ਹਿੱਟ ਐਂਡ ਰਨ: ਦਿੱਲੀ ਟਰੈਫਿਕ ਪੁਲੀਸ ਦੇ ਦੋ ਕਰਮਚਾਰੀ ਜ਼ਖ਼ਮੀ
ਨਵੀਂ ਦਿੱਲੀ, 3 ਨਵੰਬਰ
ਹਿੱਟ ਐਂਡ ਰਨ ਮਾਮਲੇ ਵਿੱਚ ਦਿੱਲੀ ਟਰੈਫਿਕ ਪੁਲੀਸ ਦੇ ਦੋ ਕਰਮਚਾਰੀਆਂ ਨੂੰ ਕਥਿਤ ਤੌਰ ’ਤੇ 20 ਮੀਟਰ ਤੱਕ ਘਸੀਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੱਖਣ-ਪੱਛਮੀ ਦਿੱਲੀ ਵਿੱਚ ਡਿਊਟੀ ਦੌਰਾਨ ਇੱਕ ਕਾਰ ਵੱਲੋਂ ਦੋ ਪੁਲੀਸ ਮੁਲਾਜ਼ਮਾਂ ਨੂੰ 20 ਮੀਟਰ ਤੱਕ ਘੜੀਸਿਆ ਗਿਆ। ਪੁਲੀਸ ਮੁਤਾਬਕ ਇਹ ਘਟਨਾ ਸ਼ਨਿਚਰਵਾਰ ਸ਼ਾਮ ਕਰੀਬ 7.45 ਵਜੇ ਵੇਦਾਂਤ ਦੇਸ਼ਿਕਾ ਮਾਰਗ ਨੇੜੇ ਬੇਰ ਸਰਾਏ ਟਰੈਫਿਕ ਲਾਈਟ ’ਤੇ ਵਾਪਰੀ। ਅਧਿਕਾਰੀ ਨੇ ਕਿਹਾ ਕਿ ਕਿਸ਼ਨਗੜ੍ਹ ਪੁਲੀਸ ਸਟੇਸ਼ਨ ’ਤੇ ਪੀਸੀਆਰ ਕਾਲ ਆਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਅਣਪਛਾਤੇ ਵਾਹਨ ਨੇ ਡਿਊਟੀ ’ਤੇ ਮੌਜੂਦ ਟਰੈਫਿਕ ਅਧਿਕਾਰੀਆਂ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਮੌਕੇ ਤੋਂ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਟੀਮ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ ਅਤੇ ਪਤਾ ਲੱਗਿਆ ਕਿ ਜ਼ਖਮੀ ਕਰਮਚਾਰੀਆਂ ਨੂੰ ਪੀਸੀਆਰ ਵੈਨ ਰਾਹੀਂ ਸਫਦਰਜੰਗ ਹਸਪਤਾਲ ਪਹੁੰਚਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਟੀਮ ਹਸਪਤਾਲ ਪਹੁੰਚੀ। ਇਸ ਦੌਰਾਨ ਜ਼ਖ਼ਮੀ ਏਐੱਸਆਈ ਪ੍ਰਮੋਦ ਅਤੇ ਹੈੱਡ ਕਾਂਸਟੇਬਲ ਸੈਲੇਸ਼ ਚੌਹਾਨ ਨੇ ਦੱਸਿਆ ਕਿ ਸ਼ਾਮ 7.45 ਵਜੇ ਦੇ ਕਰੀਬ, ਇੱਕ ਕਾਰ ਡਰਾਈਵਰ ਨੇ ਲਾਲ ਬੱਤੀ ਦੀ ਉਲੰਘਣਾ ਕੀਤੀ ਅਤੇ ਜਦੋਂ ਸੈਲੇਸ਼ ਨੇ ਰੁਕਣ ਦਾ ਇਸ਼ਾਰਾ ਕੀਤਾ, ਤਾਂ ਡਰਾਈਵਰ ਨੇ ਪਹਿਲਾਂ ਤਾਂ ਪਾਲਣਾ ਕੀਤੀ ਪਰ ਅਚਾਨਕ ਕਾਰ ਭਜਾ ਲਈ। ਇਸ ਦੌਰਾਨ ਦੋਵਾਂ ਕਰਮਚਾਰੀਆਂ ਨੂੰ ਕਾਰ ਨਾਲ ਲਗਪਗ 20 ਮੀਟਰ ਤੱਕ ਘਸੀਟਿਆ ਗਿਆ। ਇਸ ਦੌਰਾਨ ਇਰਾਦਾ ਕਤਲ ਦੀ ਕੋਸ਼ਿਸ਼, ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਅਤੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ਾਂ ਤਹਿਤਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਵਾਹਨ ਮਾਲਕ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -ਪੀਟੀਆਈ