For the best experience, open
https://m.punjabitribuneonline.com
on your mobile browser.
Advertisement

ਖ਼ਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਕ ਪੁਰਬ

10:46 AM Apr 13, 2024 IST
ਖ਼ਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਕ ਪੁਰਬ
Advertisement

ਡਾ. ਚਰਨਜੀਤ ਕੌਰ

Advertisement

ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਇਹ ਭਾਰਤੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੇ ਦਰਪਣ ਹਨ। ਤਿਉਹਾਰ ਕਿਸੇ ਕੌਮ ਦੀ ਪਹਿਚਾਣ ਹੁੰਦੇ ਹਨ। ਇਨ੍ਹਾਂ ਤਿਉਹਾਰਾਂ ਪਿੱਛੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆਂ ਹਨ। ਹਰ ਧਰਮ ਦੇ ਲੋਕ ਆਪਣੇ-ਆਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ ਪਰ ਹਰ ਤਿਉਹਾਰ ਪਿੱਛੇ ਕੋਈ ਨਾ ਕੋਈ ਇਤਿਹਾਸ ਹੁੰਦਾ ਹੈ। ਸਮਾਂ ਬੀਤਣ ਦੇ ਨਾਲ ਚਾਹੇ ਉਹ ਮਕਸਦ ਨਹੀਂ ਰਹਿੰਦਾ ਪਰ ਰੀਤੀ ਰਿਵਾਜ਼ ਉਸੇ ਤਰ੍ਹਾਂ ਹੀ ਚੱਲਦੇ ਰਹਿੰਦੇ ਹਨ। ਜੇਕਰ ਪੰਜਾਬੀ ਵਿਰਸੇ ਦੇ ਤਿਉਹਾਰ ’ਤੇ ਝਾਤ ਮਾਰੀਏ ਤਾਂ ਪੰਜਾਬੀ ਵਿਰਸੇ ਵਿੱਚ ਵਿਸਾਖੀ ਦਾ ਤਿਉਹਾਰ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਵਿਸਾਖੀ ਦਾ ਤਿਉਹਾਰ ਪੰਜਾਬ ਲਈ ਸਿਰਫ਼ ਧਾਰਮਿਕ ਤੇ ਇਤਿਹਾਸਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ’ਤੇ ਵੀ ਕਾਫ਼ੀ ਅਹਿਮੀਅਤ ਹੈ।
ਵਿਸਾਖੀ ਦੇ ਤਿਉਹਾਰ ਦਾ ਆਰੰਭ ਕਦੋਂ ਹੋਇਆ? ਇਸ ਬਾਰੇ ਨਿਸ਼ਚਿਤ ਰੂਪ ਵਿੱਚ ਕੋਈ ਨਿਰਣਾ ਨਹੀਂ ਲਿਆ ਜਾ ਸਕਦਾ। ਸੂਰਜ ਦੇ ਹਿਸਾਬ ਵਿਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਵਿਸਾਖੀ ਮਨਾਉਣ ਦੀ ਪਰੰਪਰਾ ਚੱਲੀ ਆਉਂਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਸ ਦਿਨ ਦੇਸ਼-ਦੇਸਾਂਤਰਾਂ ਤੋਂ ਸੰਗਤਾਂ ਗੁਰਦਰਸ਼ਨਾਂ ਲਈ ਇਕੱਤਰ ਹੁੰਦੀਆਂ ਸਨ ਤੇ ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰ ਦਾਸ ਜੀ ਦੀ ਆਗਿਆ ਨਾਲ ਵਿਸਾਖੀ ਦਾ ਮੇਲਾ ਲਾਉਣਾ ਸ਼ੁਰੂ ਕੀਤਾ ਸੀ। ਵਿਸਾਖੀ ਨਾਮ ਵਸਾਖ ਤੋਂ ਬਣਿਆ ਹੈ। ਇਹ ਹਰ ਸਾਲ 13-14 ਅਪਰੈਲ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਪੰਜਾਬ ਦਾ ਇਹ ਮੌਸਮੀ ਤਿਉਹਾਰ ਹੈ ਕਿਉਂਕਿ ਇਸ ਦਿਨ ਪੰਜਾਬ ਦਾ ਕਿਸਾਨ ਆਪਣੀ ਸੁਨਹਿਰੀ ਪੱਕੀ ਹੋਈ ਕਣਕ ਦੀ ਫ਼ਸਲ ਵੇਖ ਕੇ ਆਨੰਦਿਤ ਹੁੰਦਾ ਅਤੇ ਇਸ ਦਿਨ ਨੂੰ ਕਣਕ ਦੀ ਫ਼ਸਲ ਨੂੰ ਸਮੇਟਣ ਦੀ ਕਾਰਵਾਈ ਸ਼ੁਰੂ ਕਰਦਾ ਹੈ। ਇਸ ਦਿਨ ਫ਼ਸਲ ਨੂੰ ਦਾਤੀ ਪਾਉਣ ਦਾ ਸ਼ਗਨ ਵੀ ਕੀਤਾ ਜਾਂਦਾ ਹੈ। ਜਲੰਧਰ ਜ਼ਿਲ੍ਹੇ ਵਿੱਚ ਵਿਸਾਖੀ ਵਾਲੇ ਦਿਨ ‘ਵਸੋਆ’ ਨਾਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ‘ਵਸੋਆ’ ਵਿਸਾਖੀ ਦਾ ਹੀ ਪਰਿਵਰਤਿਤ ਪ੍ਰਤੀਕ ਹੈ। ਭਾਈ ਗੁਰਦਾਸ ਨੇ ਪਹਿਲੀ ਵਾਰ (ਪਾਉੜੀ 37) ਵਿੱਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਘਰ-ਘਰ ਵਿੱਚ ਅਧਿਆਤਮਿਕ ਮਾਹੌਲ ਪੈਦਾ ਹੋ ਜਾਣ ਵੱਲ ਸੰਕੇਤ ਕੀਤਾ ਹੈ :
ਘਰਿ ਘਰਿ ਅੰਦਰ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।।
ਹਿੰਦੂਆਂ ਲਈ ਇਹ ਤਿਉਹਾਰ ਨਵਵਰਸ਼ ਦੀ ਸ਼ੁਰੂਆਤ ਹੈ ਅਤੇ ਉਹ ਇਸ ਦਿਨ ਨਵੇਂ ਵਹੀ-ਖਾਤੇ ਲਾਉਂਦੇ ਹਨ। ਕੇਰਲ ਵਿੱਚ ਇਹ ਤਿਉਹਾਰ ਵਿਸ਼ੁ ਕਹਾਉਂਦਾ ਹੈ। ਵਿਸਾਖੀ ਵਾਲੇ ਦਿਨ ਦੀ ਇੱਕ ਵਿਸ਼ੇਸ਼ ਧਾਰਮਿਕ ਮਹੱਤਤਾ ਇਹ ਵੀ ਸਮਝੀ ਜਾ ਸਕਦੀ ਹੈ ਕਿ ਸੰਮਤ 1756 (13 ਅਪਰੈਲ, 1699 ਈ.) ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਕੇਸਗੜ੍ਹ ਸਥਾਨ ’ਤੇ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਭਾ ਬੁਲਾਈ। ਇਸ ਸਭਾ ਵਿੱਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਲੋਕ ਇਕੱਠੇ ਹੋਏ, ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿੱਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ) ਵਾਰੋ ਵਾਰੀ ਉੱਠੇ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣਾ-ਆਪ ਸੌਂਪ ਦਿੱਤਾ। ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਉਨ੍ਹਾਂ ਨੂੰ ਸਿੰਘਾਂ ਦੀ ਉਪਾਧੀ ਦਿੱਤੀ ਤੇ ਫਿਰ ਆਪ ਨੇ ਉਨ੍ਹਾਂ ਹੱਥੋਂ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਕੇ ਖ਼ਾਲਸਾ ਪੰਥ ਦੀ ਨੀਂਹ ਰੱਖੀ।
ਇਸੇ ਦਿਨ ਹੀ ਦਸਮ ਪਿਤਾ ਨੇ ਨਿਤਾਣੀ ਤੇ ਲਿਤਾੜੀ ਹੋਈ ਕੌਮ ਨੂੰ ਅੰਮ੍ਰਿਤ ਛਕਾ, ਪਾਹੁਲ ਪਿਲਾ ਕੇ ਗਿੱਦੜੋਂ ਸ਼ੇਰ ਬਣਾ ਦਿੱਤਾ। ਪੰਜ ਪਿਆਰੇ ਸਾਜ ਕੇ ਕੌਮ ਨੂੰ ਵਿਲੱਖਣ ਸ਼ਾਨ ਦਿੱਤੀ। ਜਾਤ-ਪਾਤ, ਰੰਗ ਭੇਦ ਆਦਿ ਦੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੁਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ। ਤਦ ਤੋਂ ਮਗਰੋਂ ਵਿਸਾਖੀ ਦਾ ਇਹ ਦਿਨ ਖ਼ਾਲਸਾ ਸਾਜਨਾ ਦੇ ਪਵਿੱਤਰ ਪੁਰਬ ਵਜੋਂ ਮਨਾਇਆ ਜਾਂਦਾ ਹੈ।
ਵਿਸਾਖੀ ਦਾ ਪੁਰਬ ਜਿੱਥੇ ਸ੍ਰੀ ਆਨੰਦਪੁਰ ਸਾਹਿਬ ਦੇ ਖਾਲਸਾ ਸਾਜਨਾ ਦਿਵਸ ਨਾਲ ਸਬੰਧਿਤ ਹੈ। ਉਸ ਤੋਂ ਵਧੇਰੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਨਾਲ ਵੀ ਸਬੰਧਿਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਪਹੁੰਚ ਕੇ ਸਭ ਤੋਂ ਪਹਿਲਾਂ ਉੱਚੇ ਟਿੱਬੇ ਨੂੰ ਪੱਧਰਾ ਕਰਵਾ ਕੇ ਉਸ ਉੱਤੇ ਆਸਣ ਲਾਇਆ। ਗੁਰੂ ਜੀ ਦੇ ਬਿਰਾਜਣ ਵਾਲੇ ਉੱਚੇ ਅਸਥਾਨ ਨੂੰ ਦਮਦਮਾ ਕਹਿੰਦੇ ਹਨ। ਇਸ ਕਾਰਨ ਤਲਵੰਡੀ ਸਾਬੋ ਦੇ ਨਾਂ ਨਾਲ ਦਮਦਮਾ ਸਾਹਿਬ ਜੁੜ ਗਿਆ। ਦਮਦਮਾ ਸਾਹਿਬ ਨੂੰ ‘ਗੁਰੂ ਕੀ ਕਾਸ਼ੀ’ ਵੀ ਕਿਹਾ ਜਾਂਦਾ ਹੈ। ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ।
‘ਖਾਲਸਾ ਪੰਥ’ ਦੀ ਸਿਰਜਣਾ ਦੇ ਫਲਸਰੂਪ ਭਾਰਤੀਆਂ ਦੀ ਗ਼ੁਲਾਮ ਮਾਨਸਿਕਤਾ ਚੜ੍ਹਦੀ ਕਲਾ ਵਿੱਚ ਬਦਲ ਗਈ ਅਤੇ ਮੁਗ਼ਲ ਪ੍ਰਸ਼ਾਸਕਾਂ ਵਿਰੁੱਧ ਜਨ-ਸੰਘਰਸ਼ ਦਾ ਬਿਗਲ ਵੱਜਣਾ ਸ਼ੁਰੂ ਹੋ ਗਿਆ। ਇਸ ਲਈ ਇਸ ਦਿਨ ਤੋਂ ਬਾਅਦ ਆਗਾਮੀ ਇਤਿਹਾਸ ਦੀ ਨੁਹਾਰ ਬਦਲ ਗਈ। ਇਸ ਲਈ ਸਿੱਖ ਇਤਿਹਾਸ ਵਿੱਚ ਵਿਸਾਖੀ ਵਾਲਾ ਦਿਨ ਖ਼ਾਲਸੇ ਦੇ ਜਨਮ ਦਿਨ ਵਜੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦਾ ਇੱਕ ਇਤਿਹਾਸਕ ਮਹੱਤਵ ਇਹ ਵੀ ਹੈ ਕਿ ਇਤਫ਼ਾਕ ਨਾਲ ਇਸੇ ਹੀ ਦਿਨ 13 ਅਪਰੈਲ, 1919 ਨੂੰ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲੇ ਬਾਗ਼ ਦਾ ਦੁਖਦਾਇਕ ਸਾਕਾ ਹੋਇਆ ਸੀ। ਇਸ ਦਿਨ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਵਿੱਚ ਲਗਭਗ 20,000 ਲੋਕ ਮਾਰੇ ਗਏ ਸਨ। ਜਿਸ ਨਾਲ ਸਾਰੇ ਦੇਸ਼ ਵਿੱਚ ਰਾਸ਼ਟਰਵਾਦ ਦੀ ਭਾਵਨਾ ਇਕਦਮ ਪੱਕੇ ਪੈਰਾਂ ਉੱਤੇ ਹੋ ਗਈ ਸੀ। ਇਉਂ ਅੰਮ੍ਰਿਤਸਰ ਵਿੱਚ ਮਨਾਏ ਜਾਂਦੇ ਵਿਸਾਖੀ ਪੁਰਬ ਨੂੰ ਉਸ ਖ਼ੂਨੀ ਸਾਕੇ ਦੀ ਯਾਦ ਵਜੋਂ ਵੀ ਮਨਾਇਆ ਜਾਂਦਾ ਹੈ।
ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ’ਤੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਜਿਹੜਾ ਅਲੌਕਿਕ ਚਮਤਕਾਰ ਕੀਤਾ ਉਸ ਨੂੰ ਸਿਰਫ਼ ਭਾਰਤ ਵਾਸੀਆਂ ਨੇ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਇੱਕ ਇਤਿਹਾਸਕ ਚਮਤਕਾਰ ਦੇ ਤੌਰ ’ਤੇ ਬੜੀ ਹੈਰਾਨੀ ਨਾਲ ਮਹਿਸੂਸ ਕੀਤਾ ਗਿਆ। ਇਸ ਤਰ੍ਹਾਂ ਪੰਜਾਬੀਆਂ ਲਈ ਵਿਸਾਖੀ ਦਾ ਤਿਉਹਾਰ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਮਹੱਤਵ ਰੱਖਦਾ ਹੈ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਵਿਸਾਖੀ ਦਾ ਮੇਲਾ ਹਰ ਪੱਖ ਤੋਂ ਮਹੱਤਵਪੂਰਨ ਹੈ। ਇਸ ਦੀ ਮਹਾਨਤਾ ਨੂੰ ਕਾਇਮ ਰੱਖਣ ਲਈ ਸ਼ਰਧਾ ਪੂਰਵਕ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ।
ਸੰਪਰਕ : 98784-47758

Advertisement
Author Image

joginder kumar

View all posts

Advertisement
Advertisement
×