ਹਾਕੀ: ਹਰਮਨਪ੍ਰੀਤ ਸਿੰਘ ਸਾਲ ਦੇ ਸਰਵੋਤਮ ਖਿਡਾਰੀ ਦੀ ਦੌੜ ’ਚ
ਨਵੀਂ ਦਿੱਲੀ, 21 ਸਤੰਬਰ
ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਅੱਜ ਐੱਫਆਈਐੱਚ ਸਾਲ ਦੇ ਸਰਵੋਤਮ ਖਿਡਾਰੀ ਦੇ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਡਰੈਗ ਫਲਿੱਕਰ ਹਰਮਨਪ੍ਰੀਤ (28) ਨੇ ਪੈਰਿਸ ਓਲੰਪਿਕ ਵਿੱਚ ਅੱਠ ਮੈਚਾਂ ’ਚ ਦਸ ਗੋਲ ਕੀਤੇ ਸੀ। ਉਹ 2020 ਅਤੇ 2022 ਵਿੱਚ ਲਗਾਤਾਰ ਦੋ ਵਾਰ ਐਵਾਰਡ ਜਿੱਤ ਚੁੱਕਿਆ ਹੈ। ਹਾਕੀ ਇੰਡੀਆ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਹਰਮਨਪ੍ਰੀਤ ਨੇ ਕਿਹਾ, ‘ਐੱਫਆਈਐੱਚ ਸਾਲ ਦੇ ਸਰਵੋਤਮ ਖਿਡਾਰੀ ਦੇ ਪੁਰਸਕਾਰ ਦੀ ਦੌੜ ਵਿੱਚ ਇੱਕ ਵਾਰ ਫਿਰ ਸ਼ਾਮਲ ਹੋਣਾ ਮਾਣ ਦੀ ਗੱਲ ਹੈ। ਮੈਨੂੰ ਖੁਸ਼ੀ ਹੈ ਕਿ ਦੁਨੀਆ ਦੇ ਸਰਵੋਤਮ ਖਿਡਾਰੀਆਂ ਨਾਲ ਮੈਨੂੰ ਨਾਮਜ਼ਦ ਕੀਤਾ ਗਿਆ ਹੈ ਪਰ ਇਹ ਮੇਰੀ ਟੀਮ ਦੇ ਸਹਿਯੋਗ ਬਿਨਾਂ ਸੰਭਵ ਨਹੀਂ ਸੀ। ਮੈਂ ਐੱਫਆਈਐੱਚ ਪ੍ਰੋ ਲੀਗ ਅਤੇ ਪੈਰਿਸ ਓਲੰਪਿਕ ਵਿੱਚ ਵੀ ਇੰਨੇ ਗੋਲ ਇਸ ਲਈ ਕਰ ਸਕਿਆ ਕਿਉਂਕਿ ਟੀਮ ਨੇ ਗੋਲ ਕਰਨ ਦੇ ਮੌਕੇ ਬਣਾਏ।’ ਹਰਮਨਪ੍ਰੀਤ ਤੋਂ ਇਲਾਵਾ ਨੀਦਰਲੈਂਡਜ਼ ਦੇ ਥਿਅਰੀ ਬ੍ਰਿੰਕਮੈਨ ਅਤੇ ਯੋਏਪ ਡੀ ਮੋਲ, ਜਰਮਨੀ ਦਾ ਹਾਂਨੇਸ ਮਿਊਲੇਰ ਅਤੇ ਇੰਗਲੈਂਡ ਦਾ ਜ਼ਾਂਕ ਵਾਲਾਸ ਵੀ ਦੌੜ ਵਿੱਚ ਸ਼ਾਮਲ ਹੈ। ਇਸ ਐਵਾਰਡ ਲਈ 2024 ਵਿੱਚ ਹੋਏ ਸਾਰੇ ਮੈਚਾਂ ਨੂੰ ਗਿਣਿਆ ਜਾਵੇਗਾ, ਜਿਸ ਵਿੱਚ ਟੈਸਟ ਮੈਚ, ਐੱਫਆਈਐੱਚ ਹਾਕੀ ਪ੍ਰੋ ਲੀਗ, ਐੱਫਆਈਐੱਚ ਹਾਕੀ ਨੇਸ਼ਾਂਸ ਕੱਪ, ਓਲੰਪਿਕ ਕੁਆਲੀਫਾਇਰ ਅਤੇ ਓਲੰਪਿਕ ਸ਼ਾਮਲ ਹੈ। -ਪੀਟੀਆਈ