For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਦਾ ਸਿਆਸੀ ਘੜਮੱਸ

06:25 AM Mar 05, 2024 IST
ਹਿਮਾਚਲ ਦਾ ਸਿਆਸੀ ਘੜਮੱਸ
Advertisement

ਰਾਜੇਸ਼ ਰਾਮਚੰਦਰਨ

Advertisement

ਕਰੀਬ ਸੱਤ ਸਾਲ ਪਹਿਲਾਂ, ਗੁਜਰਾਤ ’ਚ ਰਾਜ ਸਭਾ ਲਈ ਚੋਣ ਹੋਈ ਸੀ, ਜਿਸ ਨੇ ਇਸ ਗੱਲ ਨੂੰ ਗਲਤ ਸਾਬਿਤ ਕੀਤਾ ਕਿ ਭਾਜਪਾ ਦੇ ਨਵੇਂ-ਨਕੋਰ ਜੇਤੂ ਰੱਥ ਨੂੰ ਹੁਣ ਰੋਕਿਆ ਨਹੀਂ ਜਾ ਸਕਦਾ। ਉਸ ਸਮੇਂ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਪੰਜਵੀਂ ਵਾਰ ਗੁਜਰਾਤ ਵਿਚੋਂ ਉੱਪਰਲੇ ਸਦਨ ’ਚ ਜਾਣ ਦੀ ਤਿਆਰੀ ਕਰ ਰਹੇ ਸਨ। ਤਿੰਨ ਸੀਟਾਂ ਲਈ ਚੋਣ ਹੋਣੀ ਸੀ- ਜਿਨ੍ਹਾਂ ਵਿਚ ਦੋ ਭਾਜਪਾ ਤੇ ਇਕ ਕਾਂਗਰਸ ਦੇ ਖਾਤੇ ’ਚ ਜਾਣ ਦੀ ਸੰਭਾਵਨਾ ਸੀ। ਤਤਕਾਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਤਾਂ ਆਪਣੀ ਪਾਰਟੀ ਵੱਲੋਂ ਚੋਣ ਜਿੱਤੀ। ਪਰ ਦੂਜੇ ਪਾਸੇ ਗੁਜਰਾਤ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ਼ੰਕਰਸਿੰਹ ਵਾਘੇਲਾ ਨੇ ਕਾਂਗਰਸ ’ਚ ਫੁੱਟ ਪਾ ਦਿੱਤੀ ਤੇ ਕੁਝ ਵਿਧਾਇਕਾਂ ਨੂੰ ਆਪਣੇ ਨਾਲ ਰਲਾ ਲਿਆ। ਹਾਲਾਂਕਿ ਇਸ ਦੇ ਬਾਵਜੂਦ ਕਾਂਗਰਸ 44 ਵਿਧਾਇਕਾਂ ਦਾ ਸਮਰਥਨ ਜੁਟਾਉਣ ਵਿਚ ਸਫ਼ਲ ਰਹੀ ਤੇ ਪਟੇਲ ਰਾਜ ਸਭਾ ਪਹੁੰਚੇ। ਮਰਹੂਮ ਪਟੇਲ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਚਾਲੇ ਫ਼ਰਕ ਇਹ ਹੈ ਕਿ ਪਟੇਲ ਨੇ ਬਦ ਤੋਂ ਬਦਤਰ ਹਾਲਾਤ ਲਈ ਅਗਾਊਂ ਰਣਨੀਤੀ ਘੜੀ ਹੋਈ ਸੀ। ਦੋ ਕਾਂਗਰਸੀ ਵਿਧਾਇਕਾਂ ਨੇ ਪਟੇਲ ਦੀ ਪਿੱਠ ’ਚ ਛੁਰਾ ਮਾਰਿਆ। ਹਾਲਾਂਕਿ ਇਨ੍ਹਾਂ ਵਿਧਾਇਕਾਂ ਦੇ ਵੋਟ ਰੱਦ ਕਰ ਦਿੱਤੇ ਗਏ ਕਿਉਂਕਿ ਉਨ੍ਹਾਂ ਆਪਣੇ ਮਤ-ਪੱਤਰ ਭਾਜਪਾ ਆਗੂਆਂ ਨੂੰ ਦਿਖਾਏ ਸਨ। ਲੇਕਿਨ, ਇਸ ਤੋਂ ਬਾਅਦ ਪਟੇਲ ਨੇ ਜਿਹੜੀ ਚਾਲ ਚੱਲੀ, ਉਸ ਨੇ ਕਹਾਣੀ ਨੂੰ ਬਿਲਕੁਲ ਆਖ਼ਰੀ ਪਲਾਂ ’ਚ ਨਵਾਂ ਮੋੜ ਦੇ ਦਿੱਤਾ। ਕਾਂਗਰਸੀ ਉਮੀਦਵਾਰ ਕੋਲ ਕਰਾਸ-ਵੋਟ ਲਈ ਭਾਜਪਾ ਅਤੇ ਭਾਜਪਾ ਦੇ ਸਾਥੀ ਜੇਡੀ(ਯੂ) ਦਾ ਇਕ-ਇਕ ਵਿਧਾਇਕ ਮੌਜੂਦ ਸੀ। ਇਨ੍ਹਾਂ ਦੋ ਵੋਟਾਂ ਨੇ ਹੀ ਸਾਰਾ ਫ਼ਰਕ ਖ਼ਤਮ ਕਰ ਦਿੱਤਾ। ਮੋਦੀ ਦੇ ਸੱਤਾ ਵਿਚ ਆਉਣ ਤੋਂ ਤਿੰਨ ਸਾਲ ਬਾਅਦ ਅਗਸਤ 2017 ’ਚ ਪਟੇਲ ਦੀ ਜਿੱਤ ਕਾਂਗਰਸ ਤੇ ਵਿਰੋਧੀ ਧਿਰ ਦਾ ਹੌਸਲਾ ਵਧਾਉਣ ਵਾਲੀ ਸੀ, ਜਿਸ ਨੇ ਸਾਬਿਤ ਕੀਤਾ ਕਿ ਭਾਜਪਾ ਨੂੰ ਇਸ ਦੇ ਗੜ੍ਹ ਵਿਚ ਵੀ ਚਿੱਤ ਕੀਤਾ ਜਾ ਸਕਦਾ ਹੈ। ਸਿਆਸਤ ਵਿਚ ਕੋਈ ਸੰਪੂਰਨ ਤੌਰ ’ਤੇ ਮਾਹਿਰ ਨਹੀਂ ਹੁੰਦਾ, ਇਹ ਯੋਜਨਾ ਘੜਨ ਤੇ ਯੋਜਨਾਬੰਦੀ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਖੇਡ ਹੈ। ਪਟੇਲ ਨੂੰ ਜਾਦੂਈ ਦਾਅ ਖੇਡਣ ਦਾ ਸਿਹਰਾ ਦਿੱਤਾ ਗਿਆ ਪਰ ਇਸ ਵਿਚ ਕੋਈ ਹੱਥ ਦੀ ਸਫਾਈ ਜਾਂ ਦੂਰ-ਦ੍ਰਿਸ਼ਟੀ ਨਹੀਂ ਸੀ। ਪਟੇਲ ਨੇ ਇਕ ਸਿਆਸੀ ਸੰਕਟ ’ਚ ਸਮੱਸਿਆ ਨੂੰ ਹੱਲ ਕਰਨ ਦੀ ਬੁਨਿਆਦੀ ਪਹੁੰਚ ਹੀ ਅਪਣਾਈ ਸੀ। ਚੋਣਾਂ ਅੰਕੜਿਆਂ ਦੇ ਸਿਰ ’ਤੇ ਲੜੀਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਹੀ ਗਿਣਿਆ ਜਾਂਦਾ ਹੈ। ਸੱਤਾ ਦੀ ਸਿਆਸਤ ਬਾਰੇ ਕਿਹਾ ਜਾਂਦਾ ਹੈ ਕਿ ਜਿਹੜੇ ਸਭ ਤੋਂ ਨੇੜੇ ਹੁੰਦੇ ਹਨ, ਉਹੀ ਸਭ ਤੋਂ ਤਕੜਾ ਝਟਕਾ ਦਿੰਦੇ ਹਨ ਤੇ ਅਜਿਹੀ ਸਥਿਤੀ ਵਿਚ ਪਹਿਲਾ ਸਬਕ ਇਹ ਹੈ ਕਿ ਸਭ ਤੋਂ ਨੇੜਲਿਆਂ ਦੇ ਖ਼ਿਸਕਣ ’ਤੇ ਵਾਧੂ ਨੰਬਰਾਂ ਨਾਲ ਤਿਆਰੀ ਖਿੱਚੀ ਰੱਖਣਾ। ਪਟੇਲ ਦੀ ਚਾਲ ਇਹੀ ਸੀ ਕਿ ਉਨ੍ਹਾਂ ਭਾਜਪਾ ਤੇ ਜੇਡੀਯੂ ਦੇ ਇਕ-ਇਕ ਬੰਦੇ ਨੂੰ ਕਰਾਸ-ਵੋਟਰ ਵਜੋਂ ਤਿਆਰ ਰੱਖਿਆ। ਪਰ ਵਿਧਾਇਕਾਂ ਨੂੰ ਗਿਣਨ ਲਈ ਤੇ ਹੋਰਾਂ ਨੂੰ ਨਾਲ ਜੋੜਨ ਲਈ, ਨੇਤਾਵਾਂ ਕੋਲ ਆਪਸੀ ਨੇੜਤਾ ਵਿਕਸਿਤ ਕਰਨ ਦਾ ਗੁਣ ਵੀ ਹੋਣਾ ਚਾਹੀਦਾ ਹੈ। ਪਰ ਕਾਂਗਰਸ ਦੀ ਕੇਂਦਰੀ ਹਾਈ ਕਮਾਨ ਨੇ ਅਸਰਦਾਰ ਢੰਗ ਨਾਲ ਉਨ੍ਹਾਂ ਸਾਰੇ ਸੀਨੀਅਰ ਆਗੂਆਂ ਨੂੰ ਪਰਾਇਆ ਹੀ ਕਰ ਦਿੱਤਾ ਹੈ ਜੋ ਹੱਥ ਫੜ ਸਕਦੇ ਸਨ, ਨਬਜ਼ ਪਛਾਣ ਸਕਦੇ ਸਨ ਤੇ ਅੰਦਰ-ਬਾਹਰ ਹੋਣ ਵਾਲੇ ਵਿਧਾਇਕਾਂ ਦੀ ਸ਼ਨਾਖ਼ਤ ਕਰ ਸਕਦੇ ਸਨ।
ਸੋਨੀਆ ਗਾਂਧੀ ਦੇ ਸਮਿਆਂ ਤੋਂ ਬਾਅਦ ਦੀ ਕਾਂਗਰਸ ਵਿਚ ਇਨ੍ਹਾਂ ਦੀਆਂ ਸੇਵਾਵਾਂ ਦੀ ਵੁੱਕਤ ਨਹੀਂ ਰਹੀ।
ਨਵੇਂ ਆਗੂਆਂ ਨੂੰ ਮੂਹਰੇ ਕੀਤੇ ਬਿਨਾਂ, ਸਾਰੇ ਪੁਰਾਣੇ ਨੇਤਾਵਾਂ ’ਚ ਇਕੋ-ਜਿਹੀਆਂ ਕਮੀਆਂ ਪੇਸ਼ੀਆਂ ਕੱਢ ਕੇ ਉਨ੍ਹਾਂ ਤੋਂ ਖਹਿੜਾ ਛੁਡਾ ਲਿਆ ਗਿਆ ਹੈ। ਲਿਹਾਜ਼ਾ, ਕਾਂਗਰਸ ਵਕੀਲ-ਆਗੂ ਅਭਿਸ਼ੇਕ ਮਨੂੰ ਸਿੰਘਵੀ ਨੂੰ ਅਫ਼ਸੋਸ ਨਾਲ ਇਹ ਕਹਿਣਾ ਪਿਆ ਕਿ ਉਹ, ਉਨ੍ਹਾਂ ਲੋਕਾਂ ਦਾ ਕਿਰਦਾਰ ਹੀ ਨਹੀਂ ਪਛਾਣ ਸਕੇ ਜਿਨ੍ਹਾਂ ਨਾਲ ਰਾਜ ਸਭਾ ਚੋਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਖਾਧਾ-ਪੀਤਾ ਸੀ। ਇਹ ਹੈਰਾਨ ਕਰਨ ਵਾਲਾ ਹੈ ਕਿਉਂਕਿ ਬਾਕੀ ਸਾਰਿਆਂ ਨੂੰ ਸੁੱਖੂ ਵਿਰੁੱਧ ਉੱਠ ਰਹੀ ਬਗ਼ਾਵਤ ਬਾਰੇ ਪਤਾ ਸੀ, ਜਿਸ ਦਾ ਹੱਲ ਪਾਰਟੀ ਦੀ ਕੇਂਦਰੀ ਹਾਈ ਕਮਾਨ ਨੇ ਨਹੀਂ ਕੱਢਿਆ। ਪਹਿਲਾਂ-ਪਹਿਲ ਕਾਂਗਰਸ ਹਾਈ ਕਮਾਨ ਹਮੇਸ਼ਾ ਬਗ਼ਾਵਤ ਨੂੰ ਸਵੀਕਾਰਦੀ ਤੇ ਸਨਮਾਨਦੀ ਰਹੀ ਹੈ, ਹੇਠਲੇ ਪੱਧਰ ’ਤੇ ਆਗੂਆਂ ’ਤੇ ਨਿਗ੍ਹਾ ਰੱਖਣ ਲਈ ਬਾਗ਼ੀਆਂ ਨੂੰ ਵਰਤਿਆ ਜਾਂਦਾ ਰਿਹਾ ਹੈ। ਹਿਮਾਚਲ ਦੇ ਸਭ ਤੋਂ ਵੱਡੇ ਲੋਕ ਆਗੂ ਵੀਰਭੱਦਰ ਸਿੰਘ ਦੀ ਵਿਰਾਸਤ ਵਿਰੁੱਧ ਉੱਠੀ ਬਗਾਵਤ ਦੀ ਸੁੱਖੂ ਸਭ ਤੋਂ ਵਧੀਆ ਉਦਾਹਰਨ ਹਨ। ਛੇ ਵਾਰ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਜੋ ਨੌਂ ਵਾਰ ਵਿਧਾਇਕ ਤੇ ਪੰਜ ਵਾਰ ਸੰਸਦ ਮੈਂਬਰ ਵੀ ਰਹੇ, ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਵਿਚ ਹਾਈ ਕਮਾਨ ਦੇ ਵਫ਼ਾਦਾਰ ਵਜੋਂ ਸੁੱਖੂ ਹਮੇਸ਼ਾ ਸਰਗਰਮੀ ਨਾਲ ਮੂਹਰੇ ਰਹੇ।
ਵਰਤਮਾਨ ਸਿਆਸੀ ਸੰਕਟ ਨੇ ਇਹ ਸਾਬਿਤ ਕੀਤਾ ਹੈ ਕਿ ਬਾਗ਼ੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਗਵਾਈ ’ਚ ਵੀ ਚੰਗੇ ਹੋਵੋ। ਵਿਰੋਧੀਆਂ ਤੇ ਆਲੋਚਕਾਂ ਦਾ ਦੋਸ਼ ਹੈ ਕਿ ਮਰਹੂਮ ਵੀਰਭੱਦਰ ਦੀ ਪਤਨੀ, ਸੂਬਾ ਕਾਂਗਰਸ ਪ੍ਰਧਾਨ ਅਤੇ ਮੰਡੀ ਦੀ ਸੰਸਦ ਮੈਂਬਰ ਪ੍ਰਤਿਭਾ ਸਿੰਘ ਦੀ ਇਕ ਨੀਂਹ ਪੱਥਰ ਸਮਾਰੋਹ ਦੌਰਾਨ ਮਦਦ ਕਰਨ ਵਾਲੇ ਪੀਡਬਲਿਊਡੀ ਅਧਿਕਾਰੀਆਂ ਨੂੰ ਮੁੱਖ ਮੰਤਰੀ ਸੁੱਖੂ ਨੇ ਨਿਸ਼ਾਨਾ ਬਣਾਇਆ ਸੀ। ਜ਼ਾਹਿਰ ਹੈ ਕਿ, ਅਜਿਹੇ ਮੁੱਖ ਮੰਤਰੀ ਨੂੰ ਨਹੀਂ ਪਤਾ ਹੋਵੇਗਾ ਕਿ ਉਸ ਦੀ ਪਾਰਟੀ ਅੰਦਰ ਕੀ ਹੋ ਰਿਹਾ ਹੈ।
ਇੰਦਰਾ ਗਾਂਧੀ ਚੋਟੀ ਦੇ ਮੁਕਾਮੀ ਆਗੂਆਂ ਨੂੰ ਨਾਲ ਜੋੜ ਕੇ ਰੱਖਣ ਦਾ ਮਾਦਾ ਰੱਖਦੀ ਸੀ। ਉਹ ਮਹਿਜ਼ ਨਹਿਰੂ ਦੀ ਧੀ ਨਹੀਂ ਸੀ, ਬਲਕਿ ਆਜ਼ਾਦੀ ਦੇ ਅੰਦੋਲਨ ਦੀ ਪੈਦਾਇਸ਼ ਵੀ ਸੀ। ਉਹ ਸਥਾਨਕ ਆਗੂਆਂ ਤੇ ਉਨ੍ਹਾਂ ਦੇ ਮੁਕਾਬਲੇ ’ਚ ਖੜ੍ਹਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ, ਤਾਲਮੇਲ ਲਈ ਇੰਦਰਾ ਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਸੀ।
ਰਾਜੀਵ ਗਾਂਧੀ ਅਜਿਹੇ ਨਹੀਂ ਸਨ, ਆਂਧਰਾ ਪ੍ਰਦੇਸ਼ ਵਿਚ ਉਨ੍ਹਾਂ ਵੱਲੋਂ ਕੀਤੀਆਂ ਬਰਖ਼ਾਸਤਗੀਆਂ ‘ਤੇਲਗੂ ਸਵੈਮਾਣ’ ਤੇ ਤੇਲਗੂ ਦੇਸਮ ਪਾਰਟੀ ਦੇ ਉਭਾਰ ਦਾ ਕਾਰਨ ਬਣੀਆਂ। ਪ੍ਰਿਯੰਕਾ ਗਾਂਧੀ ਤਾਂ ਬਿਲਕੁਲ ਵੀ ਅਜਿਹੀ ਨਹੀਂ ਹੈ, ਤੇ ਕਿਸੇ ਵੀ ਸਦਨ ਦੀ ਚੁਣੀ ਹੋਈ ਮੈਂਬਰ ਵੀ ਨਹੀਂ ਹੈ। ਪ੍ਰਜਾਤੰਤਰ ’ਚ ਲੋਕਾਂ ਦੀ ਸਿੱਧੀ ਜਾਂ ਅਸਿੱਧੀ ਮੋਹਰ ਬਿਨਾਂ ਤਾਕਤ ਦੀ ਬੇਪਰਵਾਹ ਵਰਤੋਂ ਨਹੀਂ ਹੋ ਸਕਦੀ।
ਹਾਈ ਕਮਾਨ ਦਾ ਪਹਿਲਾ ਕੰਮ ਮੁੱਖ ਮੰਤਰੀ ਤੇ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਕ-ਦੂਜੇ ਖ਼ਿਲਾਫ਼ ਕੀਤੇ ਦਾਅਵਿਆਂ ਨੂੰ ਸੁਣਨਾ ਹੈ। ਜ਼ਿਆਦਾਤਰ ਵਿਧਾਇਕਾਂ, ਇੱਥੋਂ ਤੱਕ ਕਿ ਮੰਤਰੀਆਂ ਦੀ ਵੀ ਪ੍ਰਿਯੰਕਾ ਜਾਂ ਉਨ੍ਹਾਂ ਦੇ ਭਰਾ ਤੱਕ ਪਹੁੰਚ ਨਹੀਂ ਹੈ। ਕਾਂਗਰਸ ਦੀ ਇਹ ਨਿਰਾਸ਼ਾਜਨਕ ਹਾਲਤ ਕਈ ਚਿਰ ਤੋਂ ਹੈ। ਇਹ ਹੁਣ ਮੁਖ਼ਤਾਰਾਂ ਵੱਲੋਂ ਚਲਾਇਆ ਜਾ ਰਿਹਾ ਇਕ ਪਰਿਵਾਰਕ ਕਾਰੋਬਾਰ ਹੈ, ਜਿੱਥੇ ਮਾਲਕ ਹਿਸਾਬ-ਕਿਤਾਬ ਦੇਖਣ ਤੋਂ ਇਨਕਾਰੀ ਹਨ। ਹਿਮਾਚਲ ਕਾਂਗਰਸ ਦੇ ਕਈ ਅਹਿਮ ਅਹੁਦੇਦਾਰਾਂ ਨੂੰ ਪਤਾ ਸੀ ਕਿ ਰਾਜ ਸਭਾ ਦੀ ਚੋਣ ’ਚ ਘੜਮੱਸ ਪੈ ਸਕਦਾ ਹੈ। ਇਕ ਸਾਬਕਾ ਚੋਟੀ ਦੇ ਆਗੂ ਨੇ ਖੁੱਲ੍ਹੇਆਮ, ਪਰ ਨਿੱਜੀ ਪੱਧਰ ’ਤੇ ਇਸ ਬਾਰੇ ਚੋਣਾਂ ਤੋਂ ਪਹਿਲਾਂ ਗੱਲ ਕੀਤੀ ਸੀ। ਪਰ ਕੋਈ ਨਹੀਂ ਸੁਣ ਰਿਹਾ ਸੀ। ਸੁੱਖੂ ਆਪਣੇ ਸਾਥੀਆਂ ਦੀ ਨਬਜ਼ ਪੜ੍ਹਨ ਤੋਂ ਇਨਕਾਰੀ ਹੋ ਗਏ ਤੇ ਉਨ੍ਹਾਂ ਦੇ ਸਰਕਾਰੀ ਤੰਤਰ ਨੂੰ ਸਲਾਹਕਾਰਾਂ ਨੇ ਅਸਰਹੀਣ ਬਣਾ ਦਿੱਤਾ।
ਕੇਂਦਰੀ ਹਾਈ ਕਮਾਨ, ਜਿਸ ਨੇ ਹਮੇਸ਼ਾ ਅੰਦਰ ਉੱਠਦੀ ਬਗਾਵਤ ਨੂੰ ਸਵੀਕਾਰ ਕੀਤਾ ਹੈ, ਇਸ ਵਾਰ, ਪ੍ਰਿਯੰਕਾ ਨੂੰ ਵੀ ਇਹ ਪਤਾ ਨਹੀਂ ਲੱਗ ਸਕਿਆ ਕਿ ਪਾਰਟੀ ਦੇ ਅੰਦਰ ਚੱਲ ਰਹੇ ਮੁਕਾਬਲੇ ਨੂੰ ਕਿਵੇਂ ਸੰਭਾਲਿਆ ਜਾਵੇ। ਹਿਮਾਚਲ ਦੀ ਸਿਆਸਤ ਦੋ-ਧਰੁਵੀ ਹੈ, ਜਿਸ ਵਿਚ ਬਾਗ਼ੀਆਂ ਲਈ ਕੋਈ ਤੀਜਾ ਬਦਲ ਨਹੀਂ ਹੈ। ਪਾਲਾ ਬਦਲਣ ਵਾਲਿਆਂ ਨੂੰ ਵਿਰੋਧੀ ਧੜੇ ’ਚ ਆਪਣੀ ਥਾਂ ਬਣਾਉਣ ’ਚ ਮੁਸ਼ਕਲ ਪੇਸ਼ ਆਉਂਦੀ ਹੈ, ਕਿਉਂਕਿ ਸਮਾਜ ’ਚ ਉਨ੍ਹਾਂ ’ਤੇ ਦਲਬਦਲੂਆਂ ਦਾ ਠੱਪਾ ਲੱਗ ਜਾਂਦਾ ਹੈ। ਫੇਰ ਵੀ, ਜੇ ਕਾਂਗਰਸ ਵਿਧਾਇਕ ਪਾਰਟੀ ਵਿਚੋਂ ਨਿਕਲਣ ਦਾ ਫ਼ੈਸਲਾ ਲੈਂਦੇ ਹਨ ਤਾਂ ਇਸ ਦਾ ਇਕੋ-ਇਕ ਕਾਰਨ ਹੈ ਕਿ ਸੂਬਾਈ ਤੇ ਕੇਂਦਰੀ ਆਗੂ ਆਪਣੇ ਮਹਿਮਾ ਨਾਲ ਭਿੱਜੇ ‘ਕਿਰਦਾਰ ਦਾ ਅਸਲ ਅੰਦਾਜ਼ਾ’ ਲਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਗਏ ਹਨ। ਉਹ ਉੱਤਰ ਭਾਰਤ ਵਿਚ ਆਪਣੀ ਇਕੋ-ਇਕ ਸਰਕਾਰ ਭਾਜਪਾ ਹਵਾਲੇ ਕਰਨ ਦੇ ਕਾਫ਼ੀ ਨੇੜੇ ਪਹੁੰਚ ਗਏ ਤੇ ਸਰਕਾਰ ਨੂੰ ਬਿਲਕੁਲ ਕਿਨਾਰੇ ਤੋਂ ਮੋੜ ਲਿਆਉਣ ਲਈ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹਿਮਾਚਲ ਸੱਦਣਾ ਪਿਆ। ਇਹ ਇਸ ਤਰ੍ਹਾਂ ਦੇ ਆਗੂ ਹਨ ਜਿਨ੍ਹਾਂ ਨਾਲ ਆਪਣੇ ਆਪ ਨੂੰ ਜੋੜਨਾ ਰਾਹੁਲ ਗਾਂਧੀ ਸ਼ਾਇਦ ਨਾ ਪਸੰਦ ਕਰਨ। ਮਾੜੀ ਕਿਸਮਤ ਨੂੰ, ਉਹ ਸਾਰੇ ਵੱਡੇ ਆਗੂ, ਜਿਨ੍ਹਾਂ ਰਾਹੁਲ ਦੇ ਮਤਵਾਲੇ ਦਾਇਰੇ ਤੋਂ ਬਾਹਰ ਆਪਣੀ ਪਛਾਣ ਬਣਾਈ ਹੈ, ਦਾ ਹੁਣ ਪਾਰਟੀ ਵਿਚ ਬਹੁਤਾ ਵਜ਼ਨ ਨਜ਼ਰ ਨਹੀਂ ਆਉਂਦਾ। ਸ਼ਿਵਕੁਮਾਰ ਤੇ ਹੁੱਡਾ ਜਿਹੇ ਆਗੂਆਂ ਤੋਂ ਕੰਮ ਚੋਣ ਤੋਂ ਪਹਿਲਾਂ ਲਿਆ ਜਾਣਾ ਚਾਹੀਦਾ ਹੈ ਨਾ ਕਿ ਬਾਅਦ ਵਿਚ, ਇਹ ਸਬਕ ਰਾਹੁਲ ਤੇ ਪ੍ਰਿਯੰਕਾ ਨੇ ਅਜੇ ਨਹੀਂ ਸਿੱਖਿਆ ਲੱਗਦਾ।
ਭਾਰਤੀ ਜਨਤੰਤਰ ਹਾਲੇ ਵੀ ਉਹ ਘੜੀ ਉਡੀਕ ਰਿਹਾ ਹੈ ਜਦ ਮੁੱਖ ਵਿਰੋਧੀ ਧਿਰ ਦੀ ਲੀਡਰਸ਼ਿਪ ਮੁਕੰਮਲ ਸਿਆਣਪ ਤੋਂ ਕੰਮ ਲਏਗੀ।
*ਲੇਖਕ ‘ਦਿ ਟ੍ਰਿਬਿਊਨ’ ਦੇ ਐਡੀਟਰ-ਇਨ-ਚੀਫ ਹਨ।

Advertisement
Author Image

joginder kumar

View all posts

Advertisement
Advertisement
×