ਹਿੰਦੂ ਏਕਤਾ ਸਾਰਿਆਂ ਦੇ ਭਲੇ ਲਈ ਜ਼ਰੂਰੀ: ਆਰਐੱਸਐੱਸ
ਮਥੁਰਾ (ਯੂਪੀ), 26 ਅਕਤੂਬਰ
ਆਰਐਸਐਸ ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਾਬਲੇ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਫਿਰਕੂ ਟਿੱਪਣੀ ਦਾ ਸਮਰਥਨ ਕਰਦਿਆਂ ਕਿਹਾ ਕਿ ਹਿੰਦੂ ਏਕਤਾ ਸਾਰਿਆਂ ਦੇ ਭਲੇ ਲਈ ਜ਼ਰੂਰੀ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਧਰਮ, ਜਾਤ ਅਤੇ ਵਿਚਾਰਧਾਰਾ ਦੇ ਨਾਂ ’ਤੇ ਵੰਡ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘ਜੇ ਅਸੀਂ ਭਾਸ਼ਾ, ਰਾਜ, ਉੱਚ ਅਤੇ ਪਛੜੀਆਂ ਜਾਤਾਂ ਦੇ ਆਧਾਰ ’ਤੇ ਵਿਤਕਰਾ ਜਾਰੀ ਰੱਖਿਆ ਤਾਂ ਅਸੀਂ ਤਬਾਹ ਹੋ ਜਾਵਾਂਗੇ।’ ਇੱਥੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਕੌਮੀ ਮੀਟਿੰਗ ਦੀ ਸਮਾਪਤੀ ਮੌਕੇ ਉਨ੍ਹਾਂ ਯੋਗੀ ਆਦਿੱਤਿਆਨਾਥ ਦੀ ਟਿੱਪਣੀ ਦਾ ਸਮਰਥਨ ਕਰਦਿਆਂ ਕਿਹਾ, ‘ਇਹ ਮਸਲਾ ਹਿੰਦੂ ਏਕਤਾ ਦਾ ਹੈ। ਦਰਅਸਲ, ਅਸੀਂ ਅਕਸਰ ਕਹਿੰਦੇ ਹਾਂ ਕਿ ਹਿੰਦੂ ਸੋਚ ਨੂੰ ਭੁੱਲਣ ਵਾਲੇ ਲੋਕ ਤਬਾਹੀ ਨੂੰ ਸੱਦਾ ਦਿੰਦੇ ਹਨ, ਆਪਣਾ ਪਰਿਵਾਰ, ਜ਼ਮੀਨ ਅਤੇ ਧਾਰਮਿਕ ਸਥਾਨ ਗੁਆ ਦਿੰਦੇ ਹਨ ਪਰ ਇਸ ਦੀ ਭਾਵਨਾ ਇੱਕ ਹੈ ਤੇ ਮਸਲਾ ਸਮਾਜ ਵਿੱਚ ਏਕਤਾ ਦਾ ਹੈ।’