ਹਾਕੀ: ਭਾਰਤ ਨੇ ਜਰਮਨੀ ਨੂੰ 5-3 ਨਾਲ ਹਰਾਇਆ
ਨਵੀਂ ਦਿੱਲੀ, 24 ਅਕਤੂਬਰ
ਕਪਤਾਨ ਹਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਦੂਜੇ ਹਾਕੀ ਟੈਸਟ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਨੂੰ 5-3 ਨਾਲ ਹਰਾਇਆ ਪਰ ਦੋ ਮੈਚਾਂ ਦੀ ਲੜੀ ਸ਼ੂਟਆਊਟ ਵਿੱਚ 1-3 ਨਾਲ ਗੁਆ ਦਿੱਤੀ। ਮੇਜਰ ਧਿਆਨਚੰਦ ਸਟੇਡੀਅਮ ’ਤੇ 11 ਸਾਲ ਮਗਰੋਂ ਕੌਮਾਂਤਰੀ ਹਾਕੀ ਦੀ ਵਾਪਸੀ ਨਾਲ ਭਾਰਤ ਨੂੰ ਬੁੱਧਵਾਰ ਨੂੰ ਪਹਿਲੇ ਟੈਸਟ ਵਿੱਚ 0-2 ਨਾਲ ਹਾਰ ਝੱਲਣੀ ਪਈ ਸੀ। ਦੂਜੇ ਟੈਸਟ ਵਿੱਚ ਜਰਮਨੀ ਲਈ ਏਲਿਆਨ ਮਾਜ਼ਕੂਰ ਨੇ ਸੱਤਵੇਂ ਅਤੇ 57ਵੇਂ ਮਿੰਟ ਵਿੱਚ ਦੋ ਗੋਲ ਕੀਤੇ, ਜਦਕਿ ਹੈਨਰਿਕ ਮਰਟਜੈਂਸ ਨੇ 60ਵੇਂ ਮਿੰਟ ਵਿੱਚ ਇੱਕ ਗੋਲ ਕੀਤਾ। ਭਾਰਤ ਨੇ ਦੂਜੇ ਹਾਫ ਵਿੱਚ ਸੁਖਜੀਤ ਸਿੰਘ ਦੇ 34ਵੇਂ ਤੇ 48ਵੇਂ ਮਿੰਟ, ਕਪਤਾਨ ਹਰਮਨਪ੍ਰੀਤ ਸਿੰਘ ਦੇ 42ਵੇਂ ਤੇ 43ਵੇਂ ਅਤੇ ਅਭਿਸ਼ੇਕ ਦੇ 45ਵੇਂ ਮਿੰਟ ਵਿੱਚ ਕੀਤੇ ਗੋਲਾਂ ਦੇ ਸਿਰ ’ਤੇ ਜਿੱਤ ਦਰਜ ਕੀਤੀ। ਸ਼ੂਟਆਊਟ ਵਿੱਚ ਭਾਰਤ ਨੂੰ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੂਟਆਊਟ ਵਿੱਚ ਹਰਮਨਪ੍ਰੀਤ, ਅਭਿਸ਼ੇਕ, ਮੁਹੰਮਦ ਰਾਹੀਲ ਦੇ ਨਿਸ਼ਾਨੇ ਖੁੰਝ ਗਏ, ਜਦਕਿ ਭਾਰਤੀ ਟੀਮ ਵਿੱਚ ਸ਼ੁਰੂਆਤ ਕਰਨ ਵਾਲੇ ਆਦਿੱਤਿਆ ਅਰਜੁਨ ਲਾਲਗੇ ਨੇ ਗੋਲ ਕੀਤਾ। ਭਾਰਤ ਦੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੇ ਦੋ ਗੋਲ ਬਚਾਏ ਪਰ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ। ਦੋਵੇਂ ਟੀਮਾਂ ਦੇ ਇੱਕ-ਇੱਕ ਮੈਚ ਜਿੱਤਣ ਕਾਰਨ ਲੜੀ ਦਾ ਫ਼ੈਸਲਾ ਸ਼ੂਟਆਊਟ ਰਾਹੀਂ ਕੀਤਾ ਗਿਆ। -ਪੀਟੀਆਈ