ਭਗਤ ਸਿੰਘ ਤੇ ਸੁਖਦੇਵ ਦੀ ਦੋਸਤੀ ਦਾ ਇਤਿਹਾਸਕ ਪੰਨਾ
ਸਰਬਜੀਤ ਸਿੰਘ ਵਿਰਕ ਐਡਵੋਕੇਟ
ਸੰਨ 1930 ਦੀਆਂ ਗਰਮੀਆਂ ਦਾ ਇੱਕ ਦਿਨ : ਭਗਤ ਸਿੰਘ ਅੱਜ ਆਪਣੇ ਪਿਆਰੇ ਸਾਥੀ ਸੁਖਦੇਵ ਵੱਲੋਂ ਆਈ ਤਾਜ਼ੀ ਚਿੱਠੀ ਪੜ੍ਹ ਕੇ ਉਸ ਦੇ ਗੁਣਾਂ ਔਗੁਣਾਂ ਬਾਰੇ ਵਿਚਾਰ ਕਰ ਰਿਹਾ ਹੈ। ਪਿਛਲੇ ਵਰ੍ਹੇ ਜੁਲਾਈ ਦੇ ਮਹੀਨੇ ਉਹ (ਭਗਤ ਸਿੰਘ) ਤੇ ਉਸ ਦੇ ਬਾਕੀ ਸਾਥੀ ਸੁਖਦੇਵ ਨਾਲ ਕਾਫ਼ੀ ਖ਼ਫਾ ਹੋਏ ਸਨ ਕਿਉਂਕਿ ਉਸ ਨੇ ਉਨ੍ਹਾਂ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਭੁੱਖ ਹੜਤਾਲ ਤੋੜ ਦਿੱਤੀ ਸੀ। ਜਦੋਂ ਭਗਤ ਸਿੰਘ ਨੇ ਉਸ ਨਾਲ ਇਸ ਬਾਰੇ ਗੱਲ ਕੀਤੀ ਸੀ ਤਾਂ ਉਸ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਫਲਤਾ ਤਾਂ ਸ਼ਹੀਦੀ ਨਾਲ ਹੋਣੀ ਹੈ ਪਰ ਇਹ ਜੇਲ੍ਹ ਵਾਲੇ ਕਿਸੇ ਨੂੰ ਮਰਨ ਨਹੀਂ ਦੇਣਗੇ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਭਗਤ ਸਿੰਘ ਉਸ ਨੂੰ ਆਪਣਾ ਆਗੂ ਸਮਝਦਾ ਹੈ ਤੇ ਦੇਸ਼ ਵਿਦੇਸ਼ ਦੇ ਰਾਜਨੀਤਿਕ ਹਾਲਾਤ ਬਾਰੇ ਉਸ ਨਾਲ ਚਰਚਾ ਕਰਦਾ ਰਹਿੰਦਾ ਹੈ। ਭਗਤ ਸਿੰਘ ਜਾਣਦਾ ਹੈ ਕਿ ਸੁਖਦੇਵ ਦਾ ਦਿਲ ਸ਼ੀਸ਼ੇ ਵਾਂਗ ਸਾਫ਼ ਹੈ ਤੇ ਉਹ ਆਦਰਸ਼ ਲਈ ਜਾਨ ਉੱਤੇ ਖੇਡਣ ਲਈ ਤਿਆਰ ਹੈ। ਭਗਤ ਸਿੰਘ ਨੂੰ ਇਸ ਗੱਲ ਦਾ ਗਿਆਨ ਹੈ ਕਿ ਸੁਖਦੇਵ ਆਪਣੀ ਦੇਸ਼ ਭਗਤੀ ਦਾ ਜਾਂ ਕਿਸੇ ਨਾਲ ਮੋਹ ਪਿਆਰ ਦਾ ਵਿਖਾਵਾ ਨਹੀਂ ਸੀ ਕਰਦਾ ਤੇ ਨਾ ਹੀ ਕਿਸੇ ਦੇ ਤਰਸ ਦਾ ਪਾਤਰ ਬਣ ਕੇ ਖ਼ੁਸ਼ ਹੈ। ਉਸ ਨੇ ਜਦੋਂ ਆਪਣੀ ਭੁੱਖ ਹੜਤਾਲ ਤੋੜੀ ਉਹ ਇਸੇ ਕਰਕੇ ਤੋੜੀ ਕਿਉਂਕਿ ਉਸ ਨੂੰ ਇਹੋ ਜਿਹੇ ਦੁੱਖ ਝੱਲਣ ਨਾਲੋਂ ਆਪਣੇ ਆਦਰਸ਼ ਲਈ ਮਰਨਾ ਵਧੇਰੇ ਪਸੰਦ ਸੀ।
ਭਗਤ ਸਿੰਘ ਅਤੇ ਸੁਖਦੇਵ ਦੀ ਇਹ ਦੋਸਤੀ ਦੇਸ਼ ਪਿਆਰ ਤੋਂ ਉੱਤੇ ਨਹੀਂ ਸੀ। ਸੁਖਦੇਵ ਨੇ ਦੇਸ਼ ਵਾਸਤੇ ਦੋਸਤ ਦੀ ਕੁਰਬਾਨੀ ਦਾ ਰਾਹ ਬਣਾ ਕੇ ਅਤੇ ਭਗਤ ਸਿੰਘ ਨੇ ਸੁਖਦੇਵ ਦੇ ਦੱਸੇ ਰਾਹ ਉੱਤੇ ਚੱਲ ਕੇ ਇਸ ਗੱਲ ਦੇ ਪੁਖ਼ਤਾ ਸਬੂਤ ਦੇ ਦਿੱਤੇ ਸਨ। ਉਨ੍ਹਾਂ ਦੇ ਸਾਥੀ ਸ਼ਿਵ ਵਰਮਾ ਅਨੁਸਾਰ ‘ਨਿੱਜੀ ਤੌਰ ’ਤੇ ਉਸ ਨੂੰ (ਸੁਖਦੇਵ ਨੂੰ) ਸਭ ਤੋਂ ਵੱਧ ਮੋਹ ਭਗਤ ਸਿੰਘ ਨਾਲ ਸੀ। ਪਿਆਰ ਨਾਮ ਵਾਲੀ ਜੋ ਦੌਲਤ ਉਸ ਕੋਲ ਸੀ ਉਹ ਸਾਰੀ ਦੀ ਸਾਰੀ ਉਸ ਨੇ ਭਗਤ ਸਿੰਘ ਨੂੰ ਹੀ ਸੌਂਪ ਦਿੱਤੀ ਸੀ। ਜਦੋਂ ਕਦੇ ਆਗਰੇ ਜਾਂ ਗਵਾਲੀਅਰ ਸੁਖਦੇਵ ਆ ਜਾਂਦਾ ਤਾਂ ਇਹ ਦੋਵੇਂ ਇੱਕ ਦੂਜੇ ਨੂੰ ਇਵੇਂ ਕਲਾਵੇ ਵਿੱਚ ਲੈਂਦੇ ਜਿਵੇਂ ਕੋਈ ਹੋਰ ਉੱਥੇ ਹਾਜ਼ਰ ਹੀ ਨਾ ਹੋਵੇ। ਕਿਸੇ ਨੁੱਕਰੇ ਬੈਠੇ ਗੱਲਾਂ ਕਰਦੇ ਉਹ ਰਾਤਾਂ ਗੁਜ਼ਾਰ ਦਿੰਦੇ। ਰਾਜਸੀ ਅਸੂਲਾਂ ਤੋਂ ਲੈ ਕੇ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦੇ ਕੰਮ-ਕਾਰ ਆਦਿ ’ਤੇੇ ਟੀਕਾ ਟਿੱਪਣੀਆਂ ਕਰਦੇ। ਨਿੱਜੀ ਨੇੜਤਾ ਦੇ ਬਾਵਜੂਦ ਵੇਲਾ ਆਉਣ ਉੱਤੇ ਉਹ (ਸੁਖਦੇਵ) ਆਪਣੇ ਇਸੇ ਜਿਗਰੀ ਦੋਸਤ ਨੂੰ ਆਦਰਸ਼ ਲਈ ਮੌਤ ਦੇ ਮੂੰਹ ਵਿੱਚ ਘੱਲਣ ਤੋਂ ਵੀ ਝਿਜਕਿਆ ਨਹੀਂ ਸੀ।’
ਜਿੱਥੇ ਭਗਤ ਸਿੰਘ ਜੇਲ੍ਹ ਦੀਆਂ ਸਖ਼ਤੀਆਂ ਅਤੇ ਮੁਕੱਦਮੇ ਵਿੱਚ ਹੋਣ ਵਾਲੀਆਂ ਸਜ਼ਾਵਾਂ ਦੀ ਪਰਵਾਹ ਨਾ ਕਰਦਾ ਹੋਇਆ ਇਸ ਗੱਲ ਤੋਂ ਖ਼ੁਸ਼ ਹੈ ਕਿ ਦੇਸ਼ ਜਾਗ ਪਿਆ ਹੈ ਤੇ ਉਨ੍ਹਾਂ ਨੂੰ ਹੋਣ ਵਾਲੀਆਂ ਸਜ਼ਾਵਾਂ ਇਨਕਲਾਬੀ ਲਹਿਰ ਨੂੰ ਹੋਰ ਅੱਗੇ ਲਿਜਾਣ ਅਤੇ ਦੇਸ਼ ਦੀ ਆਜ਼ਾਦੀ ਨੂੰ ਨੇੜੇ ਕਰਨ ਵਿੱਚ ਸਹਾਇਤਾ ਕਰਨਗੀਆਂ ਉੱਥੇ ਸੁਖਦੇਵ ਨੂੰ ਇੱਕ ਵੱਖਰਾ ਖ਼ਦਸ਼ਾ ਸਤਾ ਰਿਹਾ ਹੈ। ਉਸ ਨੂੰ ਇਹ ਜਾਪਣ ਲੱਗਾ ਹੈ ਕਿ ਭਾਰਤ ਭਰ ਦੀ ਜਨਤਾ ਵੱਲੋਂ ਅੰਗਰੇਜ਼ ਸਰਕਾਰ ਵਿਰੁੱਧ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਕਰ ਕੇ ਜੇਕਰ ਸਰਕਾਰ ਉਨ੍ਹਾਂ ਨੂੰ ਫਾਂਸੀਆਂ ’ਤੇ ਚੜ੍ਹਾਉਣ ਦੀ ਆਪਣੀ ਮਨਸ਼ਾ ਬਦਲ ਲੈਂਦੀ ਹੈ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਿੰਦੀ ਹੈ ਤਾਂ ਅਜਿਹੇ ਹਾਲਾਤ ਵਿੱਚ ਉਸ ਨੂੰ ਸਾਰੀ ਉਮਰ ਜੇਲ੍ਹ ਵਿੱਚ ਕਸ਼ਟ ਉਠਾਉਣੇ ਪੈਣਗੇ। ਉਹ ਜੇਲ੍ਹ ਵਿੱਚ ਰਹਿ ਕੇ ਹੋਰ ਕਸ਼ਟ ਨਹੀਂ ਝੱਲਣਾ ਚਾਹੁੰਦਾ। ਇਸ ਕਰ ਕੇ ਉਸ ਨੂੰ ਇਸੇ ਸੋਚ ਵਿੱਚੋਂ ਇਹ ਗੱਲ ਫੁਰੀ ਕਿ ਜੇ ਉਸ ਨੂੰ ਉਮਰ ਕੈਦ ਦੀ ਸਜ਼ਾ ਭੁਗਤਣੀ ਪਈ ਤਾਂ ਉਹ ਖ਼ੁਦਕਸ਼ੀ ਕਰ ਲਵੇਗਾ। ਪਰ ਚੰਗੀ ਗੱਲ ਇਹ ਹੋਈ ਹੈ ਕਿ ਉਸ ਨੇ ਆਪਣੇ ਸੁਭਾਅ ਦੇ ਉਲਟ ਇਹ ਗੱਲ ਭਗਤ ਸਿੰਘ ਨਾਲ ਚਿੱਠੀ ਲਿਖ ਕੇ ਸਾਂਝੀ ਕਰ ਲਈ ਹੈ।
ਭਗਤ ਸਿੰਘ ਨੂੰ ਖ਼ੁਦ ਹੈਰਾਨੀ ਹੈ ਕਿ ਉਸ ਨੂੰ ਅੱਜ ਖ਼ੁਦਕੁਸ਼ੀ ਦੇ ਵਿਸ਼ੇ ਉੱਤੇ ਸੁਖਦੇਵ ਵਰਗੇ ਸਿਰੜੀ ਤੇ ਬੁੱਧੀਮਾਨ ਦੋਸਤ ਨੂੰ ਸਮਝਾਉਣਾ ਪੈ ਰਿਹਾ ਹੈ ਅਤੇ ਇੱਕ ਇਨਕਲਾਬੀ ਦੇ ਫ਼ਰਜ਼ਾਂ ਤੋਂ ਜਾਣੂ ਕਰਵਾਉਣਾ ਪੈ ਰਿਹਾ ਹੈ। ਉਹ ਸੁਖਦੇਵ ਦੀ ਚਿੱਠੀ ਤੋਂ ਉਸ ਦੀ ਮਨੋਸਥਿਤੀ ਨੂੰ ਸਮਝਦਾ ਹੈ। ਉਹ ਉਸ ਨਾਲ ਨਾਰਾਜ਼ ਹੋਣ ਦੀ ਥਾਂ ਉਸ ਬਾਰੇ ਇੱਕ ਸੱਚੇ ਹਮਦਰਦ, ਇੱਕ ਸੰਜੀਦਾ ਰਾਹ ਦਰਸਾਵੇ ਤੇ ਇੱਕ ਪ੍ਰੋੜ ਇਨਕਲਾਬੀ ਦੀ ਤਰ੍ਹਾਂ ਸੋਚਦਾ ਹੈ। ਉਹ ਸੁਖਦੇਵ ਅੰਦਰ ਵਸੇ ਡਰਾਂ ਤੇ ਸ਼ੰਕਿਆਂ ਦੀ ਨਵਿਰਤੀ ਕਰਨ ਲਈ ਉਸ ਦੀ ਚਿੱਠੀ ਦਾ ਜਵਾਬ ਦਿੰਦਾ ਹੈ। ਭਗਤ ਸਿੰਘ ਲਿਖਦਾ ਹੈ :
‘ਪਿਆਰੇ ਵੀਰ, ਤੁਹਾਡੀ ਚਿੱਠੀ ਨੂੰ ਮੈਂ ਕਈ ਵਾਰ ਧਿਆਨ ਨਾਲ ਪੜ੍ਹ ਚੁੱਕਾ ਹਾਂ। ..ਖ਼ੁਦਕਸ਼ੀ ਨਫ਼ਰਤ ਕਰਨ ਯੋਗ ਅਪਰਾਧ ਹੈ, ਇਹ ਪੂਰੇ ਰੂਪ ਵਿੱਚ ਬੁਜ਼ਦਿਲੀ ਵਾਲਾ ਕੰਮ ਹੈ। ਕਿਸੇ ਇਨਕਲਾਬੀ ਦੀ ਤਾਂ ਗੱਲ ਹੀ ਛੱਡੋ, ਕੋਈ ਵੀ ਬੰਦਾ ਇਹੋ ਜਿਹੇੇ ਕੰਮ ਨੂੰ ਜਾਇਜ਼ ਨਹੀਂ ਠਹਿਰਾ ਸਕਦਾ...ਮਨੁੱਖ ਜੇ ਕਿਸੇ ਕੰਮ ਨੂੰ ਸਹੀ ਸਮਝਦਾ ਹੈ ਤਾਂ ਹੀ ਕਰਦਾ ਹੈ, ਜਿਵੇਂ ਅਸੀਂ ਅਸੈਂਬਲੀ ਵਿੱਚ ਬੰਬ ਸੁੱਟ ਕੇ ਕੀਤਾ ਸੀ। ਕੰਮ ਹੋਣ ਤੋਂ ਬਾਅਦ ਵਾਰੀ ਆਉਂਦੀ ਹੈ ਕੀਤੇ ਹੋਏ ਕੰਮ ਦੇ ਸਿੱਟੇ ਅਤੇ ਇਸ ਦੀ ਸਜ਼ਾ ਭੁਗਤਣ ਦੀ। ਕੀ ਤੁਸੀਂ ਸੋਚਦੇ ਹੋ ਕਿ ਜੇ ਆਪਾਂ ਸਜ਼ਾ ਤੋਂ ਬਚਣ ਲਈ ਰਹਿਮ ਕਰਨ ਲਈ ਮਿੰਨਤਾਂ ਕੀਤੀਆਂ ਹੁੰਦੀਆਂ ਤਾਂ ਚੰਗੀ ਗੱਲ ਹੁੰਦੀ? ਨਹੀਂ, ਇਸ ਗੱਲ ਦਾ ਜਨਤਾ ਉੱਤੇ ਉਲਟਾ ਅਸਰ ਪੈਣਾ ਸੀ। ਜਦੋਂ ਕਿ ਹੁਣ ਅਸੀਂ ਆਪਣੇ ਉਦੇਸ਼ ਵਿੱਚ ਪੂਰੀ ਤਰ੍ਹਾਂ ਸਫਲ ਹੋਏ ਹਾਂ।’
‘ਸਜ਼ਾਵਾਂ ਹੋਣ ਸਮੇਂ ਸਾਡੀ ਸੰਸਥਾ ਦੇ ਸਿਆਸੀ ਕੈਦੀਆਂ ਦੀ ਹਾਲਤ ਬਹੁਤ ਤਰਸਯੋਗ ਸੀ ਤਾਂ ਅਸੀਂ ਉਸ ਨੂੰ ਸੁਧਾਰਨ ਦੇ ਯਤਨ ਆਰੰਭੇ। ਮੈਂ ਤੁਹਾਨੂੰ ਪੂਰੇ ਸੰਜੀਦਾ ਭਾਵ ਨਾਲ ਦੱਸ ਰਿਹਾ ਹਾਂ ਕਿ ਸਾਨੂੰ ਇਹ ਵਿਸ਼ਵਾਸ ਸੀ ਕਿ ਅਸੀਂ ਬੜੇ ਥੋੜ੍ਹੇ ਵਕਤ ਵਿੱਚ ਹੀ ਮਰ ਜਾਵਾਂਗੇ। ਵਰਤ ਦੀ ਸਥਿਤੀ ਵਿੱਚ ਨਾ ਤਾਂ ਸਾਨੂੰ ਬਣਾਉਟੀ ਖ਼ੁਰਾਕ ਦਿੱਤੇ ਜਾਣ ਬਾਰੇ ਕੋਈ ਗਿਆਨ ਸੀ ਤੇ ਨਾ ਹੀ ਸਾਨੂੰ ਇਸ ਤਰ੍ਹਾਂ ਦਾ ਖ਼ਿਆਲ ਹੀ ਸੁਝਿਆ ਸੀ। ਅਸੀਂ ਤਾਂ ਮਰਨ ਲਈ ਤਿਆਰ ਹੋਏ ਸਾਂ ਪਰ ਕੀ ਤੁਸੀਂ ਇਸ ਤੋਂ ਇਹ ਭਾਵ ਲੈਂਦੇ ਹੋ ਕਿ ਅਸੀਂ ਖ਼ੁਦਕੁਸ਼ੀ ਕਰਨੀ ਚਾਹੁੰਦੇ ਸਾਂ? ਨਹੀਂ, ਸੰਘਰਸ਼ ਕਰਨਾ ਅਤੇ ਉੱਚੇ ਆਦਰਸ਼ ਲਈ ਜਾਨ ਵਾਰ ਦੇਣ ਨੂੰ ਅਸੀਂ ਕਦੇ ਵੀ ਖ਼ੁਦਕੁਸ਼ੀ ਨਹੀਂ ਕਹਿ ਸਕਦੇ। ਸਾਡੇ ਮਿੱਤਰ (ਸ੍ਰੀ ਜਤਿੰਦਰਨਾਥ ਦਾਸ) ਦੀ ਮੌਤ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੈ। ਕੀ ਤੁਸੀਂ ਇਸ ਨੂੰ ਵੀ ਆਤਮਹੱਤਿਆ ਆਖੋਗੇ? ਸਾਡੇ ਵੱਲੋਂ ਮੁਸੀਬਤਾਂ ਨੂੰ ਸਹਿਣ ਨਾਲ ਚੰਗੇ ਨਤੀਜੇ ਮਿਲੇ। ਸਾਰੇ ਦੇਸ਼ ਅੰਦਰ ਇੱਕ ਵੱਡਾ ਅੰਦੋਲਨ ਸ਼ੁਰੂ ਹੋ ਗਿਆ। ਸਾਨੂੰ ਆਪਣੇ ਮੰਤਵ ਨੂੰ ਪੂਰਾ ਕਰਨ ਵਿੱਚ ਕਾਮਯਾਬੀ ਮਿਲੀ। ਇਸ ਤਰ੍ਹਾਂ ਦੇ ਸੰਘਰਸ਼ ਵਿੱਚ ਜਾਨ ਦੇਣਾ ਇੱਕ ਆਦਰਸ਼ ਮੌਤ ਹੈ।’
ਲਾਹੌਰ ਦੀ ਕ੍ਰਾਂਤੀਕਾਰੀ ਮੰਡਲੀ ਵਿੱਚ ਸੁਖਦੇਵ ਤੇ ਭਗਤ ਸਿੰਘ ਨੂੰ ਇੱਕੋ ਸਿੱਕੇ ਦੇ ਦੋ ਪਾਸੇ ਮੰਨਿਆ ਜਾਂਦਾ ਹੈ। ਦੋਵੇਂ ਹੱਦ ਦਰਜੇ ਦੇ ਜੀਨੀਅਸ, ਦੋਵੇਂ ਦੂਜਿਆਂ ਦੀ ਖ਼ੁਸ਼ੀ ਲਈ ਮੁਸ਼ਕਿਲਾਂ ਝੱਲਣ ਵਾਲੇ, ਦੋਵੇਂ ਇਨਕਲਾਬੀ ਲਹਿਰ ਨੂੰ ਰਸਤਾ ਵਿਖਾਉਣ ਵਾਲੇ ਅਤੇ ਦੋਵੇਂ ਦੇਸ਼ ਦੇ ਸੁਨਹਿਰੀ ਭਵਿੱਖ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣ ਵਾਲੇ। 1919 ਵਿੱਚ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਤੋਂ ਬਾਅਦ ਜ਼ੋਰਦਾਰ ਢੰਗ ਨਾਲ ਉੱਠੀ ਗਾਂਧੀ ਜੀ ਦੀ ਨਾਮਿਲਵਰਤਨ ਲਹਿਰ ਵਿੱਚ ਇਕੱਠਿਆਂ ਕੁੱਦਣ ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਇਨ੍ਹਾਂ ਆਖ਼ਰੀ ਦਿਨਾਂ ਤੱਕ ਉਨ੍ਹਾਂ ਦੀ ਦੋਸਤੀ ਪੀਡੀ ਹੀ ਹੁੰਦੀ ਰਹੀ। ਇਸ ਸਮੇਂ ਦਰਮਿਆਨ ਉਨ੍ਹਾਂ ਵਿਚਕਾਰ ਨਿੱਕਿਆਂ ਤੇ ਵੱਡਿਆਂ ਮਸਲਿਆਂ ਉੱਤੇ ਜ਼ੋਰਦਾਰ ਬਹਿਸਾਂ ਮੁਬਾਹਿਸਾਂ ਵੀ ਚੱਲਦੀਆਂ ਰਹੀਆਂ, ਜਿਸ ਦਾ ਬਾਕੀ ਸਾਥੀ ਪੂਰਾ ਲੁਤਫ ਲੈਂਦੇ ਰਹੇ। ਪਰ ਦੋਵੇਂ ਅੰਦਰੋਂ ਇਨਸਾਨੀ ਜਜ਼ਬਿਆਂ ਨਾਲ ਓਤਪ੍ਰੋਤ ਹਨ। ਉਨ੍ਹਾਂ ਵਿੱਚ ਫ਼ਰਕ ਹੈ ਤਾਂ ਉਹ ਪ੍ਰਦਰਸ਼ਨ ਦਾ। ਜਿੱਥੇ ਭਗਤ ਸਿੰਘ ਆਪਣੀਆਂ ਭਾਵਨਾਵਾਂ ਦੂਜੇ ਸਾਥੀਆਂ ਨਾਲ ਸਾਂਝੀਆਂ ਕਰਦਾ ਰਹਿੰਦਾ ਹੈ ਉੱਥੇ ਸੁਖਦੇਵ ਆਮ ਤੌਰ ’ਤੇ ਨਿੱਜੀ ਜਜ਼ਬੇ ਤੇ ਤਜਰਬੇ ਦੂਜਿਆਂ ਨਾਲ ਸਾਂਝੇ ਨਹੀਂ ਕਰਦਾ। ਪਰ ਇਸ ਚਿੱਠੀ ਨਾਲ ਉਸ ਨੇ ਆਪਣੇ ਸੁਭਾਅ ਦੀ ਬਜਾਏ ਦੋਸਤੀ ਨੂੰ ਪਹਿਲ ਦਿੱਤੀ ਹੈ। ਭਗਤ ਸਿੰਘ ਆਪਣੇ ਜਾਨ ਤੋਂ ਪਿਆਰੇ ਦੋਸਤ ਸੁਖਦੇਵ ਦੀ ਮਨੋ-ਸਥਿਤੀ ਨੂੰ ਸਮਝਦਾ ਹੋਇਆ ਉਸ ਨੂੰ ਅਥਾਹ ਹੌਸਲਾ ਦਿੰਦਾ ਹੈ ਅਤੇ ਉਸ ਦੀ ਮਾਨਸਿਕਤਾ ਵਿੱਚ ਆਈ ਕਮਜ਼ੋਰੀ ਨੂੰ ਬੜੇ ਸਬਰ, ਪਿਆਰ ਅਤੇ ਦਲੀਲਾਂ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਲਿਖਦਾ ਹੈ:
‘ਇਸ ਤੋਂ ਬਿਨਾਂ ਸਾਡੇ ਵਿੱਚੋਂ ਜਿਨ੍ਹਾਂ ਲੋਕਾਂ ਨੂੰ ਇਹ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋਵੇਗੀ ਉਨ੍ਹਾਂ ਨੂੰ ਬੜੇ ਸਬਰ ਨਾਲ ਉਹ ਦਿਨ ਉਡੀਕਣਾ ਚਾਹੀਦਾ ਹੈ ਜਦੋਂ ਇਹ ਸਜ਼ਾ ਸੁਣਾਈ ਜਾਵੇਗੀ ਤੇ ਫਿਰ ਇਸ ਤੋਂ ਬਾਅਦ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਵੇਗੀ। ਇਹ ਮੌਤ ਵੀ ਖ਼ੂਬਸੂਰਤ ਹੋਵੇਗੀ, ਪਰ ਖ਼ੁਦਕੁਸ਼ੀ ਕਰਨਾ, ਕੇਵਲ ਕੁਝ ਦੁੱਖਾਂ ਤੋਂ ਬਚਣ ਲਈ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਦੇਣਾ ਤਾਂ ਬੁਜ਼ਦਿਲੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੁਸੀਬਤਾਂ ਹੀ ਮਨੁੱਖ ਨੂੰ ਮੁਕੰਮਲ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ...ਸਾਡੇ ਵਰਗੇ ਬੰਦਿਆਂ ਨੂੰ ਜੋ ਹਰ ਪਾਸਿਓਂ ਕ੍ਰਾਂਤੀਕਾਰੀ ਹੋਣ ਦਾ ਦਾਅਵਾ ਕਰਦੇ ਹਨ , ਸਦਾ ਹੀ ਉਨ੍ਹਾਂ ਮੁਸੀਬਤਾਂ, ਚਿੰਤਾਵਾਂ, ਦੁੱਖਾਂ ਅਤੇ ਕਸ਼ਟਾਂ ਨੂੰ ਸਹਿਣ ਕਰਨ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਸੰਘਰਸ਼ ਵਿੱਚ ਖ਼ੁਦ ਸੱਦਾ ਦਿੰਦੇ ਹਾਂ।’
‘ਅੱਗੇ ਚੱਲ ਕੇ ਤੁਸੀਂ ਫਿਰ ਲਿਖਿਆ ਹੈ ਕਿ ਚੌਦਾਂ ਵਰ੍ਹਿਆਂ ਤੱਕ ਜੇਲ੍ਹ ਦੀਆਂ ਸਖ਼ਤੀਆਂ ਆਪਣੇ ਉੱਤੇ ਜਰਨ ਪਿੱਛੋਂਂ ਕਿਸੇ ਬੰਦੇ ਤੋਂ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਉਸ ਦੇ ਖ਼ਿਆਲ ਉਹੀ ਹੋਣਗੇ ਜਿਹੜੇ ਜੇਲ੍ਹ ਜਾਣ ਤੋਂ ਪਹਿਲਾਂ ਸਨ ਕਿਉਂਕਿ ਜੇਲ੍ਹ ਦਾ ਵਾਤਾਵਰਨ ਉਸ ਦੇ ਸਾਰੇ ਖਿਆਲਾਂ ਨੂੰ ਕੁਚਲ ਦੇਵੇਗਾ। ਕੀ ਮੈਂ ਤੁਹਾਡੇ ਤੋਂ ਇਹ ਜਾਣ ਸਕਦਾ ਹਾਂ ਕਿ ਕੀ ਜੇਲ੍ਹੋਂ ਬਾਹਰ ਦੇ ਹਾਲਾਤ ਸਾਡੇ ਖ਼ਿਆਲਾਂ ਦੇ ਅਨੁਸਾਰ ਸਨ? ਕੀ ਅਸਫਲਤਾਵਾਂ ਕਰ ਕੇ ਅਸੀਂ ਇਸ ਨੂੰ ਛੱਡ ਸਕਦੇ ਸਾਂ। ਕੀ ਤੁਹਾਡਾ ਭਾਵ ਇਹ ਹੈ ਕਿ ਜੇ ਅਸੀਂ ਇਸ ਮੈਦਾਨ ਵਿੱਚ ਪੈਰ ਨਾ ਰੱਖੇ ਹੁੰਦੇ ਤਾਂ ਕੋਈ ਕ੍ਰਾਂਤੀਕਾਰੀ ਕੰਮ ਹੋਣਾ ਹੀ ਨਹੀਂ ਸੀ? ਜੇ ਤੁਹਾਡਾ ਭਾਵ ਇਹ ਹੈ ਤਾਂ ਤੁਸੀਂ ਗ਼ਲਤੀ ਉੱਤੇ ਹੋ। ਅਸੀਂ ਤਾਂ ਕੇਵਲ ਸਮੇਂ ਦੀ ਜ਼ਰੂਰਤ ਦੀ ਉਪਜ ਹਾਂ ਭਾਵੇਂ ਇਹ ਗੱਲ ਸਹੀ ਹੈ ਕਿ ਅਸੀਂ ਹਾਲਾਤ ਨੂੰ ਬਦਲਣ ਵਿੱਚ ਬੜੇ ਮਦਦਗਾਰ ਸਾਬਤ ਹੋਏ ਹਾਂ...ਇਸ ਕਰ ਕੇ ਮੇਰਾ ਵਿਚਾਰ ਹੈ ਕਿ ਜਦੋਂ ਅਸੀਂ ਅਜਿਹੇ ਮੁਸ਼ਕਿਲ ਕੰਮ ਨੂੰ ਹੱਥ ਵਿੱਚ ਲੈ ਲਿਆ ਹੈ ਤਾਂ ਸਾਡੇ ਵੱਲੋਂ ਇਸ ਨੂੰ ਜਾਰੀ ਰੱਖਣਾ ਜ਼ਰੂਰੀ ਹੈ ਅਤੇ ਇਹ ਕੰਮ ਅੱਗੇ ਵਧਣਾ ਚਾਹੀਦਾ ਹੈ। ਮੁਸੀਬਤਾਂ ਤੋਂ ਬਚਣ ਲਈ ਖੁਦਕੁਸ਼ੀ ਕਰਨਾ ਲੋਕਾਂ ਨੂੰ ਅਗਵਾਈ ਦੇਣ ਵਾਲਾ ਕੰਮ ਨਹੀਂ ਹੋਵੇਗਾ ਸਗੋਂ ਇੱਕ ਪਿਛਾਂਹ-ਖਿੱਚੂ ਕਾਰਜ ਹੋਵੇਗਾ।’
ਸੁਖਦੇਵ ਸਖ਼ਤ ਅਨੁਸ਼ਾਸਨ ਦਾ ਹਾਮੀ ਸੀ। ਉਸ ਨੇ ਆਪਣਾ ਜੀਵਨ ਤੇ ਸੋਚ ਇਨਕਲਾਬੀ ਲਹਿਰ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਕੀਤੇ ਹੋਏ ਸਨ। ਕੇਂਦਰੀ ਕਮੇਟੀ ਦੀ ਦੁਬਾਰਾ ਮੀਟਿੰਗ ਹੋਣ ਉਪਰੰਤ ਜਦੋਂ ਭਗਤ ਸਿੰਘ ਦਾ ਨਾਂ ਅਸੈਂਬਲੀ ਐਕਸ਼ਨ ਲਈ ਪਾਸ ਹੋ ਗਿਆ ਤਾਂ ਉਸ ਨੂੰ ਤਸੱਲੀ ਹੋਈ ਪਰ ਭਗਤ ਸਿੰਘ ਨੂੰ ਇਸ ਐਕਸ਼ਨ ਲਈ ਦਿੱਲੀ ਤੋਰਨ ਵੇਲੇ ਉਹ ਆਪਣੇ ਜਜ਼ਬਾਤ ਨੂੰ ਕਾਬੂ ਵਿੱਚ ਨਾ ਰੱਖ ਸਕਿਆ। ਉਸ ਨੇ ਭਰਾਵਾਂ ਤੋਂ ਵਧ ਕੇ ਬਣੇ ਦੋਸਤ ਦੇ ਸਦਾ ਲਈ ਵਿਛੜ ਜਾਣ ਦੇ ਗ਼ਮ ਨੂੰ ਇਸ ਤਰ੍ਹਾਂ ਜ਼ਾਹਿਰ ਕੀਤਾ- ‘ਦੁਨੀਆ ਮੈਨੂੰ ਸੁੰਨਸਾਨ ਜਾਪਣ ਲੱਗੀ ਸੀ...ਮੈਂ ਗੱਲਾਂ ਤਾਂ ਕਰਦਾ ਸਾਂ ਪਰ ਦਿਲ ਕਿਸੇ ਹੋਰ ਖ਼ਿਆਲ ਵਿੱਚ ਮਗਨ ਸੀ। ਮੈਂ ਹੱਸਦਾ ਸਾਂ ਪਰ ਇਸ ਹਾਸੇ ਵਿੱਚ ਖ਼ੁਸ਼ੀ ਨਾਂ ਦੀ ਕੋਈ ਚੀਜ਼ ਨਹੀਂ ਸੀ। ਮੈਂ ਕੰਮ ਵਿੱਚ ਜੁੱਟਿਆ ਰਹਿੰਦਾ ਸਾਂ; ਇੱਕ ਇਨਸਾਨ ਵਾਂਗ ਨਹੀਂ ਸਗੋਂ ਮਸ਼ੀਨ ਵਾਂਗ। ਮੈਂ ਮਹਿਸੂਸ ਕਰਦਾ ਸਾਂ ਕਿ ਮੇਰਾ ਜੋ ਕੁਝ ਵੀ ਸੀ ਉਹ ਮੈਥੋਂ ਖੁੱਸ ਚੁੱਕਾ ਹੈ, ਹੁਣ ਮੇਰੇ ਕੋਲ ਕੁਝ ਵੀ ਨਹੀਂ ਰਿਹਾ। ਮੈਨੂੰ ਇਸ ਗੱਲ ਦਾ ਗਿਆਨ ਸੀ ਕਿ ਇਹ ਸਾਰਾ ਕੁਝ ਮੇਰੀ ਖ਼ਾਹਿਸ਼ ਕਰ ਕੇ ਹੀ ਮੇਰੇ ਤੋਂ ਖੁੱਸਿਆ ਹੈ। ਮੈਂ ਖ਼ੁਦ ਉਹਨੂੰ ਚਲੇ ਜਾਣ ਲਈ ਆਖਿਆ ਸੀ...ਜਦੋਂ ਉਹ ਮੈਥੋਂ ਵਿੱਛੜ ਰਿਹਾ ਸੀ। ਉਹ ਮੇਰਾ ਨਹੀਂ ਸੀ ਬਲਕਿ ਅਸੀਂ ਦੋਵੇਂ ਆਪਣੇ ਵਤਨ ਦੇ ਸਾਂ, ਲੋਕਾਂ ਦੇ ਸਾਂ।’
ਸੰਪਰਕ: 94170-72314
ਨੋਟ: ਲੇਖਕ ਦੀ ਕਿਤਾਬ ‘ਲਿਖਤੁਮ ਭਗਤ ਸਿੰਘ, ਸ਼ਹੀਦ ਏ ਆਜ਼ਮ ਦੀ ਜੀਵਨ ਕਹਾਣੀ, ਚਿੱਠੀਆਂ ਦੀ ਜ਼ੁਬਾਨੀ’ ਵਿੱਚੋਂ ਭਗਤ ਸਿੰਘ ਵੱਲੋਂ ਸੁਖਦੇਵ ਨੂੰ ਲਿਖੀ ਚਿੱਠੀ ਦਾ ਅੰਸ਼।