For the best experience, open
https://m.punjabitribuneonline.com
on your mobile browser.
Advertisement

ਆਲਵਾਰ ਭਗਤੀ ਲਹਿਰ ਦਾ ਇਤਿਹਾਸਕ ਅਤੇ ਦਾਰਸ਼ਨਿਕ ਪਿਛੋਕੜ

07:50 AM Sep 07, 2023 IST
ਆਲਵਾਰ ਭਗਤੀ ਲਹਿਰ ਦਾ ਇਤਿਹਾਸਕ ਅਤੇ ਦਾਰਸ਼ਨਿਕ ਪਿਛੋਕੜ
Advertisement

ਡਾ. ਪਰਮਿੰਦਰ ਸਿੰਘ

Advertisement

ਭਗਤੀ ਯਾਨਿ ਕਿ ਭਗਤੀ ਕਰਨਾ ਜਾਂ ਧਿਆਉਣਾ। ਇੱਕ ਪਾਸੇ ਭਗਤੀ ਨੂੰ ਈਸ਼ਵਰ ਨਾਲ ਪ੍ਰੀਤ ਸੰਬੰਧ ਵਜੋਂ ਪ੍ਰਚਾਰਿਆ ਜਾਂਦਾ ਹੈ, ਦੂਜੇ ਪਾਸੇ ਭਗਤੀ ਨੂੰ ਹਿਰਦੇ ਦੀ ਉਸ ਭਾਵਨਾ ਨਾਲ ਜੋੜਿਆ ਜਾਂਦਾ ਹੈ ਜਿਸ ਵਿੱਚ ਭਗਤ ਪੂਰੀ ਤਰ੍ਹਾਂ ਈਸ਼ਵਰ ਵਿੱਚ ਅਭੇਦ ਹੋਵੇ ਅਤੇ ਈਸ਼ਵਰ ਦੀ ਰਚੀ ਸਾਰੀ ਸ਼੍ਰਿਸ਼ਟੀ ਪ੍ਰਤੀ ਸੇਵਾ ਭਾਵਨਾ ਰੱਖਣ ਵਾਲਾ ਹੋਵੇ। ਭਾਰਤੀ ਉਪ-ਮਹਾਂਦੀਪ ਵਿੱਚ ਪੈਦਾ ਹੋਈ ਇਸ ਭਗਤੀ ਧਾਰਾ ਦੇ ਭਗਤ ਕਵੀਆਂ ਨੂੰ ‘ਸੰਤ’ ਵੀ ਆਖ ਦਿੱਤਾ ਜਾਂਦਾ ਹੈ। ਪਰ ਦੋਵਾਂ ਸ਼ਬਦਾਂ ਦੀ ਵਿਉਤਪਤੀ ਵਿੱਚ ਫ਼ਰਕ ਦਰਸਾਇਆ ਜਾਂਦਾ ਹੈ ਭਾਵੇਂ ਗੁਣਾਤਮਕ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ ਦੱਸੀਆਂ ਜਾਂਦੀਆਂ ਹਨ। “ਭਗਤੀ ਸ਼ਬਦ ਦੀ ਵਿਉਤਪੱਤੀ ‘ਭਜ’ ਧਾਤੂ ਤੋਂ ਹੋਈ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਭਜਨਾ। ਇਸ ਦ੍ਰਿਸ਼ਟੀ ਤੋਂ ਇਸ ਸ਼ਬਦ ਦੀ ਵਰਤੋਂ ਭਾਵੇਂ ਵੇਦਾਂ ਅਤੇ ਮੁੱਢਲੇ ਉਪਨਿਸ਼ਦਾਂ ਵਿੱਚ ਨਹੀਂ ਮਿਲਦੀ, ਪਰ ਬਾਅਦ ਵਿੱਚ ਲਿਖੀ ਗਈ ਸ਼ਵੇਤਾਸ਼ਵਤਰ ਉਪਨਿਸ਼ਦ ਵਿੱਚ ਇਸ ਸ਼ਬਦ ਦੀ ਸਪਸ਼ਟ ਰੂਪ ਵਿੱਚ ਵਰਤੋਂ ਹੋਈ ਹੈ। ਇਸ ਤੋਂ ਬਾਅਦ ਇਸ ਦਾ ਉਪਯੋਗ ਭਾਰਤੀ ਅਧਿਆਤਮਕ ਸਾਹਿਤ ਵਿੱਚ ਆਮ ਹੋਣ ਲੱਗ ਪਿਆ।” “ਸ਼ਬਦ ‘ਭਗਤੀ’ ਸੰਸਕ੍ਰਿਤ ਦੇ ਧਾਤੂ ‘ਭਜ’ ਤੋਂ ਬਣਿਆ ਹੈ ਜਿਸਦਾ ਅਰਥ ਸੇਵਾ, ਸਨਮਾਨ, ਅਦਬ, ਪਿਆਰ, ਵੰਡਣਾ, ਪੂਜਣਾ ਮੰਨਿਆ ਗਿਆ ਹੈ, ਅਤੇ ਭਗਤੀ ਦਾ ਅਰਥ ਮੋਹ, ਲਗਨ ਅਤੇ ਵਿਸ਼ਵਾਸ, ਸਨਮਾਨ, ਉਪਾਸਨਾ, ਪਵਿੱਤਰਤਾ, ਯਕੀਨ ਜਾਂ ਪਿਆਰ ਜਾਂ ਲਗਨ ਲਈ ਚਾਅ।” ਰਿਸ਼ੀ ਸ਼ਾਂਡਲਿਯ ਮੁਤਾਬਿਕ ਪੁਰਾਨੁਰਕਤੀਰੀਸ਼ਵਰੇ ਯਾਨਿ ਕਿ ਭਗਵਾਨ ਨਾਲ ਪਰਮ ਅਨੁਰਕਤੀ (ਅਨੁਰਾਗ-ਪ੍ਰੇਮ)। ‘ਭਜ’ ਧਾਤੂ ਤੋਂ ਹੋਈ ਇਸ ਵਿਉਤਪਤੀ ਦਾ ਮੂਲ ਅਰਥ ਭਜਨਾ ਯਾਨਿ ਭਗਤੀ ਕਰਨਾ ਹੈ। ‘ਨਾਰਦ ਭਗਤੀ ਸੂਤਰ’ ਵਿੱਚ ਰਿਸ਼ੀ ਨਾਰਦ ਨੇ ਭਗਤੀ ਦੇ ਕਈ ਪੱਖਾਂ ਦਾ ਜ਼ਿਕਰ ਕਰਦਿਆਂ ਭਗਤੀ ਨੂੰ ਇੰਝ ਬਿਆਨ ਕੀਤਾ ਹੈ ਕਿ ਭਗਤੀ ਈਸ਼ਵਰ ਪ੍ਰਤੀ ਪਰਮ ਪ੍ਰੇਮਰੂਪਾ ਹੈ ਅਤੇ ਅੰਮ੍ਰਿਤ ਸਵਰੂਪਾ ਵੀ ਹੈ। ਰਿਸ਼ੀ ਨਾਰਦ ਨੇ ‘ਨਾਰਦ ਭਗਤੀ ਸੂਤਰ’ ਵਿੱਚ ਭਗਤੀ ਨੂੰ ਕੇਂਦਰਿਤ ਰੱਖ ਕੇ ਅਨੇਕਾਂ ਹੀ ਵਿਚਾਰ ਸੂਤਰਬੱਧ ਕੀਤੇ ਹਨ ਜਿਨ੍ਹਾਂ ਦਾ ਮਕਸਦ ਭਗਤੀ ਕੀ ਹੈ, ਕਿਵੇਂ ਕਰਨੀ ਚਾਹੀਦੀ ਹੈ, ਕਿਹੜੀਆਂ ਗੱਲਾਂ ਕਰਨੀਆਂ ਹਨ ਅਤੇ ਕਿਹੜੀਆਂ ਤੋਂ ਬਚਣਾ ਹੈ ਆਦਿ ਨੂੰ ਸ਼ਾਮਿਲ ਕੀਤਾ ਹੈ।
ਗੀਤਾ-ਅਧਿਆਇ 16, ਸ਼ਲੋਕ 66 ਅਨੁਸਾਰ ਗੀਤਾ ਨੂੰ ਭਗਤੀ ਦਾ ਪ੍ਰਧਾਨ ਗ੍ਰੰਥ ਮੰਨਿਆ ਗਿਆ ਹੈ ਅਤੇ ਇਸ ਵਿੱਚ ਭਗਤੀ ਦੇ ਦਾਰਸ਼ਨਿਕ ਅਤੇ ਸਾਧਨਾ ਪੱਖ ਦਾ ਰਾਹ ਦਰਸਾਇਆ ਗਿਆ ਹੈ ਪਰ ਮੁੱਖ ਰੂਪ ਵਿੱਚ ਭਗਤੀ ਦੇ ਸਾਧਨਾ ਅਤੇ ਉਪਾਸਨਾ ਪੱਖ ਨੂੰ ਹੀ ਉਭਾਰਿਆ ਗਿਆ ਹੈ। ਗੀਤਾ ਨੂੰ ਕ੍ਰਿਸ਼ਨ ਭਗਤੀ ਦਾ ਪਹਿਲਾ ਵਿਵਸਥਿਤ ਗ੍ਰੰਥ ਮੰਨਿਆ ਗਿਆ ਹੈ। ਕ੍ਰਿਸ਼ਨ ਭਗਤੀ ਦਾ ਰਾਹ ਇਸ ਗ੍ਰੰਥ ਤੋਂ ਹੀ ਸ਼ੁਰੂ ਹੁੰਦਾ ਹੈ ਅਤੇ ਸਗੁਣ ਭਗਤੀ ਵਿੱਚ ਕ੍ਰਿਸ਼ਨ ਦੀ ਸਥਾਪਤੀ ਇਸੇ ਗ੍ਰੰਥ ਰਾਹੀਂ ਹੁੰਦੀ ਹੈ।
ਭਗਤੀ ਨੂੰ ਸਨੇਹ ਭਾਵਨਾ ਨਾਲ ਜੋੜ ਇਸ ਦਾ ਆਰੰਭ ਵੈਦਿਕ ਕਾਲ ਅਤੇ ਉਸ ਤੋਂ ਵੀ ਪਿਛਾਂਹ ਸਨਾਤਨ ਮਤ ਤੱਕ ਜੋੜ ਦਿੱਤਾ ਜਾਂਦਾ ਹੈ। ਇਸ ਦਾ ਸ਼ੁਰੂਆਤੀ ਰੂਪ ਆਪਣੀਆਂ ਲੋੜਾਂ ਦੀ ਪੂਰਤੀ ਹਿਤ ਬਨਸਪਤੀ ਦੀ ਪੂਜਾ ਅਰਚਨਾ ਵਿੱਚੋਂ ਉਭਰਦਾ ਹੈ। ਜਿਹੜੀ ਚੀਜ਼ ਮਨੁੱਖੀ ਲੋੜ ਪੂਰੀ ਕਰਦੀ ਹੈ ਜਿਵੇਂ ਅੱਗ, ਹਵਾ, ਪਾਣੀ ਆਦਿ ਜਾਂ ਜਿਹੜੀ ਚੀਜ਼ ਤੋਂ ਮਨੁੱਖ ਭੈਅ ਖਾਂਦਾ ਹੈ ਜਿਵੇਂ ਮੌਤ, ਭੂਤ ਆਦਿ, ਉਹ ਪੂਜਣ ਯੋਗ ਹੋ ਗਈ। ਪੂਜਾ ਦੀ ਇਸ ਮੁੱਢਲੀ ਕਰਮਕਾਂਡੀ ਵਿਧੀ ਨੂੰ ਮੁੱਢਲੇ ਭਗਤੀ ਸਰੂਪ ਵਜੋਂ ਦਰਸਾਇਆ ਜਾਂਦਾ ਹੈ। ਪਰਸ਼ੂਰਾਮ ਚਤੁਰਵੇਦੀ ਜੀ ਲਿਖਦੇ ਹਨ: “ਸ਼ੁਰੂਆਤੀ ਸਾਧਨਾ ਜਾਂ ਭਗਤੀ ਦਾ ਰੂਪ ਸਤੁਤੀ-ਗਾਨ ਅਤੇ ਪਸ਼ੂ ਬਲੀ ਤੋਂ ਸ਼ੁਰੂ ਹੋਇਆ। ਉਹ ਫਿਰ ਯੋਗ, ਕਰਮ, ਤਪ ਗਿਆਨ, ਸਦਾਚਾਰ ਅਤੇ ਭਗਤੀ ਦਾ ਹੌਲ਼ੀ-ਹੌਲ਼ੀ ਰੂਪ ਧਾਰਨ ਕਰਨ ਲੱਗੀ।” ਭਗਤੀ ਨੂੰ ਪਰਿਭਾਸ਼ਿਤ ਕਰਨ ਲਈ ਮੁੱਢਲੇ ਰੂਪ ਵਿੱਚ ਇਹ ਉਦਾਹਰਨਾਂ ਲਈਆਂ ਜਾਂਦੀਆਂ ਹਨ ਜਦੋਂਕਿ ਇਹ ਕਰਮਕਾਂਡ ਸਨ ਅਤੇ ਜੇਕਰ ਭਗਤੀ ਦਾ ਕਿਸੇ ਸਾਹਿਤ ਰੂਪ ਵਿੱਚ ਸ਼ੁਰੂਆਤੀ ਲੱਛਣ ਮਿਲਦਾ ਹੈ ਤਾਂ ਉਹ ਗੀਤਾ ਹੈ। ਡਾ. ਪੀ. ਜਯਰਾਮਨ ਭਗਤੀ ਦਾ ਬੂਟਾ ਲਾਉਂਦੇ ਕਈ ਗ੍ਰੰਥਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ- “ਗੀਤਾ, ਮਹਾਂਭਾਰਤ, ਭਾਗਵਤ ਪੁਰਾਣ, ਬ੍ਰਹਮ ਪੁਰਾਣ, ਪਦਮ ਪੁਰਾਣ, ਵਿਸ਼ਣੂ ਪੁਰਾਣ, ਆਦਿ ਪੁਰਾਣਿਕਮ ਸਾਹਿਤ ਵਿੱਚ ਭਗਵਾਨ ਵਿਸ਼ਣੂ ਅਤੇ ਉਨ੍ਹਾਂ ਦੇ ਅਵਤਾਰਾਂ ਦੀ ਭਗਤੀ ਦੀ ਵਿਆਪਕ ਪਰਿਕਲਪਨਾ ਨੂੰ ਸਥਾਪਤ ਕੀਤਾ ਗਿਆ ਹੈ... ਇਸ ਮਗਰੋਂ ਇਹ ਸਾਰੇ ਭਾਰਤ ਵਿੱਚ ਰਾਗਮੂਲਕ ਭਗਤੀ ਦੇ ਰੂਪ ਵਿੱਚ ਹਾਵੀ ਰਹੀ।”
ਦੱਖਣ ਭਾਰਤ ਵਿੱਚੋਂ ਪੈਦਾ ਹੋਈ ਆਲਵਾਰ ਭਗਤੀ ਲਹਿਰ ਦੇ ਭਗਤਾਂ ਦੇ ਗਾਇਨਮਈ ਸ਼ਬਦਾਂ ਦੀ ਗਿਣਤੀ 4000 ਹੈ। ਆਲਵਾਰ ਭਗਤੀ ਸਾਹਿਤ ਦੇ ਇਨ੍ਹਾਂ ਸ਼ਬਦਾਂ ਨੂੰ ‘ਨਾਲਾਯਰ ਦਿਵਯ ਪ੍ਰਬੰਧਮ’ ਗ੍ਰੰਥ ਵਿੱਚ ਨਾਥਮੁਨੀ ਦੁਆਰਾ ਸੰਗ੍ਰਹਿਤ ਕੀਤਾ ਗਿਆ। ਇਸ ਨੂੰ ਤਾਮਿਲ ਵੇਦ ਦੀ ਸੰਗਿਆ ਵੀ ਦਿੱਤੀ ਜਾਂਦੀ ਹੈ। ਭਗਤੀ ਲਹਿਰ ਵਿੱਚ ਸ਼ੈਵ ਭਗਤਾਂ ਦੀ ਗਿਣਤੀ ਤਰੇਹਠ ਅਤੇ ਵਿਸ਼ਣੂ ਦੇ ਵੈਸ਼ਣਵ ਆਲਵਾਰ ਭਗਤਾਂ ਦੀ ਗਿਣਤੀ ਬਾਰਾਂ ਮੰਨੀ ਗਈ ਹੈ। ਸ਼ੈਵ ਭਗਤਾਂ ਨੂੰ ਨਯਨਮਾਰ ਅਤੇ ਵੈਸ਼ਣਵ ਭਗਤਾਂ ਨੂੰ ਆਲਵਾਰ ਕਿਹਾ ਜਾਂਦਾ ਸੀ। ਭਗਤੀ ਲਹਿਰ ਇਨ੍ਹਾਂ ਹੀ ਭਗਤਾਂ ਦੀ ਦੇਣ ਸੀ ਜੋ ਛੇਵੀਂ ਤੋਂ ਨੌਵੀਂ ਸਦੀ ਦਰਮਿਆਨ ਦੱਖਣ ਵਿਖੇ ਤਾਮਿਲਾਂ ਵਿੱਚ ਪੈਦਾ ਹੋਈ ਮੰਨੀ ਜਾਂਦੀ ਹੈ, ਇਸ ਸਮੇਂ ਨੂੰ ‘ਭਗਤੀ ਕਾਲ’ ਆਖਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਇਸੇ ਲਹਿਰ ਤੋਂ ਬਾਅਦ ਜਿਹੜੇ ਆਚਾਰਿਆ ਆਏ ਉਨ੍ਹਾਂ ਦੀਆਂ ਕਈ ਸੰਪਰਦਾਵਾਂ ਸਨ ਜਿਨ੍ਹਾਂ ਨੇ ਭਗਤੀ ਲਹਿਰ ਨੂੰ ਹੋਰ ਅੱਗੇ ਤੋਰਿਆ ਅਤੇ ਆਪੋ-ਆਪਣੇ ਭਗਤੀ ਜਾਂ ਸੰਪਰਦਾਇ ਸਿਧਾਂਤ ਵਿਕਸਿਤ ਕੀਤੇ। ਇਨ੍ਹਾਂ ਵਿੱਚ ੳ) ਰਾਮਾਨੁਜ ਅ) ਮਾਧਵ ੲ) ਨਿੰਬਾਰਕ ਸੰਪਰਦਾਵਾਂ ਪ੍ਰਮੁੱਖ ਹਨ।
‘ਆਲਵਾਰ’ ਸ਼ਬਦ ਵਿਸ਼ੇਸ਼ਕਰ ਉਨ੍ਹਾਂ ਤਾਮਿਲ ਵੈਸ਼ਣਵ ਭਗਤਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਸ਼ਬਦ ‘ਨਾਲਾਯਰ ਦਿਵਯ ਪ੍ਰਬੰਧਮ’ ਵਿੱਚ ਸੰਗ੍ਰਹਿਤ ਹਨ। “ਆਲਵਾਰ ਸ਼ਬਦ ਦਾ ਅਰਥ ਭਗਵਤ ਪ੍ਰੇਮ ਸਾਗਰ ਵਿੱਚ ਡੁੱਬਣ ਵਾਲੇ ਯਾਨਿ ਈਸ਼ਵਰੀ ਗਿਆਨ ਦੇ ਮੂਲ ਤੱਤ ਤੱਕ ਪਹੁੰਚ ਕੇ ਉਨ੍ਹਾਂ ਦੇ ਧਿਆਨ ਵਿੱਚ ਮਗਨ ਰਹਿਣ ਵਾਲ਼ੇ।” “ਆਲਵਾਰ ਸ਼ਬਦ ਦਾ ਇੱਕ ਅਰਥ ਮਗਨ ਹੋਣਾ ਵੀ ਹੁੰਦਾ ਹੈ। ਇਸ ਅਰਥ ਵਿੱਚ ਇਹ ਸ਼ਬਦ ਕਿਸੇ ਵੀ ਅਜਿਹੇ ਸੰਤ ਮਹਾਤਮਾ ਲਈ ਵਰਤਿਆ ਜਾ ਸਕਦਾ ਹੈ, ਜਿਸਨੇ ਅਧਿਆਤਮਿਕ ਗਿਆਨ ਰੂਪੀ ਸਾਗਰ ਵਿੱਚ ਗੋਤਾ ਲਾਇਆ ਹੋਵੇ। ਇਹ ਸ਼ਬਦ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਰੱਬੀ ਖ਼ੁਮਾਰੀ ਚੜ੍ਹੀ ਹੋਵੇ।” “ਤਾਮਿਲਾਂ ਦੇ ਪ੍ਰਾਚੀਨ ਸਾਹਿਤ ਵਿੱਚ ਕਾਵਿ ਸ਼ਾਸਤਰ ਅਨੁਸਾਰ ਦੋ ਹੀ ਵਿਸ਼ੇ ਹਨ ਜਿਨ੍ਹਾਂ ਨੂੰ ਗਾਇਆ ਜਾ ਸਕਦਾ ਹੈ- ਇੱਕ ‘ਅਹਿਮ’ (ਆਂਤਰਿਕ ਜਾਂ ਮਾਨਸਿਕ) ਅਤੇ ਦੂਜਾ ‘ਪਰਮ’ (ਬ੍ਰਹਮ)। ਭਗਤੀ, ਪ੍ਰੇਮ ਆਦਿ ਹਿਰਦੇ ਸਬੰਧੀ ਵਿਸ਼ੇ ‘ਅਹਿਮ’ ਦੇ ਅੰਤਰਗਤ ਆਉਂਦੇ ਹਨ ਅਤੇ ਯੁੱਧ, ਸ਼ਾਸਨ-ਵਿਗਿਆਨ, ਨੀਤੀ-ਸ਼ਾਸਤਰ ਆਦਿ ‘ਪਰਮ’ ਦੇ ਅੰਤਰਗਤ ਮੰਨੇ ਜਾਂਦੇ ਹਨ। ‘ਪਰਮ’ ਵਿੱਚ ਭਗਤੀ ਦੀ ਉਪਾਸਨਾ ਪੱਧਤੀ ਨੂੰ ਥਾਂ ਹਾਸਲ ਸੀ।” ਆਲਵਾਰ ਭਗਤਾਂ ਤੋਂ ਬਾਅਦ ਉਨ੍ਹਾਂ ਦੀ ਭਗਤੀ ਪਰੰਪਰਾ ਨੂੰ ਜਾਰੀ ਰੱਖਣ ਵਾਲੇ ਅਜਿਹੇ ਵਿਦਵਾਨ ਵੀ ਪੈਦਾ ਹੋਏ ਜਿਹੜੇ ਸੰਸਕ੍ਰਿਤ ਦੇ ਪੰਡਿਤ ਸਨ ਅਤੇ ਉਨ੍ਹਾਂ ਨੇ ਭਗਤੀ ਬਾਰੇ ਦਾਰਸ਼ਨਿਕ ਰੂਪ ਵਿੱਚ ਪਿੱਠਭੂਮੀ ਤਿਆਰ ਕੀਤੀ। ਉਹ ਆਪਣੇ ਵਿਰੋਧੀਆਂ ਨਾਲ ਸੰਵਾਦ ਕਰ ਆਪਣੇ ਸਿਧਾਂਤ ਦਾ ਨਿਰੂਪਣ ਕਰਦੇ ਸਨ। ਇਨ੍ਹਾਂ ਨੂੰ ‘ਅਚਾਰਿਆ’ ਕਿਹਾ ਜਾਂਦਾ ਸੀ। ਇਨ੍ਹਾਂ ਅਚਾਰਿਆ ਨੇ ਹੀ ਵਿਧੀਵਤ ਰੂਪ ਵਿੱਚ ਭਾਸ਼ ਲਿਖ ਤਰਕ ਰਾਹੀਂ ਸ਼ੰਕਰ ਦਾ ਖੰਡਨ ਕੀਤਾ। ਸ਼ੰਕਰ ਦੇ ਮਾਇਆਵਾਦ ਅਤੇ ਗਿਆਨਵਾਦ ਦੇ ਇਸੇ ਖੰਡਨ ਵਿੱਚੋਂ ਇਸ ਭਗਤੀ ਅੰਦੋਲਨ ਦੇ ਪੂਰਵ ਅਤੇ ਸਵੈ ਚਿੰਤਨ ਦੀ ਸ਼ੁਰੂਆਤ ਹੁੰਦੀ ਹੈ। ਭਗਤੀ-ਯੋਗ ਦੀ ਪ੍ਰਾਪਤੀ ਲਈ ਰਾਮਾਨੁਜ ਨੇ ਸੱਤ ਸਾਧਨਾਂ ਦਾ ਵਰਣਨ ਕੀਤਾ ਹੈ- 1) ਪਵਿੱਤਰ ਅੰਨ ਰਾਹੀਂ ਸਰੀਰ ਦੀ ਸ਼ੁੱਧੀ, 2) ਸਦਾਚਾਰ, 3) ਅਨਵਰਤ ਅਭਿਆਸ, 4) ਪੰਜ ਮਹਾਂਯੱਗਾਂ ਦਾ ਸੰਪਾਦਨ, 5) ਸੱਚ, ਦਇਆ, ਦਾਨ, ਅਹਿੰਸਾ ਆਦਿ ਦਾ ਪਾਲਣ, 6) ਆਸ਼ਾਵਾਦੀ ਹੋਣਾ ਅਤੇ 7) ਹੰਕਾਰ ਦਾ ਤਿਆਗ। ਇਨ੍ਹਾਂ ਸਾਧਨਾਂ ਰਾਹੀਂ ਭਗਤੀ ਸਿੱਧ ਹੁੰਦੀ ਹੈ।
ਭਗਤੀ ਲਹਿਰ ਵਿੱਚ ਸਭ ਤੋਂ ਵਧੇਰੇ ਜ਼ੋਰ ‘ਭਗਤੀ’ ਸ਼ਬਦ ’ਤੇ ਦਿੱਤਾ ਜਾਂਦਾ ਹੈ ਅਤੇ ਆਲਵਾਰਾਂ ਨੂੰ ਇਸ ਭਗਤੀ ਲਹਿਰ ਦੇ ਸੰਸਥਾਪਕ ਰੂਪ ਵਿੱਚ ਵੇਖਿਆ ਜਾਂਦਾ ਹੈ ਜਦੋਂਕਿ ਉਨ੍ਹਾਂ ਕੋਲ ਜਿਹੜੀ ਸਮਕਾਲੀ ਭਗਤੀ ਦੀ ਤਾਮਿਲ ਜਾਂ ਕੰਨੜ ਕਿਸਮ ਸੀ ਉਸ ਨੂੰ ‘ਪ੍ਰਪੱਤੀ’ ਆਖਿਆ ਜਾਂਦਾ ਸੀ। ਆਲਵਾਰ ਭਗਤਾਂ ਕੋਲ ਭਗਤੀ ਦੀ ਆਪਣੀ ਕਿਸਮ ‘ਪ੍ਰਪੱਤੀ’ ਸੀ। ਕੁਝ ਧਰਮ-ਸ਼ਾਸਤਰੀ ‘ਭਗਤੀ’ ਅਤੇ ‘ਪ੍ਰਪੱਤੀ’ ਦਰਮਿਆਨ ਕਾਫ਼ੀ ਅੰਤਰ ਬਿਆਨ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੱਧਕਾਲੀ ਅਤੇ ਮੌਜੂਦਾ ਦੌਰ ਦੀ ਭਗਤੀ ‘ਭਗਤੀ ਅਤੇ ‘ਪ੍ਰਪੱਤੀ’ ਦਾ ਮਿਸ਼ਰਣ ਹੈ। ਤਾਮਿਲ ‘ਪ੍ਰਪੱਤੀ’ ਅਤੇ ਸੰਸਕ੍ਰਿਤ ‘ਭਗਤੀ’ ਦੇ ਸੰਵਾਦ ਨਾਲ ਆਲਵਾਰ ਭਗਤਾਂ ਦੀ ਭਗਤੀ ਹੋਂਦ ਵਿੱਚ ਆਉਂਦੀ ਹੈ। ਇਹ ਦੋ ਸੱਭਿਆਤਾਵਾਂ ਅਤੇ ਰਵਾਇਤਾਂ ਦਾ ਪਰਸਪਰ ਸੰਵਾਦ ਸੀ।
ਨੰਮਾਲਵਾਰ ਅਤੇ ਤਿਰੂਮਲਿਸ਼ੈ ਆਦਿ ਸਾਰੇ ਆਲਵਾਰ ਭਗਤਾਂ ਨੇ ਆਪਣੇ ਇਸ਼ਟ ਕ੍ਰਿਸ਼ਨ ਨੂੰ ਪਾਰਬ੍ਰਹਮ ਵਿਸ਼ਣੂ ਦੇ ਅਵਤਾਰ ਰੂਪ ਵਿੱਚ ਚਿਤਰਿਆ ਹੈ। ਆਲਵਾਰ ਭਗਤਾਂ ਨੇ ਵਿਸ਼ਣੂ ਨੂੰ ਸਰਵੋਤਮ ਵਿਸ਼ੇਸ਼ਣਾਂ ਸਹਿਤ ਤਸੱਵਰ ਕੀਤਾ ਹੈ ਅਤੇ ਅਧਿਆਤਮਕ ਜਗਤ ਵਿੱਚ ਅਜਿਹਾ ਕੋਈ ਹੀ ਵਿਸ਼ੇਸ਼ਣ ਹੋਵੇ ਜਿਹੜਾ ਵਿਸ਼ਣੂ ਜਾਂ ਕ੍ਰਿਸ਼ਨ ਲਈ ਨਾ ਵਰਤਿਆ ਹੋਵੇ। ਉਨ੍ਹਾਂ ਉਸਨੂੰ ਪੁਰਸ਼ੋਤਮ, ਬ੍ਰਹਮ ਆਦਿ ਸਰਵੋਤਮ ਉਪਾਧੀਯੁਕਤ ਚਿਤਰਿਆ ਹੈ। ਆਲਵਾਰ ਵਿਸ਼ਣੂ ਨੂੰ ਸਾਰੇ ਦੇਵਤਿਆਂ ਤੋਂ ਸ਼ਿਰੋਮਣੀ ਮੰਨਦੇ ਹਨ ਅਤੇ ਹਰ ਸ਼ੈਅ ਨੂੰ ਉਸ ਦੀ ਦੀ ਅੰਸ਼ ਸਮਝਦੇ ਹਨ। ਉਹ ਸ਼ਿਵ, ਬ੍ਰਹਮਾ, ਇੰਦਰ ਆਦਿ ਸਾਰੇ ਦੇਵਤਿਆਂ ਦੇ ਪਾਲਕ ਵਿਸ਼ਣੂ ਨੂੰ ਹੀ ਮੰਨਦੇ ਹਨ। ਆਲਵਾਰ ਭਗਤ ਦਾ ਇਹ ਸੰਵਾਦ ‘ਤਾਮਿਲ ਨਰਾਇਣ’ ਨੂੰ ‘ਵੈਦਿਕ ਵਿਸ਼ਣੂ’ ਦੇ ਏਕੀਕਰਨ ਰਾਹੀਂ ਵਿਸ਼ਣੂ ਰੂਪ ਸਵੀਕਾਰਨ ਦਾ ਹੈ।
ਮੱਧਕਾਲ ਦੌਰਾਨ ਉੱਤਰ ਭਾਰਤੀ ਭਗਤੀ ਕਾਵਿ ਵਿੱਚ ਚਾਰ ਸੰਪਰਦਾਵਾਂ ਪ੍ਰਮੁੱਖ ਰਹੀਆਂ ਹਨ- ੳ) ਵੱਲਭ ਸੰਪਰਦਾਇ, ਅ) ਚੈਤੰਨਯ ਸੰਪਰਦਾਇ, ੲ) ਰਾਧਾਵੱਲਭ ਸੰਪਰਦਾਇ, ਸ) ਹਰਿਦਾਸੀ ਜਾਂ ਸਖੀ ਸੰਪਰਦਾਇ। ਇਨ੍ਹਾਂ ਸੰਪਰਦਾਵਾਂ ਦੀ ਵਿਸ਼ੇਸ਼ਤਾ ਰਾਧਾ ਭਗਤੀ ਸੀ। ਰਾਧਾਵੱਲਭ ਸੰਪਰਦਾਇ ਦਾ ਮੂਲ ਆਧਾਰ ਰਾਧਾ ਪ੍ਰੇਮ ਹੈ। ਇਹ ਰਾਧਾ ਕ੍ਰਿਸ਼ਨ ਪ੍ਰੇਮ ਨੂੰ ਨਿਸ਼ਕਾਮ ਮੰਨਦੇ ਹਨ ਅਤੇ ਇਨ੍ਹਾਂ ਮੁਤਾਬਿਕ ਰਾਧਾ ਤੋਂ ਬਗ਼ੈਰ ਕ੍ਰਿਸ਼ਨ ਨੂੰ ਨਹੀਂ ਪੂਜ ਸਕਦੇ। ਇਨ੍ਹਾਂ ਵਿੱਚ ਸਭ ਤੋਂ ਵੱਖਰੀ ਕਿਸਮ ਦਾ ਮੁਕਤੀ ਸੰਬੰਧੀ ਮਤ ‘ਹਰਿਦਾਸੀ ਸੰਪਰਦਾਇ’ ਵਿੱਚ ਪ੍ਰਾਪਤ ਹੁੰਦਾ ਹੈ। ਇਸ ਸੰਪਰਦਾਇ ਦੇ ਇਸ਼ਟ ਕ੍ਰਿਸ਼ਨ ਹੀ ਹਨ ਪਰ ਉਪਾਸਨਾ ਹਿਤ ਮੁਕਤੀ ਲਈ ਵਿਸ਼ਣੂ ਜਾਂ ਕ੍ਰਿਸ਼ਨ ਨਾਲੋਂ ਰਾਧਾ ਦੀ ਹੋਂਦ ਵਿਸ਼ੇਸ਼ ਮਹੱਤਵ ਰੱਖਦੀ ਹੈ। ਰਾਧਾ ਅਤੇ ਕ੍ਰਿਸ਼ਨ ਦੀ ਯੁਗਲ-ਭਗਤੀ ਰਾਹੀਂ ਹੀ ਮੁਕਤੀ ਸੰਭਵ ਹੈ। ਇਸ ਕਿਸਮ ਦੀ ਭਗਤੀ ਨੂੰ ਸਖੀ ਭਗਤੀ ਦੀ ਸੰਗਿਆ ਦਿੱਤੀ ਗਈ ਹੈ ਅਤੇ ਇਸ ਵਿੱਚ ਭਗਤ ਸਵੈ ਨੂੰ ਗੋਪੀ ਰੂਪ ਚਿਤਵ ਕੇ ਕ੍ਰਿਸ਼ਨ ਨੂੰ ਆਪਣਾ ਅਰਾਧਿਯ ਚਿਤਵਦਾ ਹੈ ਅਤੇ ਇਸੇ ਕਾਰਨ ਰਾਧਾ ਤੋਂ ਬਗੈਰ ਇਹ ਸੰਪਰਦਾਇ ਭਗਤੀ ਜਾਂ ਮੁਕਤੀ ਨੂੰ ਨਹੀਂ ਮੰਨਦੀ।
ਇਸ ਪ੍ਰਕਾਰ ਦੱਖਣ ਤੋਂ ਸ਼ੁਰੂ ਹੋਈ ਵੈਸ਼ਣਵ ਭਗਤੀ ਲਹਿਰ ਉੱਤਰ ਤੱਕ ਆਉਂਦਿਆਂ ਵਿਭਿੰਨ ਰੂਪਾਂ ਵਿੱਚ ਸਾਹਮਣੇ ਆਉਂਦੀ ਹੈ। ਦੱਖਣ ਦੀ ਸ਼ਿਵ ਅਤੇ ਵਿਸ਼ਣੂ ਭਗਤੀ ਉੱਤਰ ਵਿੱਚ ਆ ਕੇ ਰਾਮ ਭਗਤੀ ਦਾ ਰੂਪ ਵਟਾ ਲੈਂਦੀ ਹੈ ਅਤੇ ਭਗਤ ਰਾਮਾਨੰਦ ਇਸ ਦੇ ਪ੍ਰਮੁੱਖ ਪ੍ਰਚਾਰਕ ਵਜੋਂ ਸਥਾਪਿਤ ਹੋਏ। ਭਗਤੀ ਦੇ ਇਤਿਹਾਸ ਵਿੱਚ ਆਲਵਾਰ ਭਗਤਾਂ ਤੋਂ ਇਲਾਵਾਂ ਮਰਾਠੀ, ਗੁਜਰਾਤੀ, ਬੰਗਾਲੀ ਆਦਿ ਭਗਤੀ ਪਰੰਪਰਾਵਾਂ ਵੀ ਮਿਲਦੀਆਂ ਹਨ ਪਰ ਜੋ ਵੀ ਹੋਵੇ ਭਗਤੀ ਲਹਿਰ ਦਾ ਪਿਛੋਕੜ ਅਤੇ ਆਰੰਭ ਬਿੰਦੂ ਦੱਖਣ ਵਿੱਚ ਉਤਪੰਨ ਹੋਈ ਤਾਮਿਲ ਭਗਤਾਂ ਦੀ ਆਲਵਾਰ ਭਗਤੀ ਲਹਿਰ ਹੀ ਸੀ।
* ਸਹਾਇਕ ਪ੍ਰੋਫੈਸਰ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲ਼ਾ
ਸੰਪਰਕ: 86993-39684

Advertisement

Advertisement
Author Image

sukhwinder singh

View all posts

Advertisement