਡਿਫੈਂਡਰ ਉਦਿਤਾ ਦੁਹਾਨ ਹਾਕੀ ਇੰਡੀਆ ਮਹਿਲਾ ਲੀਗ ਵਿੱਚ ਸਭ ਤੋਂ ਮਹਿੰਗੀ ਵਿਕਣ ਵਾਲੀ ਖਿਡਾਰਨ ਬਣ ਗਈ ਹੈ। ਉਸ ਨੂੰ ਅੱਜ ਨਿਲਾਮੀ ਵਿੱਚ ਬੰਗਾਲ ਟਾਈਗਰਜ਼ ਨੇ 32 ਲੱਖ ਰੁਪਏ ਵਿੱਚ ਖਰੀਦਿਆ। ਇਸੇ ਤਰ੍ਹਾਂ ਨੈਦਰਲੈਂਡਜ਼ ਦੀ ਡਰੈਗ ਫਲਿੱਕਰ ਯਿੱਬੀ ਜਾਨਸੇਨ ਨੂੰ ਉੜੀਸਾ ਵਾਰੀਅਰਜ਼ ਨੇ 29 ਲੱਖ ਰੁਪਏ ਵਿੱਚ ਖਰੀਦਿਆ। ਭਾਰਤ ਦੀ ਲਾਲਰੇਮਸਿਆਮੀ (ਬੰਗਾਲ ਟਾਈਗਰਜ਼, 25 ਲੱਖ ਰੁਪਏ), ਸੁਨੇਲਿਤਾ ਟੋਪੋ (ਦਿੱਲੀ ਐੱਸਜੀ ਪਾਈਪਰਜ਼, 24 ਲੱਖ ਰੁਪਏ), ਸੰਗੀਤਾ ਕੁਮਾਰੀ (ਦਿੱਲੀ ਐੱਸਜੀ ਪਾਈਪਰਜ਼, 22 ਲੱਖ ਰੁਪਏ) ’ਤੇ ਵੀ ਚੰਗੀ ਬੋਲੀ ਲੱਗੀ। ਵਿਦੇਸ਼ੀ ਖਿਡਾਰਨਾਂ ’ਚ ਬੈਲਜੀਅਮ ਦੀ ਚਾਰਲੋਟ ਏਂਜਲਬਰਟ (ਸੂਰਮਾ ਹਾਕੀ ਕਲੱਬ, 16 ਲੱਖ ਰੁਪਏ), ਜਰਮਨੀ ਦੀ ਚਾਰਲੋਟ ਸਟੈਪਨਹੋਰਸਟ (ਸੂਰਮਾ ਹਾਕੀ ਕਲੱਬ, 16 ਲੱਖ ਰੁਪਏ) ਅਤੇ ਆਸਟਰੇਲੀਆ ਦੀ ਜੋਸੇਲੀਨ ਬਾਰਟਰਾਮ (ਉੜੀਸਾ ਵਾਰੀਅਰਜ਼, 15 ਲੱਖ ਰੁਪਏ) ਨੂੰ ਚੰਗੀ ਕੀਮਤ ’ਤੇ ਖਰੀਦਿਆ ਗਿਆ। ਤਜਰਬੇਕਾਰ ਸਟ੍ਰਾਈਕਰ ਵੰਦਨਾ ਕਟਾਰੀਆ ਨੂੰ ਬੰਗਾਲ ਟਾਈਗਰਜ਼ ਨੇ 10.5 ਲੱਖ ਰੁਪਏ ਵਿੱਚ ਖਰੀਦਿਆ। ਭਾਰਤੀ ਕਪਤਾਨ ਸਲੀਮਾ ਟੇਟੇ (20 ਲੱਖ), ਇਸ਼ੀਕਾ ਚੌਧਰੀ (16 ਲੱਖ) ਅਤੇ ਨੇਹਾ ਗੋਇਲ (10 ਲੱਖ) ਨੂੰ ਉੜੀਸਾ ਵਾਰੀਅਰਜ਼ ਨੇ ਖਰੀਦਿਆ। ਸਾਬਕਾ ਕਪਤਾਨ ਸਵਿਤਾ (20 ਲੱਖ), ਸ਼ਰਮੀਲਾ ਦੇਵੀ (10 ਲੱਖ) ਅਤੇ ਨਿੱਕੀ ਪ੍ਰਧਾਨ (12 ਲੱਖ) ਨੂੰ ਸੁਰਮਾ ਹਾਕੀ ਕਲੱਬ ਨੇ ਖਰੀਦਿਆ। -ਪੀਟੀਆਈ