ਹਾਕੀ: ਭਾਰਤ ਅਗਲੇ ਮਹੀਨੇ ਦੋ ਮੈਚਾਂ ਦੀ ਲੜੀ ਲਈ ਜਰਮਨੀ ਦੀ ਕਰੇਗਾ ਮੇਜ਼ਬਾਨੀ
ਨਵੀਂ ਦਿੱਲੀ, 24 ਸਤੰਬਰ
ਭਾਰਤੀ ਪੁਰਸ਼ ਹਾਕੀ ਟੀਮ 23 ਅਤੇ 24 ਅਕਤੂਬਰ ਨੂੰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਜਰਮਨੀ ਨਾਲ ਦੋ ਮੈਚਾਂ ਦੀ ਲੜੀ ਖੇਡੇਗੀ। ਹਾਕੀ ਇੰਡੀਆ ਨੇ ਅੱਜ ਇਹ ਐਲਾਨ ਕੀਤਾ। ਭਾਰਤ ਦਾ ਜਰਮਨੀ ਨਾਲ ਆਖਰੀ ਵਾਰ ਸਾਹਮਣਾ ਪੈਰਿਸ ਓਲੰਪਿਕ ਦੇ ਸੈਮੀ ਫਾਈਨਲ ਵਿੱਚ ਹੋਇਆ ਸੀ, ਜਿੱਥੇ ਯੂਰਪ ਦੀ ਨਾਮੀ ਟੀਮ ਨੇ 3-2 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੇ ਓਲੰਪਿਕ ਵਿੱਚ ਤੀਜੇ ਸਥਾਨ ਦੇ ਪਲੇਅ ਆਫ ਵਿੱਚ ਸਪੇਨ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, ‘ਜਰਮਨੀ ਖ਼ਿਲਾਫ਼ ਇਹ ਲੜੀ ਵਿਸ਼ਵ ਪੱਧਰੀ ਹਾਕੀ ਦਾ ਸ਼ਾਨਦਾਰ ਪ੍ਰਦਰਸ਼ਨ ਹੋਵੇਗਾ। ਭਾਰਤ ਅਤੇ ਜਰਮਨੀ ਦੋਵਾਂ ਦਾ ਹਾਕੀ ਵਿੱਚ ਸ਼ਾਨਦਾਰ ਇਤਿਹਾਸ ਹੈ ਅਤੇ ਇਹ ਲੜੀ ਪ੍ਰਸ਼ੰਸਕਾਂ ਨੂੰ ਦੁਨੀਆ ਦੀਆਂ ਦੋ ਸਭ ਤੋਂ ਮਜ਼ਬੂਤ ਟੀਮਾਂ ਵਿਚਾਲੇ ਸਖਤ ਮੁਕਾਬਲੇ ਦੇਖਣ ਦਾ ਮੌਕਾ ਦੇਵੇਗੀ। ਸਾਨੂੰ ਇਸ ਦੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਵੀ ਮਜ਼ਬੂਤ ਹੋਣਗੇ।’ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ, ‘ਭਾਰਤ-ਜਰਮਨੀ ਦਾ ਹਾਕੀ ਮੁਕਾਬਲਾ ਹਮੇਸ਼ਾ ਹੀ ਦਿਲਚਸਪ ਰਿਹਾ ਹੈ। ਸਾਡੇ ਖਿਡਾਰੀ ਚੰਗੀ ਟੀਮ ਨਾਲ ਮੁਕਾਬਲੇ ਲਈ ਉਤਸ਼ਾਹਿਤ ਹਨ।’ -ਪੀਟੀਆਈ