For the best experience, open
https://m.punjabitribuneonline.com
on your mobile browser.
Advertisement

ਕਿਸਾਨੀ ਸੰਘਰਸ਼ਾਂ ਦਾ ਇਤਿਹਾਸ

10:40 AM Dec 24, 2023 IST
ਕਿਸਾਨੀ ਸੰਘਰਸ਼ਾਂ ਦਾ ਇਤਿਹਾਸ
Advertisement

ਸੁਭਾਸ਼ ਪਰਿਹਾਰ

ਹੋਰ ਸਾਰੇ ਵਰਤਾਰਿਆਂ ਵਾਂਗੂੰ ਇਤਿਹਾਸ ਪ੍ਰਤੀ ਦ੍ਰਿਸ਼ਟੀਕੋਣ ਵਿੱਚ ਵੀ ਸਮੇਂ ਸਮੇਂ ’ਤੇ ਬਦਲਾਅ ਆਉਂਦਾ ਰਿਹਾ ਹੈ। ਕਿਸੇ ਸਮੇਂ ਇਤਿਹਾਸ ਸਿਰਫ਼ ਹਾਕਮ ਜਮਾਤ ਦੀ ਤਰਜ਼ਮਾਨੀ ਕਰਦਾ ਸੀ। ਜੇਮਜ਼ ਮਿਲ (1817), ਐੱਚ ਬੀਵਰਿਜ (1862) ਅਤੇ ਵਿੰਸੈਂਟ ਸਮਿਥ (1904) ਵਰਗੇ ਬ੍ਰਿਟਿਸ਼ ਇਤਿਹਾਸਕਾਰਾਂ ਨੇ ਭਾਰਤ ਦੇ ਸਭ ਤੋਂ ਪਹਿਲੇ ਤੱਥ-ਆਧਾਰਿਤ ਯੋਜਨਾਬੱਧ ਇਤਿਹਾਸ ਲਿਖੇ। ਇਨ੍ਹਾਂ ਦਾ ਨਜ਼ਰੀਆ ਬਸਤੀਵਾਦੀ ਹੋਣਾ ਕੁਦਰਤੀ ਸੀ ਕਿਉਂਕਿ ਇਹ ਬ੍ਰਿਟਿਸ਼ ਹਕੂਮਤ ਦੇ ਮੁਲਾਜ਼ਮ ਵੀ ਸਨ। ਇਸ ਤੋਂ ਬਾਅਦ ਆਏ ਰਾਸ਼ਟਰਵਾਦੀ ਇਤਿਹਾਸਕਾਰ, ਮਾਰਕਸਵਾਦੀ ਇਤਿਹਾਸਕਾਰ ਅਤੇ ਸਭ ਤੋਂ ਬਾਅਦ ਸਬਾਲਟਰਨ (subaltern) ਇਤਿਹਾਸਕਾਰ। ਸਬਾਲਟਰਨ ਦਾ ਅਰਥ ਹੈ ਸਭ ਤੋਂ ਹੇਠਲਾ ਦਰਜਾ। ਇਸ ਵਿਚਾਰਧਾਰਾ ਦੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਤਿਹਾਸ ਦੇ ਕੇਂਦਰੀ ਪਾਤਰ ਸਮਾਜ ਦੇ ਹੇਠਲੇ ਗ਼ਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਬਣਾਇਆ ਜਾਣਾ ਚਾਹੀਦਾ ਹੈ। ਇਸ ਵਿਚਾਰ ਦਾ ਜਨਮਦਾਤਾ ਸੀ ਇਤਾਲਵੀ ਇਤਿਹਾਸਕਾਰ ਅੰਤੋਨੀਓ ਗ੍ਰਾਮਸੀ (1891-1937)। ਉਂਜ ਸਬਾਲਟਰਨ ਇਤਿਹਾਸ ਦੇ ਬੀਜ ਮਾਰਕਸਵਾਦੀ ਇਤਿਹਾਸ-ਸੋਝੀ ਵਿੱਚ ਮੌਜੂਦ ਹਨ। ਭਾਰਤ ਵਿੱਚ ਸਬਾਲਟਰਨ ਇਤਿਹਾਸ ਲੇਖਨ ਦੇ ਝੰਡਾਬਰਦਾਰ ਸਨ ਪ੍ਰੋਫੈਸਰ ਰਣਜੀਤ ਗੁਹਾ (1923-2013)। ਸੁਭਾਸ਼ ਚੰਦਰ ਕੁਸ਼ਵਾਹਾ ਦੀ ਕਿਤਾਬ ‘ਅਵਧ ਦਾ ਕਿਸਾਨ ਵਿਦਰੋਹ (1920 ਤੋਂ 1922 ਈ.)’ ਨੂੰ ਸਬਾਲਟਰਨ ਨਜ਼ਰੀਏ ਤੋਂ ਲਿਖਿਆ ਇਤਿਹਾਸ ਮੰਨਿਆ ਜਾ ਸਕਦਾ ਹੈ।
ਕਿਤਾਬ ਦੇ ਟਾਈਟਲ ਵਿੱਚ ਸ਼ਾਮਿਲ ‘ਅਵਧ’ ਦਾ ਇਲਾਕਾ ਬਨਾਰਸ ਦੇ ਪੱਛਮ ਅਤੇ ਹਿਮਾਲਿਆ ਦੇ ਦੱਖਣ ਵੱਲ ਮੱਧ ਗੰਗਾ ਘਾਟੀ ਵਿੱਚ ਅਯੁੱਧਿਆ ਦੇ ਆਲ਼ੇ-ਦੁਆਲ਼ੇ ਦਾ ਉਪਜਾਊ ਖੇਤਰ ਹੈ। ਪੁਰਾਤਨ ਸਮਿਆਂ ਵਿੱਚ ਇਹ ਇਲਾਕਾ ਕੌਸ਼ਲ ਪ੍ਰਦੇਸ਼ ਨਾਂ ਨਾਲ ਜਾਣਿਆ ਜਾਂਦਾ ਸੀ। ਮੁਗ਼ਲ ਰਾਜ ਦੌਰਾਨ ਅਵਧ ਨੂੰ ਸੂਬੇ ਦਾ ਦਰਜਾ ਮਿਲ ਗਿਆ ਜੋ ਸਾਮਰਾਜ ਦੇ ਅੱਠ ਸੂਬਿਆਂ ਵਿੱਚੋਂ ਇੱਕ ਸੀ। ਅਠਾਰ੍ਹਵੀਂ ਸਦੀ ਵਿੱਚ ਮੁਗ਼ਲ ਰਾਜ ਦੇ ਪਤਨ ਮਗਰੋਂ ਇਸ ਖਿੱਤੇ ਦੇ ਨਵਾਬਾਂ ਨੇ ਖੁਦਮੁਖ਼ਤਾਰੀ ਦਾ ਐਲਾਨ ਕਰ ਦਿੱਤਾ। ਇਸੇ ਸਮੇਂ ਵਿਸਤਾਰਵਾਦੀ ਈਸਟ ਇੰਡੀਆ ਕੰਪਨੀ 1757 ਵਿੱਚ ਪਲਾਸੀ ਦੀ ਲੜਾਈ ਜਿੱਤਣ ਮਗਰੋਂ ਪੱਛਮ ਵੱਲ ਨੂੰ ਅੱਗੇ ਵਧਣ ਲੱਗੀ। 1764 ਵਿੱਚ ਬਕਸਰ ਦੀ ਲੜਾਈ ਵਿੱਚ ਕੰਪਨੀ ਤੋਂ ਹਾਰਨ ਵਾਲਿਆਂ ਵਿੱਚ ਅਵਧ ਦਾ ਨਵਾਬ ਸ਼ੁਜ਼ਾ-ਉਦ-ਦੌਲਾ ਵੀ ਸ਼ਾਮਿਲ ਸੀ ਜੋ ਕੁਝ ਸ਼ਰਤਾਂ ਅਧੀਨ ਅਵਧ ਦੇ ਤਖ਼ਤ ’ਤੇ ਬਿਰਾਜਮਾਨ ਰਿਹਾ। ਲਗਭਗ ਇੱਕ ਸਦੀ ਤੀਕ ਇੰਜ ਹੀ ਚਲਦਾ ਰਿਹਾ ਪਰ ਆਖਰ 1856 ਵਿੱਚ ਕੰਪਨੀ ਨੇ ਸਮੇਂ ਦੇ ਹਾਕਮ ਵਾਜ਼ਿਦ ਅਲੀ ਸ਼ਾਹ ਨੂੰ ਬਦਇੰਤਜ਼ਾਮੀ ਦਾ ਦੋਸ਼ ਲਾ ਕੇ ਸਿੰਘਾਸਣ ਛੱਡਣ ਲਈ ਮਜਬੂਰ ਕਰ ਦਿੱਤਾ ਅਤੇ ਇਸ ’ਤੇ ਸਿੱਧੇ ਤੌਰ ’ਤੇ ਕਬਜ਼ਾ ਕਰ ਲਿਆ। ਇਹ ਘਟਨਾ 1857 ਦੇ ਵਿਦਰੋਹ ਦਾ ਇੱਕ ਮੁੱਖ ਕਾਰਨ ਬਣੀ।
ਪਹਿਲਾਂ, ਬਸਤੀਵਾਦੀ ਹਕੂਮਤ ਦੌਰਾਨ ਕਿਸਾਨਾਂ ਦੀ ਹਾਲਤ ’ਤੇ ਨਜ਼ਰ ਮਾਰਦੇ ਹਾਂ। ਉਂਜ ਤਾਂ ਸਾਰੇ ਇਤਿਹਾਸ ਵਿੱਚ ਆਮ ਹਲ਼ਵਾਹਕਾਂ ਦੀ ਆਰਥਿਕ ਹਾਲਤ ਮਾੜੀ ਹੀ ਰਹੀ ਹੈ। ਰਾਜਾਸ਼ਾਹੀ ਦੇ ਦੋ ਹਜ਼ਾਰ ਸਾਲਾਂ ਦੌਰਾਨ ਕਿਸਾਨ ਦੀ ਵਾਧੂ ਫ਼ਸਲ ਸਟੇਟ ਕਿਸੇ ਨਾ ਕਿਸੇ ਜ਼ਰੀਏ ਹਥਿਆ ਹੀ ਲੈਂਦੀ ਸੀ। ਕਿਸਾਨ ਕੋਲ ਸਿਰਫ਼ ਅਗਲੀ ਫ਼ਸਲ ਤੀਕ ਔਖਿਆਂ-ਸੌਖਿਆਂ ਜਿਉਂਦੇ ਰਹਿਣ ਲਈ ਲੋੜੀਂਦੀ ਮਾਤਰਾ ਵਿੱਚ ਹੀ ਅੰਨ ਛੱਡਿਆ ਜਾਂਦਾ ਸੀ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ ਕਿ ਹਾਕਮ ਕਿਹੜੇ ਧਰਮ ਦਾ ਸੀ। ਰਾਜਾਸ਼ਾਹੀ ਦੀ ਬਹੁਤੀ ਆਮਦਨ ਦਾ ਜ਼ਰੀਆ ਹੀ ਮਾਲੀਆ ਸੀ। ਬਰਤਾਨਵੀਆਂ ਦੇ ਆ ਜਾਣ ’ਤੇ ਨਵੀਆਂ ਆਰਥਿਕ ਨੀਤੀਆਂ, ਭੂਮੀ-ਮਾਲੀਆ ਪ੍ਰਣਾਲੀ, ਪ੍ਰਸ਼ਾਸਕੀ ਤੇ ਨਿਆਂਇਕ ਪ੍ਰਣਾਲੀਆਂ ਅਤੇ ਦਸਤਕਾਰੀ ਦੇ ਖਾਤਮੇ ਨੇ ਜ਼ਮੀਨ ’ਤੇ ਬੋਝ ਹੋਰ ਵਧਾ ਦਿੱਤਾ ਜਿਸ ਨਾਲ ਖੇਤੀਬਾੜੀ ਦਾ ਜਿਵੇਂ-ਤਿਵੇਂ ਚੱਲਦਾ ਆ ਰਿਹਾ ਸਦੀਆਂ ਪੁਰਾਣਾ ਢਾਂਚਾ ਵੀ ਹਿੱਲ ਗਿਆ। ਵੱਡੇ ਜ਼ਿਮੀਂਦਾਰੀ ਖੇਤਰਾਂ ਵਿੱਚ ਕਿਸਾਨ ਨੂੰ ਜ਼ਿਮੀਂਦਾਰਾਂ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਗਿਆ। ਜ਼ਿਮੀਂਦਾਰ ਕਿਸਾਨ ਦੀ ਵੱਧ ਤੋਂ ਵੱਧ ਫ਼ਸਲ ’ਤੇ ਕਬਜ਼ਾ ਕਰਨ ਅਤੇ ਅਨੇਕਾਂ ਹੋਰ ਗ਼ੈਰ-ਕਾਨੂੰਨੀ ਟੈਕਸ ਉਗਰਾਹੁਣ ਤੋਂ ਇਲਾਵਾ ਉਸ ਨੂੰ ਬੇਗਾਰ ਕਰਨ ਲਈ ਵੀ ਮਜਬੂਰ ਕਰਦੇ। ਰਯੋਤਵਾੜੀ ਖੇਤਰਾਂ ਵਿੱਚ ਜਿੱਥੇ ਹਲਵਾਹਕਾਂ ਨੂੰ ਜ਼ਮੀਨ ਦਾ ਮਾਲਕ ਵੀ ਸਵੀਕਾਰ ਕਰ ਲਿਆ ਗਿਆ ਸੀ, 1820 ਵਿੱਚ ਮਦਰਾਸ ਪ੍ਰੈਜ਼ੀਡੈਂਸੀ ਦੇ ਗਵਰਨਰ ਸਰ ਟਾਮਸ ਮੁਨਰੋ (1820-27) ਨੇ ਮਾਲੀਏ ਦੀਆਂ ਨਵੀਆਂ ਉੱਚੀਆਂ ਦਰਾਂ ਲਾਗੂ ਕਰ ਦਿੱਤੀਆਂ ਜਿਸ ਕਾਰਨ ਕਿਸਾਨਾਂ ਨੂੰ ਸ਼ਾਹੂਕਾਰਾਂ ਤੋਂ ਪੈਸੇ ਉਧਾਰ ਲੈਣ ਲਈ ਮਜਬੂਰ ਹੋਣਾ ਪਿਆ। ਹੌਲੀ-ਹੌਲੀ ਇਸ ਨੇ ਅਸਲ ਕਾਸ਼ਤਕਾਰਾਂ ਨੂੰ ਬੇਜ਼ਮੀਨੇ ਮਜ਼ਦੂਰਾਂ ਦੇ ਰੁਤਬੇ ਤੱਕ ਨਿਘਾਰ ਦਿੱਤਾ। ਉਨ੍ਹਾਂ ਦੀਆਂ ਜ਼ਮੀਨਾਂ, ਫ਼ਸਲਾਂ ਅਤੇ ਪਸ਼ੂ ਜ਼ਿਮੀਂਦਾਰਾਂ, ਵਪਾਰੀਆਂ ਅਤੇ ਅਮੀਰ ਕਿਸਾਨਾਂ ਦੇ ਹੱਥਾਂ ਵਿੱਚ ਚਲੇ ਗਏ। ਜਦੋਂ ਕਿਸਾਨਾਂ ਲਈ ਇਹ ਬੋਝ ਝੱਲਣਾ ਵੱਸੋਂ ਬਾਹਰ ਹੋ ਗਿਆ ਤਾਂ ਉਨ੍ਹਾਂ ਲਈ ਇਸ ਦਾ ਵਿਰੋਧ ਕਰਨ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ। ਸ਼ੁਰੂ ਵਿੱਚ ਜਦ ਕਾਸ਼ਤਕਾਰਾਂ ਨੇ ਵੇਖਿਆ ਕਿ ਹਕੂਮਤ ਵਿਰੁੱਧ ਕੋਈ ਸਮੂਹਿਕ ਕਾਰਵਾਈ ਸੰਭਵ ਨਹੀਂ ਸੀ ਤਾਂ ਬਹੁਤ ਸਾਰੇ ਬੇਦਖ਼ਲ ਕਿਸਾਨਾਂ ਨੇ ਭੁੱਖਮਰੀ ਨਾਲੋਂ ਲੁੱਟ ਅਤੇ ਡਕੈਤੀ ਨੂੰ ਤਰਜੀਹ ਦਿੱਤੀ।
ਜੂਨ 1920 ਵਿੱਚ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਲਗਭਗ 200 ਕਿਸਾਨਾਂ ਨੇ ਕਾਰਜਸ਼ੀਲ ਰਾਜਨੀਤਿਕ ਪਾਰਟੀ ਕਾਂਗਰਸ ਦਾ ਧਿਆਨ ਆਪਣੀ ਦੁਰਦਸ਼ਾ ਵੱਲ ਕਰਨ ਲਈ ਬਾਬਾ ਰਾਮਚੰਦਰ ਦੀ ਅਗਵਾਈ ਵਿੱਚ ਅਲਾਹਾਬਾਦ ਤੱਕ 50 ਮੀਲ ਦੀ ਪੈਦਲ ਮਾਰਚ ਕੀਤੀ। ਜਨਵਰੀ 1921 ਵਿੱਚ ਅਵਧ ਇਲਾਕੇ ਦੇ ਰਾਏ ਬਰੇਲੀ ਜ਼ਿਲ੍ਹੇ ਦੇ ਫੁਰਸਤਗੰਜ ਅਤੇ ਮੁਨਸ਼ੀਗੰਜ ਦੇ ਕਿਸਾਨਾਂ ਨੇ ਬਾਜ਼ਾਰਾਂ ਵਿੱਚ ਭਾਰੀ ਪ੍ਰਦਰਸ਼ਨ ਕੀਤੇ ਜਿਨ੍ਹਾਂ ਨੂੰ ਹਕੂਮਤ ਨੇ ਪੁਲੀਸ ਜਬਰ ਰਾਹੀਂ ਦਬਾਉਣ ਦਾ ਯਤਨ ਕੀਤਾ। ਲਗਭਗ ਇਸੇ ਸਮੇਂ ਫ਼ੈਜ਼ਾਬਾਦ ਅਤੇ ਸੁਲਤਾਨਪੁਰ ਜ਼ਿਲ੍ਹਿਆਂ ਵਿੱਚ ਵੀ ਬਦਅਮਨੀ ਫੈਲ ਗਈ। ਕਿਸਾਨਾਂ ਦੀਆਂ ਕਾਰਵਾਈ ਨੂੰ ਰਾਸ਼ਟਰੀ ਪ੍ਰੈੱਸ ਵਿੱਚ ਕਾਫ਼ੀ ਪ੍ਰਚਾਰ ਮਿਲਣ ਲੱਗਾ। ਸੱਤ ਜਨਵਰੀ ਨੂੰ ਪੰਡਿਤ ਜਵਾਹਰਲਾਲ ਨਹਿਰੂ ਅਵਧ ਦੇ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਆਪ ਆਏ। ਉੱਧਰ 1917 ਵਿੱਚ ਰੂਸ ਵਿੱਚ ਬੋਲਸ਼ਵਿਕ ਇਨਕਲਾਬ ਆ ਚੁੱਕਾ ਸੀ ਜਿਸ ਨੇ ਦੁਨੀਆ ਭਰ ਦੇ ਕਾਮਿਆਂ ਨੂੰ ਹਾਕਮਾਂ ਵਿਰੁੱਧ ਵਿਦਰੋਹ ਲਈ ਪ੍ਰੇਰਿਤ ਕੀਤਾ।
ਕੁਸ਼ਵਾਹਾ ਦੀ ਕਿਤਾਬ ਅਵਧ ਦਾ ਕਿਸਾਨ ਵਿਦਰੋਹ (1920 ਤੋਂ 1922 ਈ.) ਇਸ ਸਾਰੇ ਸੰਘਰਸ਼ ਦਾ ਅਧਿਐਨ ਪੇਸ਼ ਕਰਦੀ ਹੈ। ਇਸ ਤੋਂ ਪਹਿਲਾਂ ਕੁਸ਼ਵਾਹਾ 1922 ਵਿੱਚ ਗੋਰਖਪੁਰ ਜ਼ਿਲ੍ਹੇ ਦੇ ਚੌਰੀ-ਚੌਰਾ ਵਿਦਰੋਹ ਬਾਰੇ ਵੀ ਕਿਤਾਬ ਲਿਖ ਚੁੱਕਾ ਹੈ। ਲੇਖਕ ਨੇ ਮਹਿਸੂਸ ਕੀਤਾ ਕਿ ਅਵਧ ਦੇ ਕਿਸਾਨ ਵਿਦਰੋਹ ਦਾ ਵਧੇਰੇ ਡੂੰਘਿਆਈ ਵਿੱਚ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦਾ ਬੀੜਾ ਆਪ ਹੀ ਚੁੱਕਿਆ। ਉਸ ਨੇ ਕਿਸਾਨ ਸੰਘਰਸ਼ਾਂ ਦੇ ਕੁਝ ਹੋਰ ਅਧਿਐਨਾਂ ਦਾ ਹਵਾਲਾ ਵੀ ਦਿੱਤਾ ਹੈ, ਜਿਵੇਂ ਅੰਗਰੇਜ਼ੀ ਵਿੱਚ ਡੀ.ਐੱਨ. ਧਨਗੇਰੇ, ਕਪਿਲ ਕੁਮਾਰ ਅਤੇ ਸੁਸ਼ੀਲ ਸ੍ਰੀਵਾਸਤਵ ਦੀਆਂ ਲਿਖਤਾਂ। ਪੁਸਤਕ ਵਿੱਚ ਕੁੱਲ ਨੌਂ ਅਧਿਆਏ ਹਨ ਜਿਨ੍ਹਾਂ ਵਿੱਚੋਂ ਪਹਿਲੇ ਚਾਰ ਅਧਿਆਵਾਂ ਵਿੱਚ ਬਰਤਾਨਵੀ ਕਾਲ ਦੌਰਾਨ ਭੂਮੀ-ਕਰ ਪ੍ਰਬੰਧ, ਬਾਕੀ ਮੁਲਕ ਦੇ ਕਿਸਾਨ ਅਤੇ ਮਜ਼ਦੂਰ ਵਿਦਰੋਹ, ਯੂ.ਪੀ. ਦੇ ਕਿਸਾਨ ਵਿਦਰੋਹਾਂ ਅਤੇ ਅਵਧ ਕਿਸਾਨ ਸਭਾ ਦੇ ਗਠਨ ਦੀ ਕਹਾਣੀ ਦੱਸੀ ਹੈ। ਅਗਲੇ ਪੰਜ ਅਧਿਆਵਾਂ ਵਿੱਚ ਪ੍ਰਤਾਪਗੜ੍ਹ, ਰਾਏਬਰੇਲੀ, ਫ਼ੈਜ਼ਾਬਾਦ, ਸੁਲਤਾਨਪੁਰ ਅਤੇ ਹਰਦੋਈ ਦੇ ਕਿਸਾਨ ਵਿਦਰੋਹਾਂ ਦਾ ਵੇਰਵਾ ਹੈ। ਦਸਵੇਂ ਅਧਿਆਇ ਵਿੱਚ ਇਨ੍ਹਾਂ ਵਿਦਰੋਹਾਂ ਵਿੱਚ ਮਹਾਤਮਾ ਗਾਂਧੀ ਦੀ ਭੂਮਿਕਾ ਦੀ ਅਲੋਚਨਾਤਮਕ ਪੜਚੋਲ ਹੈ। ਇਸ ਵਿੱਚ ਪੇਸ਼ ਵਿਚਾਰਾਂ ਬਾਰੇ ਦੂਜੀ ਤਰ੍ਹਾਂ ਵੀ ਸੋਚਿਆ ਜਾ ਸਕਦਾ ਹੈ। ਸੱਤਾ ਦਾ ਵਿਰੋਧ ਕਰਨ ਦਾ ਗਾਂਧੀ ਦਾ ਆਪਣਾ ਵੱਖਰਾ ਢੰਗ ਸੀ। ਵਿਦਰੋਹੀਆਂ ਦੀ ਸਿਦਕ-ਦਿਲੀ ਬਾਰੇ ਕੋਈ ਕਿੰਤੂ-ਪ੍ਰੰਤੂ ਨਹੀਂ, ਪਰ ਹਿੰਸਾਤਮਕ ਵਿਦਰੋਹਾਂ ਦੀ ਹੋਣੀ ਅਸਫ਼ਲਤਾ ਹੀ ਹੁੰਦੀ ਹੈ। ਇਸ ਦੇ ਵਿਪਰੀਤ ਗਾਂਧੀਵਾਦੀ ਫਲਸਫ਼ੇ ਦੀ ਕਾਰਗਰਤਾ ਨੂੰ ਅਸੀਂ ਕੁਝ ਸਮਾਂ ਪਹਿਲਾਂ ਹੀ ਕੇਂਦਰੀ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੀ ਸਫ਼ਲਤਾ ਵਿੱਚ ਵੇਖ ਚੁੱਕੇ ਹਾਂ। ਗਿਆਰ੍ਹਵੇਂ ਅਧਿਆਏ ਵਿੱਚ ਅਵਧ ਵਿਦਰੋਹ ਦੇ ਪ੍ਰਮੁੱਖ ਕਾਰਕੁਨ ਬਾਬਾ ਰਾਮਚੰਦਰ ਦੀ ਹੋਣੀ ਬਾਰੇ ਜਾਣ ਕੇ 2008 ਦੀ ਕਾਮਿਕਸ ਸੁਪਰਹੀਰੋ ਐਕਸ਼ਨ ਫਿਲਮ ‘ਦਿ ਡਾਰਕ ਨਾਈਟ’ ਵਿੱਚ ਮੁੱਖ ਪਾਤਰ ਹਾਰਵੇ ਡੈਂਟ ਦਾ ਕਥਨ ਚੇਤੇ ਆਉਂਦਾ ਹੈ ਜੋ ਕਹਿੰਦਾ ਹੈ: ‘ਤੁਸੀਂ ਜਾਂ ਤਾਂ ਇੱਕ ਹੀਰੋ ਮਰੋ, ਜਾਂ
ਤੁਸੀਂ ਆਪਣੇ ਆਪ ਨੂੰ ਖਲਨਾਇਕ ਬਣਦੇ ਦੇਖਣ ਲਈ ਲੰਬੇ ਸਮੇਂ ਤੱਕ ਜੀਓ।’ ਇਹੋ ਕੁਝ ਬਾਬੇ ਨਾਲ ਹੋਇਆ ਜਿਸ ’ਤੇ ਕਿਸਾਨ ਸਭਾ ਫੰਡ ਦੇ ਗਬਨ ਦੇ ਦੋਸ਼ ਲੱਗੇ। ਉਸ ਨੇ ਕਿਸਾਨ ਅੰਦੋਲਨ ਨੂੰ ਕਾਂਗਰਸ ਦੇ ਪਾਲੇ ਵਿੱਚ ਖਿੱਚ ਲਿਆ। ਦਸੰਬਰ 1972 ਵਿੱਚ ਲਿਖੀ ਆਪਣੀ ਹਿੰਦੀ ਕਵਿਤਾ ‘ਕੁਆਨੋ ਨਦੀ - ਖ਼ਤਰੇ ਕਾ ਨਿਸ਼ਾਨ’ ਜਿਸ ਵਿਚ ਕੁਆਨੋ ਨਦੀ ਜਨ-ਸਮੂਹ ਦਾ ਪ੍ਰਤੀਕ ਹੈ, ਵਿਚ ਕਵੀ ਸਰਵੇਸ਼ਵਰ ਦਿਆਲ ਸਕਸੇਨਾ ਟਿੱਪਣੀ ਕਰਦਾ ਹੈ:
ਇਸ ਨਦੀ ਮੇਂ
ਨ ਜਾਨੇ ਕਿਤਨੀ ਬਾਰ ਬਾੜ੍ਹ ਆਈ ਹੈ
ਰਗੋਂ ਮੇਂ ਖ਼ੂਨ ਖੌਲਾ ਹੈ
ਪਰ ਹਰ ਬਾਰ ਅੰਗੀਠਿਓਂ ਸੇ ਤਮਤਮਾਏ ਚਿਹਰੋਂ ਪਰ
ਰੋਟੀਆਂ ਹੀ ਸੇਂਕੀ ਗਈ ਹੈਂ
ਕਿਤਾਬ ਦੇ ਅੰਤ ਵਿੱਚ ਨੌਂ ਛੋਟੀਆਂ ਛੋਟੀਆਂ ਅੰਤਕਾਵਾਂ ਵਿੱਚ ਉਹ ਵੇਰਵੇ ਹਨ ਜੋ ਕਿਤਾਬ ਦੇ ਮੁੱਖ ਟੈਕਸਟ ਵਿੱਚ ਨਹੀਂ ਸੀ ਸਮਾਉਂਦੇ। ਇਸ ਅਧਿਐਨ ਲਈ ਵਰਤੀਆਂ ਗਈਆਂ ਕਿਤਾਬਾਂ ਅਤੇ ਦੇਸੀ-ਵਿਦੇਸ਼ੀ ਅਖ਼ਬਾਰਾਂ ਅਤੇ ਰਸਾਲਿਆਂ ਦੀ ਸੂਚੀ ਵੀ ਦਿੱਤੀ ਗਈ ਹੈ। ਕੁਸ਼ਵਾਹਾ ਦੀ ਮੂਲ ਕਿਤਾਬ ਹਿੰਦੀ ਭਾਸ਼ਾ ਵਿੱਚ ਹੈ ਜਿਸ ਦਾ ਪੰਜਾਬੀ ਪਾਠਕਾਂ ਲਈ ਅਨੁਵਾਦ ਸਿਰੜੀ ਕਾਰਕੁਨ ਬਲਬੀਰ ਲੋਂਗੋਵਾਲ ਨੇ ਕੀਤਾ ਹੈ ਜੋ ਪਹਿਲਾਂ ਵੀ ਦਰਜਨ ਦੇ ਕਰੀਬ ਕਿਤਾਬਾਂ ਪੰਜਾਬੀ ਪਾਠਕਾਂ ਨੂੰ ਦੇ ਚੁੱਕੇ ਹਨ।
ਸੰਪਰਕ: 98728-22417

Advertisement

Advertisement
Advertisement
Author Image

joginder kumar

View all posts

Advertisement