ਹਾਕੀ: ਆਮਿਰ ਅਲੀ ਕਰੇਗਾ ਸੁਲਤਾਨ ਜੋਹੋਰ ਕੱਪ ਦੀ ਅਗਵਾਈ
ਬੰਗਲੂਰੂ, 6 ਅਕਤੂਬਰ
ਆਮਿਰ ਅਲੀ ਨੂੰ 19 ਅਕਤੂਬਰ ਤੋਂ ਮਲੇਸ਼ੀਆ ’ਚ ਸ਼ੁਰੂ ਹੋਣ ਵਾਲੇ ਸੁਲਤਾਨ ਜੋਹੋਰ ਕੱਪ ਲਈ 18 ਮੈਂਬਰੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਰੋਹਿਤ ਟੀਮ ਦਾ ਉਪ ਕਪਤਾਨ ਹੋਵੇਗਾ। ਇਸੇ ਤਰ੍ਹਾਂ ਹਾਲ ਹੀ ਵਿੱਚ ਸੰਨਿਆਸ ਲੈ ਚੁੱਕੇ ਭਾਰਤੀ ਗੋਲਕੀਪਰ ਪੀਆਰ ਸ੍ਰੀਜੇਸ਼ ਦਾ ਮੁੱਖ ਕੋਚ ਵਜੋਂ ਇਹ ਪਹਿਲਾ ਦੌਰਾ ਹੋਵੇਗਾ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 19 ਅਕਤੂਬਰ ਤੋਂ ਜਪਾਨ ਖ਼ਿਲਾਫ਼ ਕਰੇਗਾ। ਇਸ ਤੋਂ ਬਾਅਦ ਟੀਮ ਦਾ ਸਾਹਮਣਾ ਗ੍ਰੇਟ ਬ੍ਰਿਟੇਨ (20 ਅਕਤੂਬਰ), ਮੇਜ਼ਬਾਨ ਮਲੇਸ਼ੀਆ (22 ਅਕਤੂਬਰ), ਆਸਟਰੇਲੀਆ (23 ਅਕਤੂਬਰ) ਅਤੇ ਨਿਊਜ਼ੀਲੈਂਡ (25 ਅਕਤੂਬਰ) ਨਾਲ ਹੋਵੇਗਾ। ਸਿਖਰਲੀਆਂ ਦੋ ਟੀਮਾਂ 26 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਵਿੱਚ ਪਹੁੰਚਣਗੀਆਂ। ਡਿਫੈਂਡਰ ਆਮਿਰ ਅਲੀ ਅਤੇ ਫਾਰਵਰਡ ਗੁਰਜੋਤ ਸਿੰਘ ਉਸ ਸੀਨੀਅਰ ਟੀਮ ਦਾ ਹਿੱਸਾ ਸਨ, ਜਿਸ ਨੇ ਚੀਨ ਵਿੱਚ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਆਪਣਾ ਖਿਤਾਬ ਬਰਕਰਾਰ ਰੱਖਿਆ ਸੀ। ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕਪਤਾਨ ਅਲੀ ਨੇ ਕਿਹਾ, ‘ਹਮੇਸ਼ਾ ਦੀ ਤਰ੍ਹਾਂ ਜੋਹੋਰ ਕੱਪ ਸਾਡੇ ਲਈ ਅਹਿਮ ਟੂਰਨਾਮੈਂਟ ਹੈ। ਇਹ ਟੂਰਨਾਮੈਂਟ ਇਸ ਸਾਲ ਨਵੰਬਰ ’ਚ ਹੋਣ ਵਾਲੇ ਪੁਰਸ਼ ਜੂਨੀਅਰ ਏਸ਼ੀਆ ਕੱਪ ਮਸਕਟ 2024 ਤੋਂ ਪਹਿਲਾਂ ਟੀਮ ਲਈ ਤਿਆਰੀ ਵਜੋਂ ਅਹਿਮ ਰਹੇਗਾ। -ਪੀਟੀਆਈ