ਹਾਕੀ: ਪੰਜਾਬ ਨੂੰ ਹਰਾ ਕੇ ਮਿਜ਼ੋਰਮ ਮਹਿਲਾ ਕੌਮੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ
ਪੁਣੇ: ਹਾਕੀ ਮਿਜ਼ੋਰਮ ਨੇ ਅੱਜ ਇੱਥੇ ਹਾਕੀ ਪੰਜਾਬ ਨੂੰ 4-2 ਨਾਲ ਹਰਾ ਕੇ 14ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ 2024 ਦੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਇਸ ਜਿੱਤ ਨਾਲ ਮਿਜ਼ੋਰਮ ਦੀ ਟੀਮ ਪੰਜਾਬ, ਹਿਮਾਚਲ ਅਤੇ ਰਾਜਸਥਾਨ ਤੋਂ ਉੱਪਰ ਪੂਲ ਐੱਫ ਵਿੱਚ ਤਿੰਨੇ ਮੈਚ ਜਿੱਤ ਕੇ ਸਿਖਰ ’ਤੇ ਰਹੀ। ਮਿਜ਼ੋਰਮ ਲਈ ਲਾਲਰਿਨਪੁਈ ਨੇ ਛੇਵੇਂ ਅਤੇ ਨੌਵੇਂ ਮਿੰਟ ਵਿੱਚ ਦੋ ਗੋਲ ਦਾਗੇ ਜਦਕਿ ਕਪਤਾਨ ਐੱਚ ਲਾਲਰੂਆਟਫੇਲੀ ਨੇ 26ਵੇਂ ਤੇ ਮਾਰਿਨਾ ਲਾਲਰਾਮਧਾਕੀ ਨੇ 54ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਹਾਕੀ ਪੰਜਾਬ ਲਈ ਤਰਨਪ੍ਰੀਤ ਕੌਰ ਨੇ 35ਵੇਂ ਅਤੇ ਰਾਜਵਿੰਦਰ ਕੌਰ ਨੇ 51ਵੇਂ ਮਿੰਟ ਵਿੱਚ ਗੋਲ ਕੀਤਾ। ਮਿਜ਼ੋਰਮ ਦੀ ਟੀਮ ਨਾਕਆਊਟ ਰਾਊੁਂਡ ’ਚ ਮੱਧ ਪ੍ਰਦੇਸ਼, ਹਾਕੀ ਮਹਾਰਾਸ਼ਟਰ, ਝਾਰਖੰਡ, ਹਰਿਆਣਾ, ਉੜੀਸਾ ਤੇ ਬੰਗਾਲ ਨਾਲ ਸ਼ਾਮਲ ਹੋ ਗਈ ਹੈ ਜਦਕਿ ਪੂਲ ਜੀ ਤੋਂ ਇੱਕ ਹੋਰ ਟੀਮ ਕੁਆਰਟਰ ਫਾਈਨਲ ’ਚ ਪੁੱਜੇਗੀ। ਕੁਆਰਟਰ ਫਾਈਨਲ ਵਿੱਚ ਮੱਧ ਪ੍ਰਦੇਸ਼ ਦਾ ਸਾਹਮਣਾ ਬੰਗਾਲ, ਝਾਰਖੰਡ ਦਾ ਸਾਹਮਣਾ ਮਿਜ਼ੋਰਮ ਤੇ ਹਰਿਆਣਾ ਦਾ ਸਾਹਮਣਾ ਉੜੀਸਾ ਨਾਲ ਹੋਵੇਗਾ। ਅੱਜ ਦੇ ਹੋਰ ਮੈਚਾਂ ’ਚ ਆਸਾਮ ਨੇ ਪੁੱਡੂਚੇਰੀ ਨੂੰ 2-1 ਨਾਲ ਹਰਾਇਆ, ਜਦਕਿ ਗੋਆ ਨੇ ਚੰਡੀਗੜ੍ਹ ਨਾਲ 2-2 ਨਾਲ ਡਰਾਅ ਖੇਡਿਆ। ਐਤਵਾਰ ਰਾਤ ਨੂੰ ਪੰਜਾਬ ਨੇ ਹਿਮਚਾਲ ਪ੍ਰਦੇਸ਼ ਨੂੰ 8-0 ਨਾਲ, ਜਦਕਿ ਮਨੀਪੁਰ ਨੇ ਕਰਨਾਟਕ ਨੂੰ 3-0 ਨਾਲ ਹਰਾਇਆ ਸੀ। -ਪੀਟੀਆਈ