For the best experience, open
https://m.punjabitribuneonline.com
on your mobile browser.
Advertisement

ਹਾਕੀ: ਭਾਰਤ ਪੰਜਵੀਂ ਵਾਰ ਬਣਿਆ ਏਸ਼ਿਆਈ ਚੈਂਪੀਅਨ

08:58 AM Sep 18, 2024 IST
ਹਾਕੀ  ਭਾਰਤ ਪੰਜਵੀਂ ਵਾਰ ਬਣਿਆ ਏਸ਼ਿਆਈ ਚੈਂਪੀਅਨ
ਏਸ਼ਿਆਈ ਚੈਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਭਾਰਤੀ ਟੀਮ ਖੁਸ਼ੀ ਮਨਾਉਂਦੀ ਹੋਈ।
Advertisement

ਹੁਲੁਨਬੂਈਰ (ਚੀਨ), 17 ਸਤੰਬਰ
ਟੂਰਨਾਮੈਂਟ ’ਚ ਇੱਕ ਵੀ ਮੈਚ ਨਾ ਹਾਰਨ ਵਾਲੀ ਭਾਰਤੀ ਹਾਕੀ ਟੀਮ ਨੇ ਅੱਜ ਇੱਥੇ ਸਖ਼ਤ ਮੁਕਾਬਲੇ ’ਚ ਮੇਜ਼ਬਾਨ ਚੀਨ ਨੂੰ 1-0 ਨਾਲ ਹਰਾ ਕੇ ਪੰਜਵੀਂ ਵਾਰ ਏਸ਼ਿਆਈ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ। ਪਹਿਲੇ ਤਿੰਨ ਕੁਆਰਟਰਾਂ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਅੰਤ ਵਿੱਚ ਡਿਫੈਂਡਰ ਜੁਗਰਾਜ ਸਿੰਘ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ। ਹਰਮਨਪ੍ਰੀਤ ਸਿੰਘ ਦੀ ਟੀਮ ਲਈ ਇਹ ਮੈਚ ਸੌਖਾ ਨਹੀਂ ਸੀ। ਪਹਿਲੇ ਤਿੰਨ ਕੁਆਰਟਰਾਂ ਵਿੱਚ ਚੀਨੀ ਡਿਫੈਂਡਰਾਂ ਨੇ ਭਾਰਤ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਟੀਮ ਲਈ ਜੁਗਰਾਜ ਨੇ 51ਵੇਂ ਮਿੰਟ ਵਿੱਚ ਗੋਲ ਕੀਤਾ। ਚੀਨ ਦੂਜੀ ਵਾਰ ਕਿਸੇ ਕੌਮਾਂਤਰੀ ਟੂਰਨਾਮੈਂਟ ਦਾ ਫਾਈਨਲ ਖੇਡ ਰਿਹਾ ਸੀ। ਇਸ ਤੋਂ ਪਹਿਲਾਂ ਉਸ ਨੇ ਏਸ਼ਿਆਈ ਖੇਡਾਂ 2006 ਦਾ ਫਾਈਨਲ ਖੇਡਿਆ ਸੀ, ਜਿਸ ਵਿੱਚ ਉਸ ਨੂੰ ਕੋਰੀਆ ਹੱਥੋਂ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਛੇ ਟੀਮਾਂ ਦੇ ਟੂਰਨਾਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਿਦੱਤੀ ਹੈ।

Advertisement

ਗੋਲ ਕਰਨ ਮਗਰੋਂ ਖ਼ੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ।

ਖ਼ਿਤਾਬ ਦੀ ਮਜ਼ਬੂਤ ​​ਦਾਅਵੇਦਾਰ ਵਜੋਂ ਮੈਦਾਨ ਵਿੱਚ ਉਤਰੀ ਭਾਰਤੀ ਟੀਮ ਨੇ ਪਹਿਲੇ ਲੀਗ ਮੈਚ ਵਿੱਚ ਚੀਨ ਨੂੰ 3-0 ਨਾਲ ਹਰਾਇਆ ਸੀ ਪਰ ਫਾਈਨਲ ਮੁਕਾਬਲਾ ਕਾਫੀ ਸਖ਼ਤ ਰਿਹਾ। ਪਹਿਲੇ ਦੋ ਕੁਆਰਟਰਾਂ ਵਿੱਚ ਭਾਰਤ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਚੀਨ ਵੀ ਜਵਾਬੀ ਹਮਲੇ ਵਿੱਚ ਪਿੱਛੇ ਨਹੀਂ ਰਿਹਾ। ਰਾਜਕੁਮਾਰ ਪਾਲ ਨੇ ਪਹਿਲਾ ਹਮਲਾ ਕੀਤਾ ਜਿਸ ਨੂੰ ਚੀਨ ਦੇ ਗੋਲਕੀਪਰ ਵਾਂਗ ਵੇਹਾਓ ਨੇ ਬਚਾ ਲਿਆ। ਰਾਜਕੁਮਾਰ ਨੇ ਦਸਵੇਂ ਮਿੰਟ ਵਿੱਚ ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਦਿਵਾਇਆ ਪਰ ਹਰਮਨਪ੍ਰੀਤ ਸਿੰਘ ਇਸ ’ਤੇ ਗੋਲ ਨਹੀਂ ਕਰ ਸਕਿਆ। ਦੋ ਮਿੰਟ ਬਾਅਦ ਨੀਲਕਾਂਤ ਸ਼ਰਮਾ ਦੇ ਸ਼ਾਟ ਨੂੰ ਵੀ ਵਾਂਗ ਨੇ ਬਚਾਅ ਲਿਆ ਅਤੇ ਅਗਲੇ ਹੀ ਮਿੰਟ ਵਿੱਚ ਸੁਖਜੀਤ ਸਿੰਘ ਨੂੰ ਵੀ ਉਸ ਨੇ ਗੋਲ ਨਹੀਂ ਕਰਨ ਦਿੱਤਾ। ਪਹਿਲੇ ਕੁਆਰਟਰ ਤੋਂ ਕੁਝ ਸੈਕਿੰਡ ਪਹਿਲਾਂ ਚੀਨ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਕ੍ਰਿਸ਼ਨ ਬਹਾਦਰ ਪਾਠਕ ਗੋਲ ਦੇ ਸਾਹਮਣੇ ਤਿਆਰ ਸੀ। ਦੂਜੇ ਕੁਆਰਟਰ ’ਚ ਵੀ ਕਹਾਣੀ ਇਹੀ ਰਹੀ। ਇਸ ਵਾਰ ਵੀ ਭਾਰਤ ਦੇ ਹੱਥ ਸਫਲਤਾ ਨਾ ਲੱਗੀ। ਸੁਖਜੀਤ ਨੇ 27ਵੇਂ ਮਿੰਟ ’ਚ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ ਪਰ ਹਰਮਨਪ੍ਰੀਤ ਅਸਫ਼ਲ ਰਿਹਾ। ਦੂਜੇ ਅੱਧ ’ਚ ਚੀਨੀ ਫਾਰਵਰਡ ਲਾਈਨ ਨੇ ਲਗਾਤਾਰ ਹਮਲੇ ਕੀਤੇ ਅਤੇ 38ਵੇਂ ਮਿੰਟ ’ਚ ਪੈਨਲਟੀ ਬਣਾਇਆ ਪਰ ਭਾਰਤੀ ਡਿਫੈਂਸ ਚੌਕਸ ਸੀ। ਚੀਨ ਨੂੰ 40ਵੇਂ ਮਿੰਟ ’ਚ ਵੀ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ, ਜਿਸ ’ਤੇ ਭਾਰਤੀ ਗੋਲਕੀਪਰ ਪਾਠਕ ਨੇ ਗੋਲ ਨਹੀਂ ਹੋਣ ਦਿੱਤਾ। ਭਾਰਤ ਦੇ ਗੋਲ ਦਾ ਸੂਤਰਧਾਰ ਹਰਮਨਪ੍ਰੀਤ ਰਿਹਾ। ਉਹ ਸ਼ਾਨਦਾਰ ਖੇਡ ਦਿਖਾਉਂਦਿਆਂ ਚੀਨੀ ਸਰਕਲ ਵਿੱਚ ਦਾਖਲ ਹੋਇਆ ਅਤੇ ਗੇਂਦ ਜੁਗਰਾਜ ਨੂੰ ਸੌਂਪ ਦਿੱਤੀ, ਜਿਸ ਨੇ ਗੋਲ ਕਰਨ ਵਿੱਚ ਕੋਈ ਗਲਤੀ ਨਹੀਂ ਕੀਤੀ। ਹੂਟਰ ਵੱਜਣ ਤੋਂ ਚਾਰ ਮਿੰਟ ਪਹਿਲਾਂ ਚੀਨ ਨੇ ਆਪਣਾ ਗੋਲਕੀਪਰ ਹਟਾ ਕੇ ਵਾਧੂ ਖਿਡਾਰੀ ਮੈਦਾਨ ਵਿੱਚ ਉਤਾਰਿਆ ਪਰ ਬਰਾਬਰੀ ਦਾ ਗੋਲ ਨਾ ਕਰ ਸਕਿਆ। -ਪੀਟੀਆਈ

Advertisement

ਮੁੱਖ ਮੰਤਰੀ ਮਾਨ ਵੱਲੋਂ ਭਾਰਤੀ ਟੀਮ ਨੂੰ ਵਧਾਈ

ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਏਸ਼ਿਆਈ ਚੈਂਪੀਅਨਜ਼ ਟਰਾਫੀ ਜਿੱਤਣ ’ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਮਾਨ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਮਾਣ ਵਾਲੇ ਪਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਟੀਮ ਵਿੱਚ ਪੰਜਾਬ ਦੇ ਸੱਤ ਖਿਡਾਰੀ ਸ਼ਾਮਲ ਹਨ। ਟੂਰਨਾਮੈਂਟ ਦਾ ਸਭ ਤੋਂ ਅਹਿਮ ਖਿਡਾਰੀ ਤੇ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਵੀ ਪੰਜਾਬ ਦਾ ਨੌਜਵਾਨ ਹੈ। ਹਰਮਨਪ੍ਰੀਤ ਸਿੰਘ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਵੀ ਐਲਾਨਿਆ ਗਿਆ ਹੈ।

Advertisement
Tags :
Author Image

Advertisement