ਹਿੰਦੀ ਨੇ ਆਲਮੀ ਪੱਧਰ ’ਤੇ ਪਛਾਣ ਬਣਾਈ: ਸੰਯੁਕਤ ਰਾਸ਼ਟਰ ਰਾਜਦੂਤ
ਸੰਯੁਕਤ ਰਾਸ਼ਟਰ, 23 ਨਵੰਬਰ
ਸੰਯੁਕਤ ਰਾਸ਼ਟਰ ਦੇ ਰਾਜਦੂਤਾਂ ਦਾ ਕਹਿਣਾ ਹੈ ਕਿ ਹਿੰਦੀ ਨੇ ਆਲਮੀ ਪੱਧਰ ’ਤੇ ਪਛਾਣ ਹਾਸਲ ਕੀਤੀ ਹੈ ਅਤੇ ਇਹ ਭੂਗੋਲਿਕ ਸਰਹੱਦਾਂ ਪਾਰ ਕਰਕੇ ਵੱਡੇ ਪੱਧਰ ’ਤੇ ਸਵੀਕਾਰੀ ਜਾਣ ਵਾਲੀ ਭਾਸ਼ਾ ਬਣ ਗਈ ਹੈ ਜੋ ਸਾਰਿਆਂ ਨੂੰ ਜੋੜਦੀ ਹੈ। ਰਾਜਦੂਤਾਂ ਨੇ ਦੁਨੀਆ ਭਰ ’ਚ ਲੋਕਾਂ ਨੂੰ ਜੋੜਨ ਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਹਿੰਦੀ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਨੇ ਹਿੰਦੀ ਦਿਵਸ ਮਨਾਉਣ ਲਈ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ’ਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ’ਚ ਭਾਰਤੀ ਸੰਸਦ ਮੈਂਬਰਾਂ ਦੇ ਵਫ਼ਦ ਨੇ ਹਿੱਸਾ ਲਿਆ। ਭਾਰਤੀ ਵਫ਼ਦ ’ਚ ਸ਼ਾਮਲ ਸੰਸਦ ਮੈਂਬਰ ਬੀਰੇਂਦਰ ਵੈਸ਼ਯ ਨੇ ਆਪਣੇ ਸੰਬੋਧਨ ਦੌਰਾਨ ਵੱਖ ਵੱਖ ਮੁਲਕਾਂ ’ਚ ਹਿੰਦੀ ਦੀ ਹਰਮਨਪਿਆਰਤਾ ’ਤੇ ਰੋਸ਼ਨੀ ਪਾਈ। ਪ੍ਰੋਗਰਾਮ ’ਚ ਸੰਯੁਕਤ ਰਾਸ਼ਟਰ ਦੇ ਕਈ ਰਾਜਦੂਤ ਤੇ ਅਧਿਕਾਰੀ ਵੀ ਸ਼ਾਮਲ ਹੋਏ।
ਸੰਯੁਕਤ ਰਾਸ਼ਟਰ ਆਲਮੀ ਸੰਚਾਰ ਵਿਭਾਗ ਦੇ ਡਾਇਰੈਕਟਰ ਇਆਨ ਫਿਲਿਪਸ ਨੇ ਹਿੰਦੀ ਦੀ ਆਲਮੀ ਪਹੁੰਚ ਨੂੰ ਅਸਲ ਵਿੱਚ ਪ੍ਰਭਾਵਸ਼ਾਲੀ ਦਸਦਿਆਂ ਕਿਹਾ ਕਿ ਦੁਨੀਆ ਭਰ ’ਚ 60 ਕਰੋੜ ਤੋਂ ਵੱਧ ਲੋਕ ਹਿੰਦੀ ਬੋਲਦੇ ਹਨ। ਅੰਗਰੇਜ਼ੀ ਤੇ ਮੰਦਾਰਿਨ ਤੋਂ ਬਾਅਦ ਹਿੰਦੀ ਦੁਨੀਆ ’ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਭਾਸ਼ਾ ਹੈ। -ਪੀਟੀਆਈ