ਇਤਿਹਾਸਕ ਪ੍ਰਾਪਤੀ
ਬੁੱਧਵਾਰ ਭਾਰਤ ਨੇ ਇਤਿਹਾਸ ਰਚਿਆ। ਚੰਦਰਯਾਨ-3 ਦੁਆਰਾ ਲਿਜਾਇਆ ਗਿਆ ਵਿਕਰਮ ਲੈਂਡਰ ਸਫਲਤਾਪੂਰਵਕ ਚੰਦ ਦੇ ਦੱਖਣੀ ਧਰੁਵ ’ਤੇ ਉਤਰਿਆ। ਭਾਰਤ ਚੰਦਰਮਾ ਦੇ ਇਸ ਹਿੱਸੇ ’ਤੇ ਖੋਜ-ਯੰਤਰ ਭੇਜਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਸੋਵੀਅਤ ਯੂਨੀਅਨ, ਅਮਰੀਕਾ ਅਤੇ ਚੀਨ ਹੀ ਚੰਦ ’ਤੇ ਆਪਣੇ ਖੋਜ-ਯੰਤਰ ਭੇਜ ਸਕੇ ਹਨ। ਇਹ ਸਫਲਤਾ ਵੱਡੇ ਪਸਾਰਾਂ ਵਾਲੀ ਹੈ ਅਤੇ ਭਾਰਤ ਤੇ ਪੂਰੀ ਮਾਨਵਤਾ ਦੇ ਵਿਗਿਆਨ ਦੇ ਇਤਿਹਾਸ ਵਿਚ ਮੀਲ ਪੱਥਰ ਹੈ। ਇਹ ਸਾਰੇ ਦੇਸ਼ ਲਈ ਗੌਰਵ ਤੇ ਮਾਣ-ਸਨਮਾਨ ਦੀ ਘੜੀ ਹੈ; ਇਹ ਮਾਣ-ਸਨਮਾਨ ਦੇਸ਼ ਦੇ ਵਿਗਿਆਨੀਆਂ ਦੀ ਮਿਹਨਤ ਤੇ ਸਿਰੜ ਦਾ ਨਤੀਜਾ ਹੈ। ਭਾਰਤੀ ਪੁਲਾੜ ਖੋਜ ਸੰਸਥਾ (Indian Space Research Organisation-ਇਸਰੋ) ਦੇ ਸਾਰੇ ਵਿਗਿਆਨੀਆਂ ਨੇ ਇਸ ਵਿਚ ਮਹੱਤਵਪੂਰਨ ਹਿੱਸਾ ਪਾਇਆ ਅਤੇ ਉਹ ਸਾਰੇ ਵਿਗਿਆਨੀ ਵਧਾਈ ਅਤੇ ਸਾਰੇ ਦੇਸ਼ ਵੱਲੋਂ ਵੱਡੇ ਮਾਣ-ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਵੱਲੋਂ ਕੀਤੀ ਗਈ ਖੋਜ ਅਤੇ ਯਤਨ ਉੱਚਤਮ ਪੱਧਰ ਦੇ ਹਨ। ਇਸ ਉਪਰਾਲੇ ਵਿਚ ਹੋਰ ਸੰਸਥਾਵਾਂ ਦੇ ਵਿਗਿਆਨੀਆਂ ਨੇ ਵੀ ਹਿੱਸਾ ਪਾਇਆ ਅਤੇ ਇਸ ਤਰ੍ਹਾਂ ਇਹ ਦੇਸ਼ ਦੇ ਵਿਗਿਆਨੀਆਂ ਦੀ ਸਮੂਹਿਕ ਸਫਲਤਾ ਹੈ। ਭਾਰਤ ਚੰਦਰਮਾ ’ਤੇ ਖੋਜ-ਯੰਤਰ ਉਤਾਰਨ ਵਾਲਾ ਪਹਿਲਾ ਵਿਕਾਸਸ਼ੀਲ ਦੇਸ਼ ਹੈ।
ਇਸ ਮਹਾਨ ਉਪਰਾਲੇ ਨੂੰ ਅੰਜਾਮ ਦੇਣ ਵਾਲੀ ਸੰਸਥਾ ਇਸਰੋ 1969 ਵਿਚ ਹੋਂਦ ਵਿਚ ਆਈ। ਇਸ ਤੋਂ ਪਹਿਲਾਂ ਦੇਸ਼ ਵਿਚ ਪੁਲਾੜ ਸਬੰਧੀ ਖੋਜ ਦੀ ਨਿਗਰਾਨੀ ਪਰਮਾਣੂ ਊਰਜਾ ਵਿਭਾਗ (Department of Atomic Energy) ਕਰਦਾ ਸੀ। ਵੀਹਵੀਂ ਸਦੀ ਵਿਚ ਨੋਬੇਲ ਪੁਰਸਕਾਰ ਜੇਤੂ ਵਿਗਿਆਨੀ ਸੀਵੀ ਰਮਨ ਅਤੇ ਮੇਘਨੰਦ ਸਾਹਾ ਨੇ ਪੁਲਾੜ ਸਬੰਧੀ ਵੱਡੀਆਂ ਖੋਜਾਂ ਕੀਤੀਆਂ। ਬਾਅਦ ਵਿਚ ਵਿਕਰਮ ਸਾਰਾਭਾਈ ਹੋਮੀ ਭਾਬਾ ਪੁਲਾੜ ਅਤੇ ਪਰਮਾਣੂ ਖੇਤਰਾਂ ਨਾਲ ਸਬੰਧਿਤ ਖੋਜ ਵਿਚ ਮੁੱਖ ਵਿਗਿਆਨੀ ਬਣ ਕੇ ਉੱਭਰੇ। 1962 ਵਿਚ ਪੁਲਾੜ ਸਬੰਧੀ ਖੋਜ ਦੀ ਭਾਰਤੀ ਕੌਮੀ ਖੋਜ ਕਮੇਟੀ (Indian National Committee for Space Research) ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਅਗਵਾਈ ਵਿਚ ਬਣਾਈ ਗਈ। ਵਿਕਰਮ ਸਾਰਾਭਾਈ 1963 ਤੋਂ 1971 ਤਕ ਇਸ ਕਮੇਟੀ ਦੇ ਚੇਅਰਮੈਨ ਰਹੇ ਅਤੇ ਬਾਅਦ ਵਿਚ ਇਸਰੋ ਦੇ ਬਾਨੀ ਚੇਅਰਮੈਨ ਬਣੇ। 1972 ਵਿਚ ਵੱਖਰਾ ਪੁਲਾੜ ਵਿਭਾਗ ਸਥਾਪਿਤ ਕੀਤਾ ਗਿਆ ਅਤੇ ਦੇਸ਼ ਨੇ ਪੁਲਾੜ ਸਬੰਧੀ ਖੋਜ ਵਿਚ ਵੱਡੇ ਕਦਮ ਚੁੱਕੇ। 1980 ਤੋਂ ਇਸਰੋ ਨੇ ਪੁਲਾੜ ਵਿਚ ਉਪ-ਗ੍ਰਹਿ (Satellite) ਭੇਜਣੇ ਸ਼ੁਰੂ ਕੀਤੇ। ਇਹ ਉਪ-ਗ੍ਰਹਿ ਭੇਜਣ ਵਿਚ ਪਹਿਲਾਂ ਸੋਵੀਅਤ ਯੂਨੀਅਨ ਅਤੇ ਬਾਅਦ ਵਿਚ ਫਰਾਂਸ ਦੀ ਸਹਾਇਤਾ ਲਈ ਗਈ ਪਰ ਨਾਲ ਨਾਲ ਦੇਸ਼ ਅੰਦਰ ਹੋਣ ਵਾਲੀ ਖੋਜ ਨੇ ਵੱਡੀ ਤਰੱਕੀ ਕੀਤੀ।
2008 ਤੋਂ ਇਸਰੋ ਨੇ ਚੰਦਰਮਾ ਵੱਲ ਉਡਾਣਾਂ ਭਰਨ ਦਾ ਸਿਲਸਿਲਾ ਆਰੰਭਿਆ ਅਤੇ ਉਸ ਸਾਲ ਚੰਦਰਯਾਨ-1 ਭੇਜਿਆ ਗਿਆ। ਇਸ ਦਾ ਕੰਮ ਚੰਦਰਮਾ ਦੁਆਲੇ ਚੱਕਰ ਲਗਾਉਣਾ, ਖੋਜ ਕਰਨਾ ਅਤੇ ਤਸਵੀਰਾਂ ਭੇਜਣਾ ਸੀ। ਚੰਦਰਯਾਨ-1 ਦੀ ਵੱਡੀ ਸਫਲਤਾ ਇਹ ਸੀ ਕਿ ਇਸ ਦੁਆਰਾ ਭੇਜੇ ਗਏ ਡੇਟਾ ਰਾਹੀਂ ਇਹ ਪੁਸ਼ਟੀ ਹੋਈ ਕਿ ਚੰਦਰਮਾ ’ਤੇ ਪਾਣੀ ਮੌਜੂਦ ਹੈ। 2013 ਵਿਚ ਦੇਸ਼ ਦੁਆਰਾ ਮੰਗਲ ਗ੍ਰਹਿ ’ਤੇ ਖੋਜ ਲਈ ਮੰਗਲਯਾਨ ਭੇਜਿਆ ਗਿਆ ਜੋ ਕਿਸੇ ਦੂਸਰੇ ਗ੍ਰਹਿ ਨੂੰ ਭੇਜਿਆ ਜਾਣ ਵਾਲਾ ਪਹਿਲਾ ਖੋਜ-ਯੰਤਰ ਹੈ। 2003 ਵਿਚ ਦੇਸ਼ ਦੇ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵਿਗਿਆਨੀਆਂ ਨੂੰ ਪੁਲਾੜੀ ਜਹਾਜ਼ਾਂ ਵਿਚ ਯਾਤਰੀ ਭੇਜਣ ਲਈ ਉਤਸ਼ਾਹਿਤ ਕੀਤਾ ਸੀ ਅਤੇ ਇਸਰੋ ਉਸ ਲਈ ਵੀ ਲਗਾਤਾਰ ਯਤਨ ਕਰ ਰਹੀ ਹੈ। ਇਸਰੋ ਦਾ ਇਕ ਮਹੱਤਵਪੂਰਨ ਟੀਚਾ ਇਹ ਹੈ ਕਿ ਪੁਲਾੜ ਵਿਚ ਸਥਾਈ ਖੋਜ ਸਟੇਸ਼ਨ ਕਾਇਮ ਕੀਤਾ ਜਾਵੇ।
ਚੰਦਰਯਾਨ-2 ਇਸਰੋ ਦੁਆਰਾ ਚੰਦ ਵੱਲ ਭੇਜਿਆ ਗਿਆ ਦੂਸਰਾ ਮਿਸ਼ਨ ਸੀ। ਇਹ ਜੁਲਾਈ 2019 ਨੂੰ ਪੁਲਾੜ ਵਿਚ ਭੇਜਿਆ ਗਿਆ ਅਤੇ ਇਸ ਨੇ ਚੰਦ ਦੇ ਤਲ ’ਤੇ ਵਿਕਰਮ ਲੈਂਡਰ ਉਤਾਰਨਾ ਸੀ। ਉਸ ਸਮੇਂ ਸਾਰਾ ਸਫ਼ਰ ਸਹੀ ਹੋਇਆ ਪਰ ਆਖ਼ਰੀ ਮੌਕੇ ਵਿਕਰਮ ਲੈਂਡਰ ਸਫਲਤਾਪੂਰਵਕ ਚੰਦ ’ਤੇ ਨਹੀਂ ਸੀ ਉਤਰ ਸਕਿਆ। ਕਿਹਾ ਜਾਂਦਾ ਹੈ ਕਿ ਵਿਗਿਆਨ ਦੇ ਸਫ਼ਰ ਵਿਚ ਗ਼ਲਤੀਆਂ ਤੇ ਅਸਫਲਤਾਵਾਂ ਦਾ ਆਪਣਾ ਮਹੱਤਵ ਹੁੰਦਾ ਹੈ ਕਿਉਂਕਿ ਉਹ ਵਿਗਿਆਨੀਆਂ ਨੂੰ ਇਹ ਦੱਸਦੀਆਂ ਹਨ ਕਿ ਉਨ੍ਹਾਂ ਦੇ ਯਤਨਾਂ ਵਿਚ ਕਿੱਥੇ ਕਿੱਥੇ ਖ਼ਾਮੀਆਂ ਹਨ। ਪੁਲਾੜ ਵਿਗਿਆਨ ਨਾਲ ਸਬੰਧਿਤ ਖੋਜ ਭੌਤਿਕ ਵਿਗਿਆਨ, ਹਿਸਾਬ, ਤਾਰਾ ਵਿਗਿਆਨ, ਧਾਤਾਂ ਸਬੰਧੀ ਵਿਗਿਆਨ ਅਤੇ ਵਿਗਿਆਨ ਦੇ ਹੋਰ ਖੇਤਰਾਂ ਨਾਲ ਜੁੜੀ ਹੋਈ ਹੈ। ਹੁਣ ਕੰਪਿਊਟਰ ਵਿਗਿਆਨ ਇਸ ਖੋਜ ਵਿਚ ਵੱਡਾ ਹਿੱਸਾ ਪਾਉਂਦਾ ਹੈ। ਪੁਲਾੜ ਸਬੰਧੀ ਖੋਜ ਅਤੇ ਖ਼ਾਸ ਕਰ ਕੇ ਚੰਦਰਯਾਨ ਜਿਹੇ ਮਿਸ਼ਨਾਂ ਵਿਚ ਵਿਗਿਆਨੀਆਂ ਨੂੰ ਕਰੜੀ ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਗ਼ਲਤੀ ਦੀ ਕੋਈ ਗੁੰਜਾਇਸ਼ ਨਾ ਰਹੇ।
2019 ਤੋਂ ਹੀ ਚੰਦਰਯਾਨ-3 ਦੀਆਂ ਤਿਆਰੀਆਂ ਆਰੰਭੀਆਂ ਗਈਆਂ ਅਤੇ 14 ਜੁਲਾਈ 2023 ਨੂੰ ਚੰਦਰਯਾਨ ਨੇ ਚੰਦਰਮਾ ਵੱਲ ਯਾਤਰਾ ਸ਼ੁਰੂ ਕੀਤੀ ਜਿਹੜੀ ਬੁੱਧਵਾਰ ਮੁਕੰਮਲ ਹੋਈ। ਧਰਤੀ ਦੁਆਲੇ ਚੱਕਰ ਲਾਉਣ ਤੋਂ ਬਾਅਦ ਚੰਦਰਯਾਨ ਨੇ ਚੰਦ ਵੱਲ ਸਫ਼ਰ ਸ਼ੁਰੂ ਕੀਤਾ ਅਤੇ ਬਾਅਦ ਵਿਚ ਚੰਦਰਮਾ ਦੇ ਗੁਰੂਤਾ ਖੇਤਰ ਵਿਚ ਦਾਖ਼ਲ ਹੋਇਆ। ਬੁੱਧਵਾਰ ਵਿਕਰਮ ਲੈਂਡਰ ਨੂੰ ਚੰਦ ਦੇ ਤਲ ’ਤੇ ਉਤਾਰ ਕੇ ਦੇਸ਼ ਨੇ ਚੰਦ ਸਬੰਧੀ ਖੋਜ ਵਿਚ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਵਿਕਰਮ ਲੈਂਡਰ ਵਿਚੋਂ ਚੰਦ ਦੇ ਤਲ ’ਤੇ ਘੁੰਮ-ਫਿਰ ਕੇ ਖੋਜ ਕਰਨ ਵਾਲੇ ਯੰਤਰ ਪ੍ਰਾਗਯਾਨ ਰੋਵਰ ਨੇ ਬਾਹਰ ਆ ਕੇ ਖੋਜ ਕਰਨੀ ਹੈ। ਇਸਰੋ ਦੇ ਸੈਂਕੜੇ ਵਿਗਿਆਨੀਆਂ ਨੇ ਇਸ ਖੋਜ ਕਾਰਜ ਵਿਚ ਹਿੱਸਾ ਪਾਇਆ ਹੈ। ਵਿਕਰਮ ਲੈਂਡਰ ਦਾ ਨਾਂ ਦੇਸ਼ ਦੇ ਨਾਮੀ ਪੁਲਾੜ ਵਿਗਿਆਨੀ ਵਿਕਰਮ ਸਾਰਾਭਾਈ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਸਮੇਂ ਐੱਸ ਸੋਮਨਾਥ ਇਸਰੋ ਦੇ ਮੁਖੀ ਹਨ। ਐੱਸ ਮੋਹਨਕੁਮਾਰ ਇਸ ਮਿਸ਼ਨ ਦੇ ਡਾਇਰੈਕਟਰ ਅਤੇ ਪੀ ਵੀਰਾਮਥੂਵਲ (P. Veeramuthuvel) ਪ੍ਰਾਜੈਕਟ ਡਾਇਰੈਕਟਰ ਹਨ। ਇਸਰੋ ਦੇ ਖੋਜ ਕੇਂਦਰਾਂ ਦੇ ਮੁਖੀਆਂ ਨੇ ਇਸ ਵਿਚ ਵੱਡਾ ਹਿੱਸਾ ਪਾਇਆ ਹੈ। ਇਹ ਵਿਗਿਆਨੀ ਟੀਮ ਦੇ ਆਗੂ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਵਿਗਿਆਨੀਆਂ ਦੇ ਸਮੂਹਿਕ ਯਤਨ ਦਾ ਸਿੱਟਾ ਹੈ। 50 ਤੋਂ ਵੱਧ ਮਹਿਲਾ ਵਿਗਿਆਨੀ ਵੀ ਇਸ ਟੀਮ ਦਾ ਹਿੱਸਾ ਹਨ ਅਤੇ ਕੇ ਕਲਪਨਾ (ਡਿਪਟੀ ਪ੍ਰਾਜੈਕਟ ਡਾਇਰੈਕਟਰ) ਤੇ ਐੱਮ ਵਨੀਤਾ ਨੇ ਇਸ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਅਤੇ ਸਾਰੇ ਦੇਸ਼ ਨੂੰ ਵਧਾਈ ਦਿੱਤੀ ਹੈ। ਸਾਰੇ ਦੇਸ਼ ਨੂੰ ਆਪਣੇ ਵਿਗਿਆਨੀਆਂ ’ਤੇ ਮਾਣ ਹੈ। ਇਸਰੋ ਅਗਲੇ ਸਾਲ ਪੁਲਾੜ ਜਹਾਜ਼ ਗਗਨਯਾਨ ਵਿਚ ਯਾਤਰੀ ਭੇਜਣ ਦੀਆਂ ਤਿਆਰੀਆਂ ਵਿਚ ਜੁੱਟੀ ਹੋਈ ਹੈ।
ਚੰਦ ਦੇ ਤਲ ’ਤੇ ਸਫਲਤਾਪੂਰਵਕ ਖੋਜ-ਯੰਤਰ ਉਤਾਰਨਾ ਨਵੀਂ ਸ਼ੁਰੂਆਤ ਹੈ। ਇਸ ਤੋਂ ਮਹੱਤਵਪੂਰਨ ਡੇਟਾ ਸਾਹਮਣੇ ਆਉਣਾ ਹੈ ਜਿਸ ਤੋਂ ਬ੍ਰਹਿਮੰਡ ਦੇ ਬਣਨ ਅਤੇ ਬਾਅਦ ਵਿਚ ਹੋਏ ਵਿਕਾਸ ਬਾਰੇ ਅੰਤਰ-ਦ੍ਰਿਸ਼ਟੀਆਂ ਮਿਲਣੀਆਂ ਹਨ। ਇਸ ਨਾਲ ਭੌਤਿਕ ਵਿਗਿਆਨ, ਹਿਸਾਬ, ਤਾਰਾ ਵਿਗਿਆਨ, ਪੁਲਾੜ ਵਿਗਿਆਨ ਅਤੇ ਵਿਗਿਆਨ ਦੇ ਹੋਰ ਖੇਤਰਾਂ ਵਿਚ ਤਰੱਕੀ ਵੀ ਹੋਣੀ ਹੈ ਅਤੇ ਖੋਜ ਦੇ ਨਵੇਂ ਦਿਸਹੱਦੇ ਵੀ ਉਭਰਨੇ ਹਨ। ਭਾਰਤ, ਯੂਨਾਨ,
ਇਟਲੀ, ਮਿਸਰ ਤੇ ਹੋਰ ਦੇਸ਼ਾਂ ਦੇ ਵਿਗਿਆਨੀ, ਹਿਸਾਬਦਾਨ ਤੇ ਤਾਰਾ ਵਿਗਿਆਨੀ ਸਦੀਆਂ ਤੋਂ ਚੰਦ ਦੀ ਗਤੀ ਦਾ ਹਿਸਾਬ-ਕਿਤਾਬ ਰੱਖਦੇ ਅਤੇ ਉਸ ਅਨੁਸਾਰ ਸਮੇਂ ਨੂੰ ਮਹੀਨਿਆਂ ਤੇ ਸਾਲਾਂ ਵਿਚ ਵੰਡਦੇ ਆਏ ਹਨ। 17ਵੀਂ ਸਦੀ ਵਿਚ ਗੈਲੀਲਿਓ ਨੇ ਦੂਰਬੀਨ ਨਾਲ ਚੰਦ ’ਤੇ ਪਹਾੜੀਆਂ ਤੇ ਟੋਇਆਂ ਨੂੰ ਵੇਖਿਆ। ਸੋਵੀਅਤ ਯੂਨੀਅਨ ਤੇ ਅਮਰੀਕਾ ਦੇ ਚੰਦ ਨੂੰ ਭੇਜੇ ਗਏ ਖੋਜ-ਯੰਤਰਾਂ ਨੇ 1950ਵਿਆਂ ਤੋਂ ਇਸ ਸਬੰਧੀ ਮੁੱਲਵਾਨ ਜਾਣਕਾਰੀ ਇਕੱਠੀ ਕੀਤੀ
ਅਤੇ ਦਸੰਬਰ 1968 ਵਿਚ ਅਮਰੀਕਾ ਨੇ ਚੰਦ ’ਤੇ ਮਨੁੱਖ ਦੀ ਪਹੁੰਚ ਕਰਾਈ। ਵਿਗਿਆਨ ਨੇ ਇਸ ਖੇਤਰ ਵਿਚ ਵੱਡੀਆਂ ਮੱਲਾਂ ਅਜੇ ਮਾਰਨੀਆਂ ਹਨ। ਇਹ ਘੜੀ ਸਾਰੇ ਦੇਸ਼ ਲਈ ਖੁਸ਼ੀ ਮਨਾਉਣ ਅਤੇ ਨਾਲ ਹੀ ਇਹ ਅਹਿਦ ਲੈਣ ਦੀ ਘੜੀ ਹੈ ਕਿ ਅਸੀਂ ਗਿਆਨ-ਵਿਗਿਆਨ ਦੇ ਪੰਧ ’ਤੇ ਅੱਗੇ ਵਧਦੇ ਰਹਾਂਗੇ। ਮਨੁੱਖਤਾ ਦਾ ਭਵਿੱਖ ਵਿਗਿਆਨ ਦੀ ਤਰੱਕੀ ਨਾਲ ਜੁੜਿਆ ਹੋਇਆ ਹੈ।
-ਸਵਰਾਜਬੀਰ