ਹਿੰਦੂ ਅਮਰੀਕੀਆਂ ਵੱਲੋਂ ਰਾਮ ਮੰਦਰ ਦੇ ਉਦਘਾਟਨ ਸਬੰਧੀ ਸਮਾਰੋਹਾਂ ਦੀ ਮੈਰੀਲੈਂਡ ਵਿੱਚ ਸ਼ੁਰੂਆਤ
ਵਾਸ਼ਿੰਗਟਨ, 17 ਦਸੰਬਰ
ਹਿੰਦੂ ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਅਯੁੱਧਿਆ ਵਿੱਚ ਅਗਲੇ ਮਹੀਨੇ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਵਾਸ਼ਿੰਗਟਨ ਦੇ ਇਕ ਉਪ-ਨਗਰ ਮੈਰੀਲੈਂਡ ਵਿੱਚ ਸ਼ਨਿਚਰਵਾਰ ਨੂੰ ਇਕ ਕਾਰ ਰੈਲੀ ਕੱਢ ਕੇ ਇਸ ਸਬੰਧੀ ਮਹੀਨਾ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ। ਸ਼ਨਿਚਰਵਾਰ ਦੁਪਹਿਰ ਵੇਲੇ ਭਾਈਚਾਰੇ ਦੇ ਵੱਡੀ ਗਿਣਤੀ ਲੋਕ ‘ਫਰੈਡਰਿਕ ਸਿਟੀ ਮੈਰੀਲੈਂਡ’ ਨੇੜੇ ਅਯੁੱਧਿਆ ਵੇਅ ਵਿੱਚ ਸ੍ਰੀ ਭਕਤ ਅੰਜਨੇਯ ਮੰਦਰ ਵਿੱਚ ਇਕੱਤਰ ਹੋਏ। ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ 22 ਜਨਵਰੀ 2024 ਨੂੰ ਹੋਣਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਭਾਰਤ ਵਿੱਚ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨ ਦੀ ਖੁਸ਼ੀ ਵਿੱਚ ਮਹੀਨਾ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਇਸ ਕਾਰ ਰੈਲੀ ਤੋਂ ਹੋ ਗਈ ਹੈ। ਵਿਸ਼ਵ ਹਿੰਦੂ ਪਰਿਸ਼ਦ ਆਫ ਅਮਰੀਕਾ ਡੀਸੀ ਇਕਾਈ ਦੇ ਪ੍ਰਧਾਨ ਮਹੇਂਦਰ ਸਾਪਾ ਨੇ ਕਿਹਾ, ‘‘ਹਿੰਦੂਆਂ ਦੇ 500 ਸਾਲ ਦੇ ਸੰਘਰਸ਼ ਤੋਂ ਬਾਅਦ ਭਗਵਾਨ ਸ੍ਰੀ ਰਾਮ ਦੇ ਮੰਦਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਅਸੀਂ ਇਸ ਖੁਸ਼ੀ ਵਿੱਚ ਅਗਲੇ ਸਾਲ 20 ਜਨਵਰੀ ਨੂੰ ਲਗਪਗ 1,000 ਹਿੰਦੂ ਪਰਿਵਾਰਾਂ ਦੇ ਨਾਲ ਵਾਸ਼ਿੰਗਟਨ ਵਿੱਚ ਇਕ ਇਤਿਹਾਸਕ ਜਸ਼ਨ ਮਨਾ ਰਹੇ ਹਾਂ। ਇਸ ਸਬੰਧ ਵਿੱਚ ਰਾਮ ਲੀਲਾ ਕਰਵਾਈ ਜਾਵੇਗੀ, ਸ੍ਰੀ ਰਾਮ ਦੀਆਂ ਕਥਾਵਾਂ ਸੁਣਾਈਆਂ ਜਾਣਗੀਆਂ, ਸ੍ਰੀ ਰਾਮ ਦੀ ਪੂਜਾ ਕੀਤੀ ਜਾਵੇਗੀ, ਭਗਵਾਨ ਸ੍ਰੀ ਰਾਮ ਤੇ ਉਨ੍ਹਾਂ ਦੇ ਪਰਿਵਾਰ ਲਈ ਭਜਨ ਗਾਏ ਜਾਣਗੇ।’’
ਉਨ੍ਹਾਂ ਕਿਹਾ, ‘‘ਇਸ ਜਸ਼ਨ ਵਿੱਚ ਵੱਖ-ਵੱਖ ਉਮਰ ਵਰਗ ਦੇ ਲੋਕ ਭਗਵਾਨ ਸ੍ਰੀ ਰਾਮ ਦੇ ਜੀਵਨ ’ਤੇ ਆਧਾਰਤ ਲਗਪਗ 45 ਮਿੰਟ ਦੀ ਅਜਿਹੀ ਪੇਸ਼ਕਾਰੀ ਦੇਣਗੇ ਜੋ ਕਿ ਅਮਰੀਕਾ ਵਿੱਚ ਪੈਦਾ ਹੋਏ ਬੱਚਿਆਂ ਨੂੰ ਸਮਝ ਆ ਸਕੇ।’’ -ਪੀਟੀਆਈ