ਘੱਗਰ ਦਰਿਆ ਦਾ ਇਤਿਹਾਸ
ਸਤਲੁਜ ਨੇ ਆਪਣਾ ਰਾਹ ਬਦਲ ਲਿਆ ਤਾਂ ਘੱਗਰ ਛੋਟੀ ਮੌਸਮੀ ਨਦੀ ਬਣ ਕੇ ਰਹਿ ਗਈ ਅਤੇ ਇਸ ਦਾ ਪਾਣੀ ਰਾਜਪੁਤਾਨਾ ਮਾਰੂਥਲ ਤੀਕ ਸੀਮਿਤ ਹੋ ਗਿਆ। ਹੁਣ ਇਸ ਦੇ ਵਹਾਅ ਨੂੰ ਸਿਰਸਾ ਤੋਂ 12 ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਔਟੂ ਬੰਨ੍ਹ ਤੋਂ ਪਹਿਲਾਂ ਘੱਗਰ ਵਜੋਂ ਜਾਣਿਆ ਜਾਂਦਾ ਹੈ।
ਸੁਭਾਸ਼ ਪਰਿਹਾਰ
ਘੱਗਰ-ਹਕੜਾ ਭਾਰਤ ਵਿੱਚ ਸਿਰਫ਼ ਮੌਨਸੂਨ ਦੇ ਮੌਸਮ ਵਿੱਚ ਵਗਣ ਵਾਲੀ ਨਦੀ ਹੈ। ਬਹੁਤ ਪਹਿਲਾਂ ਇਹ ਸਤਲੁਜ ਦੀ ਸਹਾਇਕ ਨਦੀ ਹੁੰਦੀ ਸੀ। ਜਦ ਲਗਭਗ 8,000-10,000 ਸਾਲ ਪਹਿਲਾਂ ਸਤਲੁਜ ਨੇ ਆਪਣਾ ਰਾਹ ਬਦਲ ਲਿਆ ਤਾਂ ਘੱਗਰ-ਹਕੜਾ ਛੋਟੀ ਮੌਸਮੀ ਨਦੀ ਬਣ ਕੇ ਰਹਿ ਗਈ ਅਤੇ ਇਸ ਦਾ ਪਾਣੀ ਰਾਜਪੁਤਾਨਾ ਮਾਰੂਥਲ ਤੀਕ ਸੀਮਿਤ ਹੋ ਗਿਆ। ਹੁਣ ਇਸ ਦੇ ਵਹਾਅ ਨੂੰ ਸਿਰਸਾ ਤੋਂ 12 ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਔਟੂ ਬੰਨ੍ਹ ਤੋਂ ਪਹਿਲਾਂ ਘੱਗਰ ਵਜੋਂ ਜਾਣਿਆ ਜਾਂਦਾ ਹੈ ਅਤੇ ਬੰਨ੍ਹ ਦੀ ਹੇਠਾਂ ਵੱਲ ਨੂੰ ਥਾਰ ਮਾਰੂਥਲ ਵਿੱਚ ਇਸ ਦਾ ਨਾਂਅ ਹਕੜਾ ਹੋ ਜਾਂਦਾ ਹੈ। ਪੁਰਾਤਨ ਸਮਿਆਂ ਵਿੱਚ ਹਕੜਾ ਵਰਤਮਾਨ ਪਾਕਿਸਤਾਨ ਵਿਚਦੀ ਵਹਿੰਦਾ ਹੋਇਆ ਸਮੁੰਦਰ ਤੀਕ ਪੁੱਜਦਾ ਸੀ ਪਰ ਇਸ ਦਾ ਪਾਕਿਸਤਾਨੀ ਹਿੱਸਾ ਸਦੀਆਂ ਪਹਿਲਾਂ ਸੁੱਕ ਚੁੱਕਾ ਹੈ।
ਹਜ਼ਾਰਾਂ ਸਾਲ ਪਹਿਲਾਂ ਇਹ ਘੱਗਰ-ਹਕੜਾ ਰੋਪੜ (ਰੂਪਨਗਰ) ਨੇੜੇ ਸ਼ਿਵਾਲਿਕ ਪਹਾੜੀਆਂ ’ਚੋਂ ਉਗਮਦਾ ਸੀ। ਲੈਂਡਸੈਟ ਤਸਵੀਰਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਹੇਠਲੇ ਹਿਮਾਲਿਆ ਵਿੱਚ ਟੈਕਟੋਨਿਕ ਪਰਿਵਰਤਨ (tectonic changes) ਆਉਂਦੇ ਰਹੇ ਹਨ ਜਿਨ੍ਹਾਂ ਦਾ ਅਸਰ ਇਸ ਵਿੱਚੋਂ ਉਗਮਣ ਵਾਲੇ ਦਰਿਆਵਾਂ ’ਤੇ ਪੈਣਾ ਲਾਜ਼ਮੀ ਸੀ। ਇਸੇ ਕਾਰਨ ਘੱਗਰ-ਹਕੜਾ ਵਿੱਚ ਵੀ ਪਰਿਵਰਤਨ ਆਏ ਅਤੇ ਹੁਣ ਇਹ ਹਿਮਾਚਲ ਪ੍ਰਦੇਸ਼ ਦੀਆਂ ਸ਼ਿਵਾਲਿਕ ਪਹਾੜੀਆਂ ਵਿੱਚ ਡਗਸ਼ਈ ਪਿੰਡ ਵਿੱਚੋਂ ਉਤਪੰਨ ਹੁੰਦਾ ਹੈ ਅਤੇ ਪੰਜਾਬ ਤੇ ਹਰਿਆਣਾ ਵਿਚਦੀ ਰਾਜਸਥਾਨ ਚਲਿਆ ਜਾਂਦਾ ਹੈ। ਘੱਗਰ-ਹਕੜਾ ਨਦੀ ਖੇਤਰ ਦੇ ਦੋ ਹਿੱਸੇ ਹਨ: ‘ਖਾਦਿਰ’ ਅਤੇ ‘ਬਾਂਗੜ’। ਬਾਂਗੜ ਉੱਚੇ ਕਿਨਾਰੇ ਹਨ ਜਿੱਥੇ ਬਰਸਾਤ ਦੇ ਮੌਸਮ ਵਿੱਚ ਹੜ੍ਹ ਨਹੀਂ ਆਉਂਦੇ ਜਦੋਂਕਿ ਖਾਦਿਰ ਹੇਠਲੇ ਹੜ੍ਹਾਂ ਵਾਲੇ ਖੇਤਰ ਨੂੰ ਦਰਸਾਉਂਦਾ ਹੈ। ਪੰਜਾਬੀ ਵਿੱਚ ਇਨ੍ਹਾਂ ਨੂੰ ‘ਉਤਾੜ’ ਅਤੇ ‘ਹਿਠਾੜ’ ਕਿਹਾ ਜਾਂਦਾ ਹੈ।
ਘੱਗਰ-ਹਕੜਾ ਦਰਿਆ ਦੀਆਂ ਸਹਾਇਕ ਨਦੀਆਂ ਦਾ ਆਪਣਾ ਜਾਲ ਹੈ ਜਿਸ ਵਿੱਚ ਕੌਸ਼ਲਿਆ ਨਦੀ, ਮਾਰਕੰਡਾ ਨਦੀ, ਹਰਿਆਣਾ ਨਦੀ, ਸੁਰਸਤੀ ਨਦੀ, ਟਾਂਗਰੀ ਨਦੀ, ਚੌਟਾਂਗ ਨਦੀ ਅਤੇ ਸਰਹਿੰਦ ਨਦੀ ਦੇ ਵਹਿਣ ਸ਼ਾਮਿਲ ਹਨ।
ਸਿੰਧ ਦਰਿਆ ਵਾਂਗ ਘੱਗਰ-ਹਕੜਾ ਦਾ ਵੀ ਹੜੱਪਾ ਸੱਭਿਅਤਾ ਨਾਲ ਡੂੰਘਾ ਸਬੰਧ ਹੈ। ਇਸ ਨਦੀ ਦੇ ਪੁਰਾਤਨ ਵਹਿਣ ਦੇ ਇੱਕ ਹਿੱਸੇ ਦੀ ਖੋਜ ਪਹਿਲੀ ਵਾਰ 1941 ਵਿੱਚ ਹੰਗਰੀ ਵਿੱਚ ਜਨਮੇ ਬ੍ਰਿਟਿਸ਼ ਪੁਰਾਤੱਤਵੇਤਾ ਮਾਰਕ ਆੱਰਲ ਸਟੀਨ (1862-1943) ਨੇ ਕੀਤੀ ਸੀ। 1947 ਮਗਰੋਂ ਇਹ ਖੋਜ ਕਾਰਜ ਅਮਲੇਂਦੂ ਘੋਸ਼ ਅਤੇ ਰਫ਼ੀਕ ਮੁਗ਼ਲ ਵਰਗੇ ਭਾਰਤੀ ਅਤੇ ਪਾਕਿਸਤਾਨੀ ਪੁਰਾਤੱਤਵੇਤਾਵਾਂ ਨੇ ਜਾਰੀ ਰੱਖਿਆ। 1976 ਤੋਂ 1981 ਦੌਰਾਨ ਭਾਰਤੀ ਪੁਰਾਤੱਤਵ ਦੇ ਤਤਕਾਲੀ ਡਾਇਰੈਕਟਰ ਜਨਰਲ ਜਗਤਪਤੀ ਜੋਸ਼ੀ ਦੀ ਅਗਵਾਈ ਵਿੱਚ ਘੱਗਰ ਦਰਿਆ ’ਤੇ ਬਚੇ ਹੋਏ ਪੁਰਾਤੱਤਵੀ ਥੇਹਾਂ ਦਾ ਸਰਵੇਖਣ ਕਰਨ ’ਤੇ ਪਤਾ ਲੱਗਾ ਕਿ ਇਕੱਲੇ ਮਾਨਸਾ ਖੇਤਰ ਵਿੱਚ ਘੱਟੋ-ਘੱਟ 25 ਪੂਰਵ-ਹੜੱਪਾ, ਹੜੱਪਾ ਅਤੇ ਪਛੇਤਾ-ਹੜੱਪਾ ਕਾਲੀਨ ਵਸੇਬੇ ਸਨ। ਇਨ੍ਹਾਂ ਵਿੱਚੋਂ ਅੱਠ ਵਸੇਬੇ ਪੂਰਵ-ਹੜੱਪਾ ਅਤੇ ਹੜੱਪਾ ਕਾਲ ਦੇ, ਇੱਕ ਹੜੱਪਾ ਅਤੇ ਪਛੇਤਾ-ਹੜੱਪਾ ਕਾਲ ਦੇ ਸਨ। ਅੱਠ ਵਸੇਬਿਆਂ ਵਿੱਚੋਂ ਪਛੇਤਾ-ਹੜੱਪਾ ਕਾਲ ਦੇ ਸਬੂਤ ਮਿਲੇ ਹਨ। ਇਨ੍ਹਾਂ ਵਿੱਚੋਂ ਹੜੱਪਾ ਅਤੇ ਪਛੇਤਾ-ਹੜੱਪਾ ਕਾਲ ਦੀਆਂ ਬਾਰਾਂ ਬਸਤੀਆਂ ਪ੍ਰਾਚੀਨ ਸਰਹਿੰਦ ਦਰਿਆ ਦੇ ਨਾਲ ਨਾਲ ਸਥਿਤ ਹਨ। ਪਛੇਤੇ-ਹੜੱਪਾ ਕਾਲ ਦੀਆਂ ਛੇ ਬਸਤੀਆਂ ਹਨ। ਇਸ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਚਾਰ-ਪੰਜ ਹਜ਼ਾਰ ਸਾਲ ਪਹਿਲਾਂ ਸਿੰਧੂ ਘਾਟੀ ਵਾਂਗ ਘੱਗਰ-ਹਕੜਾ ਦਰਿਆ ਦਾ ਵਹਿਣ ਵੀ ਹੜੱਪਾ ਸੱਭਿਅਤਾ ਦਾ ਪ੍ਰਮੁੱਖ ਕੇਂਦਰ ਸੀ। ਪੂਰਵ-ਹੜੱਪਾ ਅਤੇ ਹੜੱਪਾ ਕਾਲ ਦੇ ਲੋਕਾਂ ਨੇ ਵਸੇਬੇ ਲਈ ਘੱਗਰ ਅਤੇ ਇਸ ਦੀਆਂ ਸਹਾਇਕ ਨਦੀਆਂ ਨੂੰ ਤਰਜੀਹ ਦਿੱਤੀ ਜਾਪਦੀ ਹੈ ਕਿਉਂਕਿ ਬਾਕੀ ਦਰਿਆਵਾਂ ਦੇ ਮੁਕਾਬਲੇ ਇਹ ਵਧੇਰੇ ਸਥਿਰ ਸਿਸਟਮ ਸੀ। ਬਾਅਦ ਵਿੱਚ ਘੱਗਰ ਅਤੇ ਇਸ ਦੀਆਂ ਸਹਾਇਕ ਨਦੀਆਂ ਅਨਿਯਮਿਤ ਹੋ ਗਈਆਂ ਅਤੇ ਅਕਸਰ ਆਪਣੇ ਰਸਤੇ ਬਦਲਣ ਲੱਗੀਆਂ। ਰਾਵੀ, ਬਿਆਸ ਅਤੇ ਸਤਲੁਜ ਦੇ ਇਲਾਕੇ ਵਿੱਚ ਹੜੱਪਾ ਕਾਲ ਦੇ ਵਸਨੀਕਾਂ ਨੇ ਕਦੇ-ਕਦਾਈਂ ਹੀ ਆਪਣੀਆਂ ਬਸਤੀਆਂ ਸਥਾਪਤ ਕੀਤੀਆਂ।
ਮਾਨਸਾ ਜ਼ਿਲ੍ਹੇ ਦੇ ਘੱਗਰ ਦੇ ਇਲਾਕਾਈ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਘੱਗਰ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਇਲਾਕੇ ਵਿੱਚ ਤਿੰਨ ਕਿਸਮ ਦੀਆਂ ਬਸਤੀਆਂ ਸਨ:
1. ਧਲੇਵਾਂ, ਗੁਰਨੇ ਕਲਾਂ, ਬਗਲਿਆਂ ਦਾ ਥੇਹ, ਲਖਮੀਰੇਵਾਲਾ ਅਤੇ ਹਸਨਪੁਰ ਵਰਗੇ ਸ਼ਹਿਰ। (ਇਨ੍ਹਾਂ ਵਿੱਚੋਂ ਸਿਰਫ਼ ਧਲੇਵਾਂ ਵਿਖੇ ਪੁਰਾਤੱਤਵੇਤਾ ਡਾ. ਮਧੂਬਾਲਾ ਦੀ ਅਗਵਾਈ ਵਿੱਚ 1999-2000 ਅਤੇ 2001-2002 ਦੌਰਾਨ ਵਿਧੀਵਤ ਖੁਦਾਈਆਂ ਕੀਤੀਆਂ ਗਈਆਂ ਹਨ ਅਤੇ ਦੋ ਜਿਲਦਾਂ ਵਿੱਚ ਇਨ੍ਹਾਂ ਦੀ ਰਿਪੋਰਟ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ ਵਰਨਾ ਦਹਾਕਿਆਂ ਪਹਿਲਾਂ ਹੋਈਆਂ ਖੁਦਾਈਆਂ ਦੀਆਂ ਰਿਪੋਰਟਾਂ ਵੀ ਹੁਣ ਤੀਕ ਅਣਛਪੀਆਂ ਪਈਆਂ ਹਨ।)
2. ਕਰਮਪੁਰਾ, ਡੱਲੇਵਾਲਾ-I, ਸਾਹਨੇਵਾਲੀ, ਹੀਰ ਕੇ, ਡੱਲੇਵਾਲਾ-II ਅਤੇ ਬਰ੍ਹੇ-II ਵਰਗੀਆਂ ਦੂਜੀ ਸ਼੍ਰੇਣੀ ਦੀਆਂ ਬਸਤੀਆਂ। (ਜਿਨ੍ਹਾਂ ਥਾਵਾਂ ’ਤੇ ਇੱਕ ਨਾਲੋਂ ਵੱਧ ਥੇਹ ਹਨ ਉਨ੍ਹਾਂ ਨੂੰ ਪਹਿਲੇ (I), ਦੂਜੇ (II) ਗਿਣਤੀ ਚਿੰਨ੍ਹਾਂ ਨਾਲ ਦਰਸਾਇਆ ਗਿਆ ਹੈ।) ਧਿਆਨ ਦੇਣ ਯੋਗ ਹੈ ਕਿ ਇਹ ਵਸੋਂ ਵਾਲੇ ਸਥਾਨ ਦਰਿਆ ਦੇ ਪੂਰਬੀ ਪਾਸੇ ਸਥਿਤ ਸਨ।
3. ਅਲੀਕੇ, ਦਾਨੇਵਾਲਾ-I, ਦਾਨੇਵਾਲਾ-II, ਛੋਟੀ ਮਾਨਸਾ, ਲਾਲਿਆਂਵਾਲੀ, ਲਾਲੂਵਾਲਾ, ਭੀਖੀ, ਗੁਰਨੇ ਕਲਾਂ-II, ਲੇਹੀਆਂਵਾਲਾ ਅਤੇ ਨਾਈਵਾਲਾ-I-V, ਚੌਦਾਂ ਪਿੰਡਾਂ ਦੀ ਲੜੀ ਜੋ ਸਾਰੇ ਨਦੀ ਦੇ ਪੱਛਮੀ ਪਾਸੇ ਸਥਿਤ ਹਨ, ਜਿੱਥੇ ਹੜ੍ਹ ਕਦੇ-ਕਦਾਈਂ ਹੀ ਆਉਂਦੇ ਸਨ। ਪੂਰਵ-ਹੜੱਪਾ ਅਤੇ ਹੜੱਪਾ ਬਸਤੀਆਂ ਜ਼ਿਆਦਾਤਰ ਪ੍ਰਮੁੱਖ ਸਦੀਵੀ ਦਰਿਆਵਾਂ ਦੇ ਨਾਲ ਸਥਿਤ ਸਨ।
ਸਰਵੇਖਣ ਦੇ ਨਤੀਜੇ ਵਜੋਂ ਪੂਰਵ-ਹੜੱਪਾ ਅਤੇ ਪਰਪੱਕ ਹੜੱਪਾ ਕਾਲ ਤੋਂ ਬਾਅਦ ਦੀਆਂ ਬਸਤੀਆਂ ਬਾਰੇ ਵੀ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ।
ਸਰਹਿੰਦ ਵਿਚਦੀ ਲੰਘਣ ਵਾਲੇ ਵਹਿਣ ਨੂੰ ਹੁਣ ਚੋਆ ਕਿਹਾ ਜਾਂਦਾ ਹੈ। ਮੁਗ਼ਲ ਕਾਲ ਦੌਰਾਨ ਸਰਹਿੰਦ ਅਤੇ ਫ਼ਤਹਿਗੜ੍ਹ ਸਾਹਿਬ ਵਿਚਲਾ ਪੁਲ਼ ਇਸੇ ਸਹਾਇਕ ਦਰਿਆ ਨੂੰ ਲੰਘਣ ਲਈ ਉਸਾਰਿਆ ਗਿਆ ਸੀ। ਘੱਗਰ ਉੱਪਰ ਪੱਥਰ ਦੇ ਇੱਕ ਪੁਲ਼ ਦੇ ਅਵਸ਼ੇਸ਼ ਸਾਨੂੰ ਗੂਹਲਾ-ਚੀਕਾ ਦੇ ਨਜ਼ਦੀਕ ਵੀ ਮਿਲਦੇ ਹਨ। ਇਹ ਪੁਲ਼ ਮੁਗ਼ਲ ਕਾਲ ਤੋਂ ਵੀ ਪਹਿਲਾਂ ਦਾ ਹੈ ਕਿਉਂਕਿ ਚੌਦ੍ਹਵੀਂ ਸਦੀ ਦੇ ਅਖੀਰ ਵਿੱਚ ਆਏ ਮੱਧ ਏਸ਼ਿਆਈ ਹਮਲਾਵਰ ਅਮੀਰ ਤੈਮੂਰ ਨੇ ਇਸ ਰਾਹੀਂ ਘੱਗਰ ਪਾਰ ਕੀਤਾ ਸੀ। ਦਰਅਸਲ ਘੱਗਰ ਦੇ ਮੁੱਖ ਵਹਿਣ ਅਤੇ ਸਰਹੰਦ ਨਦੀ ਦਾ ਭੂਗੋਲਿਕ ਇਲਾਕਾ ਇੱਕ ਦੁਆਬ ਬਣਾਉਂਦਾ ਸੀ। ਘੱਗਰ ਦੇ ਇਸ ਸਹਾਇਕ ਦਰਿਆ ਨੇ ਸਰਹਿੰਦ ਨੂੰ ਇੱਕ ਮਹੱਤਵਪੂਰਨ ਆਰਥਿਕ ਖੇਤਰ ਵਜੋਂ ਸਥਾਪਿਤ ਕਰਨ ਵਿੱਚ ਬਹੁਤ ਯੋਗਦਾਨ ਪਾਇਆ। ਇਸ ਸਹਾਇਕ ਦਰਿਆ ਰਾਹੀਂ ਹੇਠਲੇ ਹਿਮਾਲਿਆ ਤੋਂ ਵਿਕਣ ਲਈ ਸਾਮਾਨ ਇੱਥੇ ਪੁੱਜਦਾ ਸੀ ਅਤੇ ਇੱਥੋਂ ਹੀ ਕਾਲ਼ੀ ਬੰਗਾਂ ਰਾਹੀਂ ਅੱਗੇ ਦੱਖਣ ਵੱਲ ਬਹਾਵਲਪੁਰ ਖੇਤਰ ਵਿੱਚ ਲਿਜਾਇਆ ਜਾਂਦਾ ਸੀ। ਇਹ ਸਹਾਇਕ ਦਰਿਆ ਸਰਹਿੰਦ, ਪੰਜਾਬ ਅਤੇ ਰਾਜਸਥਾਨ ਵਿਚਕਾਰ ਸੰਚਾਰ ਦੀਆਂ ਸਭ ਤੋਂ ਮਹੱਤਵਪੂਰਨ ਲਾਈਨਾਂ ਵਿੱਚੋਂ ਇੱਕ ਸੀ। ਇਹ ਕੱਚੇ ਮਾਲ ਜਿਵੇਂ ਲੱਕੜ, ਖ਼ਾਸ ਕਰਕੇ ਦਿਓਦਾਰ ਜੋ ਕਿ ਮਕਾਨ ਉਸਾਰੀ ਵਿੱਚ ਵਰਤਿਆ ਜਾਂਦਾ ਸੀ, ਦੇ ਤਬਾਦਲੇ ਲਈ ਬਹੁਤ ਮਹੱਤਵਪੂਰਨ ਸੀ। ਇਹ ਰੂਟ ਖ਼ਾਸ ਤੌਰ ’ਤੇ ਚਾਰ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਵਧੇਰੇ ਵਰਤੋਂ ਵਿੱਚ ਜਾਪਦਾ ਹੈ।
ਕੀ ਘੱਗਰ-ਹਕੜਾ ਨਦੀ ਰਿਗਵੈਦਿਕ ‘ਸਰਸਵਤੀ ਨਦੀ’ ਹੈ?
ਉਨ੍ਹੀਵੀਂ ਸਦੀ ਦੇ ਆਖ਼ਰ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਵਿਦਵਾਨਾਂ, ਅਤੇ ਕੁਝ ਹੋਰ ਵਰਤਮਾਨ ਲੇਖਕਾਂ ਦਾ ਵਿਚਾਰ ਹੈ ਕਿ ਘੱਗਰ-ਹਕੜਾ
ਰਿਗਵੇਦ ਵਿੱਚ ਵਰਣਿਤ ਸਰਸਵਤੀ ਨਦੀ ਦੇ ਅਧੂਰੇ ਅਵਸ਼ੇਸ਼ ਹੋ ਸਕਦੇ ਹਨ। ਰਿਗਵੇਦ ਵਿੱਚ ਅਨੇਕਾਂ ਥਾਵਾਂ ’ਤੇ ਸਰਸਵਤੀ ਨਦੀ ਦਾ ਜ਼ਿਕਰ ਹੈ। ਇਹੋ ਇਕਲੌਤੀ ਨਦੀ ਹੈ ਜਿਸ ਦਾ ਸਭ ਤੋਂ ਵੱਧ ਗੁਣਗਾਨ ਕੀਤਾ ਗਿਆ ਹੈ। ਇਸ ਨੂੰ ਇੱਕ ਵੱਡੀ ਨਦੀ ਵਜੋਂ ਮੰਨਿਆ ਗਿਆ ਹੈ ਜੋ ‘ਪਹਾੜਾਂ ਤੋਂ ਸਮੁੰਦਰ ਤੱਕ ਵਹਿੰਦੀ ਹੈ।’ ਇਹ ਵਿਦਵਾਨ ਇਸ ਸਮੁੰਦਰ ਨੂੰ ‘ਹਿੰਦ ਮਹਾਂਸਾਗਰ’ ਵਜੋਂ ਲੈਂਦੇ ਹਨ। ਰਿਗਵੇਦ ਵਿੱਚ ਵਰਣਿਤ ਨਦੀਆਂ ਇਸ ਕ੍ਰਮ ਵਿੱਚ ਹਨ- ਗੰਗਾ, ਯਮੁਨਾ, ਸਰਸਵਤੀ, ਸੂਤੜੀ, ਪਰਸਨੀ। ਬਾਅਦ ਦੇ ਵੈਦਿਕ ਗ੍ਰੰਥਾਂ ਵਿੱਚ ਇੱਕ ਦਰਿਆ ਨੂੰ ‘ਵਿਨਾਸਨਾ’ (ਸ਼ਾਬਦਿਕ ਤੌਰ ’ਤੇ ‘ਲੁਪਤ ਹੋਣ’) ਨਾਂ ਹੇਠ ਦਰਜ ਕੀਤਾ ਗਿਆ ਹੈ ਅਤੇ ਵੇਦਾਂ ਦੇ ਬਾਅਦ ਦੇ ਗ੍ਰੰਥਾਂ ਵਿੱਚ ਪ੍ਰਯਾਗ (ਅਲਾਹਾਬਾਦ) ਵਿੱਚ ਇੱਕ ਅਦਿੱਖ ਨਦੀ ਵਜੋਂ ਯਮੁਨਾ ਅਤੇ ਗੰਗਾ ਦੋਵਾਂ ਵਿੱਚ ਸ਼ਾਮਲ ਹੋਣ ਵਜੋਂ ਦਰਜ ਕੀਤਾ ਗਿਆ ਹੈ। ਕੁਝ ਵਿਦਵਾਨਾਂ ਦਾ ਦਾਅਵਾ ਹੈ ਕਿ ਆਧੁਨਿਕ ਗੰਗਾ ਦੀ ਪਵਿੱਤਰਤਾ ਪ੍ਰਾਚੀਨ ਸਰਸਵਤੀ ਨਦੀ ਦੇ ਪਵਿੱਤਰ, ਜੀਵਨ ਦੇਣ ਵਾਲੇ ਪਾਣੀ ਦੀ ਧਾਰਨਾ ਨਾਲ ਸਿੱਧੇ ਤੌਰ ’ਤੇ ਸਬੰਧਿਤ ਹੈ। ਮਹਾਂਭਾਰਤ ਵਿੱਚ ਦਰਜ ਹੈ ਕਿ ਸਰਸਵਤੀ ਨਦੀ ਇੱਕ ਮਾਰੂਥਲ ਵਿੱਚ ਸੁੱਕ ਗਈ।
ਕਈ ਵਿਦਵਾਨਾਂ ਦਾ ਖ਼ਿਆਲ ਹੈ ਕਿ ਘੱਗਰ-ਹਕੜਾ ਨਦੀ ਵੈਦਿਕ ਸਰਸਵਤੀ ਦੇ ਅਧੂਰੇ ਅਵਸ਼ੇਸ਼ ਹੋ ਸਕਦੇ ਹਨ। ਪੁਰਾਤੱਤਵੇਤਾ ਗ੍ਰੈਗਰੀ ਪੋਸੇਹਲ ਅਤੇ ਜੇਨ ਮੈਕਿੰਟੋਸ਼ ਸਿੰਧ ਘਾਟੀ ਦੀ ਸਭਿਅਤਾ ਬਾਰੇ ਆਪਣੀਆਂ 2002 ਅਤੇ 2008 ਦੀਆਂ ਕਿਤਾਬਾਂ ਵਿੱਚ ਘੱਗਰ-ਹਕੜਾ ਨਦੀ ਨੂੰ ‘ਸਰਸਵਤੀ’ ਵਜੋਂ ਦਰਸਾਉਂਦੇ ਹਨ ਅਤੇ ਪੋਸੇਹਲ ਤਾਂ ਦਾਅਵਾ ਕਰਦਾ ਹੈ ਕਿ ‘ਭਾਸ਼ਾਈ, ਪੁਰਾਤੱਤਵ ਅਤੇ ਇਤਿਹਾਸਕ ਅੰਕੜੇ ਦਰਸਾਉਂਦੇ ਹਨ ਕਿ ਵੇਦਾਂ ਦੀ ਸਰਸਵਤੀ ਆਧੁਨਿਕ ਘੱਗਰ ਜਾਂ ਹਕੜਾ ਹੀ ਹੈ।’ ਐੱਸ.ਪੀ. ਗੁਪਤਾ ਵਰਗੇ ਕੁਝ ਭਾਰਤੀ ਪੁਰਾਤੱਤਵ ਵਿਗਿਆਨੀਆਂ ਨੇ ਹੜੱਪਾ ਸੱਭਿਅਤਾ ਲਈ ‘ਸਿੰਧ-ਸਰਸਵਤੀ ਸੱਭਿਅਤਾ’ ਸ਼ਬਦ ਦੀ ਵਰਤੋਂ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ।
ਪ੍ਰਸਿੱਧ ਇਤਿਹਾਸਕਾਰ ਡਾ. ਰੋਮਿਲਾ ਥਾਪਰ ਇਸ ਪਛਾਣ ਨੂੰ ਮੂਲੋਂ ਹੀ ਖ਼ਾਰਿਜ ਕਰਦੀ ਹੈ। ਉਸ ਮੁਤਾਬਿਕ ‘ਉੱਚੇ ਪਹਾੜਾਂ’ ਵਿੱਚੋਂ ਵਗਦੀ ਸਰਸਵਤੀ ਦੇ ਵਰਣਨ ਘੱਗਰ ਦੇ ਰਸਤੇ ਨਾਲ ਮੇਲ ਨਹੀਂ ਖਾਂਦੇ। ਉਹ ਸੁਝਾਅ ਦਿੰਦੀ ਹੈ ਕਿ ਵੈਦਿਕ ਸਰਸਵਤੀ ਅਫ਼ਗ਼ਾਨਿਸਤਾਨ ਦੀ ਹਰਕਸ਼ਵਤੀ ਨਦੀ ਹੈ ਜਿਸਨੂੰ ਹੇਲਮੰਡ ਦਰਿਆ ਵੀ ਕਿਹਾ ਜਾਂਦਾ ਹੈ। ਲੇਖਕ ਰਾਜੇਸ਼ ਕੋਛੜ ਦਾ ਮੰਨਣਾ ਹੈ ਕਿ ਰਿਗਵੇਦ ਵਰਣਿਤ ਸਰਸਵਤੀ ਦਰਅਸਲ ਦੋ ਵੱਖ-ਵੱਖ ਨਦੀਆਂ ਹਨ। ਕੁਝ ਅਧਿਆਇਆਂ ਵਿੱਚ ਵਰਣਿਤ ਸਰਸਵਤੀ ਉਹ ‘ਨਦਿਤਮਾ ਸਰਸਵਤੀ’ ਹੈ ਜੋ ਸਮੁੰਦਰ ਤੀਕ ਅੱਪੜਦੀ ਹੈ। ਰਿਗਵੇਦ ਦੀ ਦਸਵੀਂ ਪੁਸਤਕ ਦੇ ਨਾਲ-ਨਾਲ ਬਾਅਦ ਦੇ ਵੈਦਿਕ ਗ੍ਰੰਥਾਂ ਵਿੱਚ ਵਰਣਨ ਕੀਤੀ ਗਈ ਦੂਜੀ ‘ਵਿਨਾਸਨਾ ਸਰਸਵਤੀ’ ਰੇਤ ਵਿੱਚ ਲੋਪ ਹੋ ਜਾਂਦੀ ਹੈ। ‘ਵਿਨਾਸਨਾ ਸਰਸਵਤੀ’ ਨੂੰ ਘੱਗਰ-ਹਕੜਾ ਨਦੀ ਵਾਂਗ ਸਭ ਦੁਆਰਾ ਸਵੀਕਾਰ ਕੀਤਾ ਗਿਆ ਹੈ। ਰਿਗਵੇਦ ਵਿੱਚ ‘ਨਦਿਤਮਾ ਸਰਸਵਤੀ’ ਦਾ ਵਰਣਨ ਅਫ਼ਗ਼ਾਨਿਸਤਾਨ ਵਿੱਚ ਹੇਲਮੰਡ ਨਦੀ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨਾਲ ਮੇਲ ਖਾਂਦਾ ਹੈ। ਇਸ ਦੀ ਸਹਾਇਕ ਨਦੀ ਹਾਰੂਤ ਜਿਸ ਦਾ ਪੁਰਾਣਾ ਨਾਮ ਅਵੇਸਤਾਨ ਵਿੱਚ ਹਰਕਸ਼ਵਤੀ ਸੀ। ਗੰਗਾ ਅਤੇ ਯਮੁਨਾ ਨੂੰ ਉਹ ਆਪਣੇ ਆਲੇ-ਦੁਆਲੇ ਦੀਆਂ ਛੋਟੀਆਂ ਧਾਰਾਵਾਂ ਸਮਝਦਾ ਹੈ। ਪੂਰਬ ਵੱਲ ਪੰਜਾਬ ਗਏ ਵੈਦਿਕ ਲੋਕਾਂ ਨੇ ਨਵੇਂ ਦਰਿਆਵਾਂ ਦੇ ਨਾਂ ਉਨ੍ਹਾਂ ਪੁਰਾਣੀਆਂ ਨਦੀਆਂ ਦੇ ਨਾਮ ਉੱਤੇ ਹੀ ਰੱਖੇ ਜੋ ਉਨ੍ਹਾਂ ਨੂੰ ਹੇਲਮੰਡ ਤੋਂ ਜਾਣਦੇ ਸਨ।
ਸੰਪਰਕ: 98728-22417