ਹਾਕੀ: ਹਰਮਨਪ੍ਰੀਤ ਦੇ ਦੋ ਗੋਲਾਂ ਸਦਕਾ ਪੰਜਾਬ ਫਾਈਨਲ ’ਚ
ਚੇਨੱਈ, 27 ਨਵੰਬਰ
ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਸਦਕਾ ਪੰਜਾਬ ਨੇ ਕਰਨਾਟਕ ਨੂੰ 5-1 ਨਾਲ ਹਰਾ ਕੇ ਅੱਜ ਇੱਥੇ 13ਵੇਂ ਸੀਨੀਅਰ ਪੁਰਸ਼ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਹਰਮਨਪ੍ਰੀਤ ਨੇ 39ਵੇਂ ਅਤੇ 44ਵੇਂ ਮਿੰਟ ਵਿੱਚ ਗੋਲ ਦਾਗੇ। ਮਿੱਡਫੀਲਡਰ ਸ਼ਮਸ਼ੇਰ ਸਿੰਘ ਨੇ ਚੌਥੇ ਮਿੰਟ ਵਿੱਚ ਪੰਜਾਬ ਲਈ ਪਹਿਲਾ ਗੋਲ ਕੀਤਾ। ਸੁਖਜੀਤ ਸਿੰਘ ਨੇ 13ਵੇਂ ਅਤੇ ਆਕਾਸ਼ਦੀਪ ਸਿੰਘ ਨੇ 45ਵੇਂ ਮਿੰਟ ਵਿੱਚ ਗੋਲ ਕੀਤੇ।
ਕਰਨਾਟਕ ਲਈ ਇਕਲੌਤਾ ਗੋਲ ਬੀ. ਆਭਾਰਨ ਸੁਦੇਵ ਨੇ 18ਵੇਂ ਮਿੰਟ ਵਿੱਚ ਕੀਤਾ। ਪੰਜਾਬ ਦਾ ਫਾਈਨਲ ਵਿੱਚ ਸਾਹਮਣਾ ਗੁਆਂਢੀ ਸੂਬੇ ਹਰਿਆਣਾ ਨਾਲ ਹੋਵੇਗਾ, ਜਿਸ ਨੇ ਸ਼ੂਟਆਊਟ ਵਿੱਚ ਮੇਜ਼ਬਾਨ ਤਾਮਿਲਨਾਡੂ ਨੂੰ 4-2 ਨਾਲ ਹਰਾਇਆ। ਨਿਰਧਾਰਿਤ 60 ਮਿੰਟਾਂ ਮਗਰੋਂ ਸਕੋਰ 1-1 ਨਾਲ ਬਰਾਬਰ ਸੀ। ਭਾਰਤੀ ਫਾਰਵਰਡ ਅਭਿਸ਼ੇਕ ਨੇ 41ਵੇਂ ਮਿੰਟ ਦੌਰਾਨ ਗੋਲ ਕੀਤਾ, ਜਦਕਿ ਬੀ.ਪੀ. ਸੋਮੰਨਾ ਨੇ ਬਰਾਬਰੀ ਦਾ ਗੋਲ ਦਾਗਿਆ। ਸ਼ੂਟਆਊਟ ਵਿੱਚ ਸੰਜੈ, ਰਜਤ, ਅਭਿਸ਼ੇਕ ਅਤੇ ਜੋਗਿੰਦਰ ਸਿੰਘ ਨੇ ਹਰਿਆਣਾ ਲਈ ਗੋਲ ਕੀਤੇ, ਜਦਕਿ ਗੋਲਕੀਪਰ ਪਵਨ ਨੇ ਅਹਿਮ ਗੋਲ ਬਚਾਏ। -ਪੀਟੀਆਈ