ਅਸਾਮ ’ਚੋਂ ਅਫਸਪਾ ਹਟਾਉਣ ਲਈ ਹਿਮੰਤਾ ਵੱਲੋਂ ਸ਼ਾਹ ਨਾਲ ਚਰਚਾ
ਨਵੀਂ ਦਿੱਲੀ, 4 ਸਤੰਬਰ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਦਿਆਂ ਸੂਬੇ ਵਿੱਚੋਂ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਨੂੰ ਪੂਰੀ ਤਰ੍ਹਾਂ ਹਟਾਉਣ ਦੀ ਰੂਪ-ਰੇਖਾ ’ਤੇ ਚਰਚਾ ਕੀਤੀ। ਹਿਮੰਤਾ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਸੁਝਾਵਾਂ ਦੇ ਆਧਾਰ ’ਤੇ ਉਨ੍ਹਾਂ ਦੀ ਸਰਕਾਰ ਅਗਲੇਰੇ ਕਦਮ ਚੁੱਕੇਗੀ। ਉਨ੍ਹਾਂ ‘ਐਕਸ’ ਉੱਤੇ ਪੋਸਟ ਸਾਂਝੀ ਕਰਦਿਆਂ ਕਿਹਾ, ‘‘ਮੈਂ ਅਸਾਮ ਵਿੱਚ ਹਥਿਆਰ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਰੂਪ-ਰੇਖਾ ’ਤੇ ਚਰਚਾ ਕਰਨ ਲਈ ਮਾਣਯੋਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਅਸਾਮ ਸਰਕਾਰ ਕੇਂਦਰੀ ਗ੍ਰਹਿ ਮੰਤਰੀ ਦੇ ਸੁਝਾਵਾਂ ਦੇ ਆਧਾਰ ’ਤੇ ਅਗਲਾ ਕਦਮ ਚੁੱਕੇਗੀ।’’ ਵਿਵਾਦਤ ਅਫਸਪਾ ਕਾਨੂੰਨ, 1958 ਹਥਿਆਰਬੰਦ ਬਲਾਂ ਦੇ ਕਰਮੀਆਂ ਨੂੰ ਅਸ਼ਾਂਤ ਖੇਤਰਾਂ ਵਿੱਚ ਤਲਾਸ਼ੀ ਲੈਣ, ਕਿਸੇ ਨੂੰ ਗ੍ਰਿਫ਼ਤਾਰ ਕਰਨ ਅਤੇ ‘ਲੋਕ ਵਿਵਸਥਾ ਕਾਇਮ’ ਰੱਖਣ ਲਈ ਜ਼ਰੂਰੀ ਹੋਣ ’ਤੇ ਗੋਲੀ ਚਲਾਉਣ ਦੀਆਂ ਵਾਧੂੁ ਸ਼ਕਤੀ ਦਿੰਦਾ ਹੈ। ਹਥਿਆਰਬੰਦ ਬਲਾਂ ਨੂੰ ਦਿੱਤੇ ਗਏ ਵਿਆਪਕ ਅਧਿਕਾਰਾਂ ਕਾਰਨ ਕਈ ਸੰਸਥਾਵਾਂ ਨੇ ਇਸ ਕਾਨੂੰਨ ਨੂੰ ‘ਸਖ਼ਤ’ ਕਰਾਰ ਦਿੱਤਾ ਹੈ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪੂਰਬੀ ਰਾਜ ਦੇ ਅੱਠ ਜ਼ਿਲ੍ਹਿਆਂ ਤੀਨਸੁਕੀਆ, ਡਬਿਰੂਗੜ੍ਹ, ਚਰਾਈਦੇਓ, ਸਿਵਸਾਗਰ, ਜੋਰਹਾਟ, ਗੋਲਾਘਾਟ, ਕਾਰਬੀ ਐਂਗਲੌਂਗ ਅਤੇ ਦੀਮਾ ਹਸਾਓ ਵਿੱਚ ਅਫਸਪਾ ਲਾਗੂ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਇਹ ਕਾਨੂੰਨ ਹਟਾ ਲਿਆ ਗਿਆ ਸੀ। ਪਿਛਲੇ ਮਹੀਨੇ ਗੁਹਾਟੀ ਵਿੱਚ 77ਵੇਂ ਸੁਤੰਤਰਤਾ ਦਿਵਸ ’ਤੇ ਤਿਰੰਗਾ ਲਹਿਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਇਸ ਸਾਲ ਦੇ ਅਖ਼ੀਰ ਤੱਕ ਪੂਰੇ ਸੂਬੇ ਵਿੱਚੋਂ ਅਫਸਪਾ ਹਟਾਉਣ ਲਈ ਜ਼ਰੂਰੀ ਕਦਮ ਚੁੱਕੇਗੀ। -ਪੀਟੀਆਈ