ਹਾਕੀ: ਪੈਰਿਸ ਓਲੰਪਿਕ ਦੀ ਤਿਆਰੀ ਲਈ ਚਾਰ ਮੁਲਕੀ ਟੂਰਨਾਮੈਂਟ ਖੇਡੇਗਾ ਭਾਰਤ
ਨਵੀਂ ਦਿੱਲੀ, 2 ਜਨਵਰੀ
ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੀ ਤਿਆਰੀ ਲਈ ਦੱਖਣੀ ਅਫਰੀਕਾ ਵਿੱਚ 14 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ। ਇਸ ਵਿੱਚ ਉਸ ਦਾ ਸਾਹਮਣਾ ਮੇਜ਼ਬਾਨ ਦੇਸ਼ ਤੋਂ ਇਲਾਵਾ ਫਰਾਂਸ ਅਤੇ ਨੈਦਰਲੈਂਡਜ਼ ਨਾਲ ਹੋਵੇਗਾ। ਹਾਕੀ ਇੰਡੀਆ ਅਨੁਸਾਰ ਇਸ ਟੂਰਨਾਮੈਂਟ ਤੋਂ ਪਹਿਲਾਂ 39 ਮੈਂਬਰੀ ਕੋਰ ਗਰੁੱਪ ਕੌਮੀ ਕੋਚਿੰਗ ਕੈਂਪ ਵਿੱਚ ਹਿੱਸਾ ਲਵੇਗਾ ਜੋ ਬੁੱਧਵਾਰ ਤੋਂ ਬੰਗਲੂਰੂ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਕੈਂਪਸ ਵਿੱਚ ਸ਼ੁਰੂ ਹੋਵੇਗਾ। ਪੈਰਿਸ ਓਲੰਪਿਕ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਭਾਰਤੀ ਟੀਮ 11 ਦਿਨਾਂ ਦੇ ਕੈਂਪ ਤੋਂ ਬਾਅਦ ਕੇਪਟਾਊਨ ਲਈ ਰਵਾਨਾ ਹੋਵੇਗੀ। ਦੱਖਣੀ ਅਫਰੀਕਾ ਵਿੱਚ 28 ਜਨਵਰੀ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਫਰਵਰੀ ਵਿੱਚ ਉੜੀਸਾ ’ਚ ਹੋਣ ਵਾਲੀ ਪ੍ਰੋ ਲੀਗ ਦੀ ਤਿਆਰੀ ਦਾ ਮੌਕਾ ਵੀ ਮਿਲੇਗਾ। ਭਾਰਤ ਪ੍ਰੋ ਲੀਗ ਵਿੱਚ ਆਸਟਰੇਲੀਆ, ਨੈਦਰਲੈਂਡਜ਼, ਸਪੇਨ ਅਤੇ ਆਇਰਲੈਂਡ ਦਾ ਸਾਹਮਣਾ ਕਰੇਗਾ। ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਕਰੇਗ ਫੁਲਟਨ ਨੇ ਕਿਹਾ, ‘‘ਸਾਡੇ ਖਿਡਾਰੀ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਦਾ ਆਨੰਦ ਮਾਣ ਕੇ ਵਾਪਸ ਆ ਰਹੇ ਹਨ। ਅਸੀਂ ਹਾਕੀ ਸੀਜ਼ਨ ਦੀ ਸ਼ੁਰੂਆਤ ਦੱਖਣੀ ਅਫਰੀਕਾ ਦੇ ਦੌਰੇ ਨਾਲ ਕਰਾਂਗੇ। -ਪੀਟੀਆਈ