For the best experience, open
https://m.punjabitribuneonline.com
on your mobile browser.
Advertisement

ਹਿਮਾਚਲ: ਬੱਦਲ ਫਟਣ ਕਾਰਨ ਹਮੀਰਪੁਰ ਤੇ ਸ਼ਿਮਲਾ ’ਚ ਦੋ ਮੌਤਾਂ

09:11 PM Jun 29, 2023 IST
ਹਿਮਾਚਲ  ਬੱਦਲ ਫਟਣ ਕਾਰਨ ਹਮੀਰਪੁਰ ਤੇ ਸ਼ਿਮਲਾ ’ਚ ਦੋ ਮੌਤਾਂ
Advertisement

ਸ਼ਿਮਲਾ/ਹਮੀਰਪੁਰ, 25 ਜੂਨ

Advertisement

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੂਬੇ ਦੇ ਸੋਲਨ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਅਤੇ ਸ਼ਿਮਲਾ, ਮੰਡੀ ਅਤੇ ਕੁੱਲੂ ਵਿੱਚ ਭਾਰੀ ਮੀਂਹ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਫ਼ਸਲਾਂ ਤਬਾਹ ਹੋ ਗਈਆਂ ਹਨ। ਸੂਬੇ ਵਿੱਚ ਕਈ ਥਾਈਂ ਮਕਾਨ ਅਤੇ ਵਾਹਨ ਪਾਣੀ ਵਿੱਚ ਰੁੜ੍ਹ ਗਏ।

ਸੂਬਾ ਐਮਰਜੈਂਸੀ ਅਪਰੇਸ਼ਨ ਕੇਂਦਰ ਅਨੁਸਾਰ ਹਮੀਰਪੁਰ ਅਤੇ ਸ਼ਿਮਲਾ ਜ਼ਿਲ੍ਹੇ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ। ਮੀਂਹ ਕਾਰਨ 11 ਮਕਾਨ ਅਤੇ ਵਾਹਨਾਂ ਸਮੇਤ ਚਾਰ ਗਊਆਂ ਦੇ ਸ਼ੈੱਡ ਪਾਣੀ ਵਿੱਚ ਰੁੜ੍ਹ ਗਏ। ਸੂਬੇ ਵਿੱਚ ਪਿਛਲੇ ਚੌਵੀਂ ਘੰਟਿਆਂ ਦੌਰਾਨ 78 ਲੱਖ ਤੋਂ ਵੱਧ ਦਾ ਮਾਲੀ ਨੁਕਸਾਨ ਹੋਇਆ ਹੈ। ਲਾਹੌਲ ਅਤੇ ਸਪਿਤੀ ਵਿੱਚ ਤਿੰਨ ਮਕਾਨ ਤਬਾਹ ਹੋ ਗਏ, ਜਦਕਿ ਹਮੀਰਪੁਰ ਵਿੱਚ ਪੰਜ, ਸੋਲਨ ਵਿੱਚ ਦੋ ਅਤੇ ਮੰਡੀ ਵਿੱਚ ਇੱਕ ਮਕਾਨ ਪਾਣੀ ਵਿੱਚ ਰੁੜ੍ਹ ਗਿਆ। ਕੁੱਲੂ ਵਿੱਚ ਅੱਠ ਵਾਹਨ ਨੁਕਸਾਨੇ ਗਏ, ਜਦਕਿ ਲਾਹੌਲ ਅਤੇ ਸਪਿਤੀ ਵਿੱਚ ਦੋ ਤੇ ਸਿਰਮੌਰ ਵਿੱਚ ਇੱਕ ਵਾਹਨ ਰੁੜ੍ਹ ਗਿਆ। ਸੂਬੇ ਵਿੱਚ ਵੱਡੀ ਗਿਣਤੀ ‘ਚ ਦਰੱਖਤ ਟੁੱਟਣ ਅਤੇ ਢਿੱਗਾਂ ਡਿੱਗਣ ਕਾਰਨ 126 ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ ਹੈ, ਜਿਨ੍ਹਾਂ ਵਿੱਚ ਕੌਮੀ ਮਾਰਗ ਵੀ ਸ਼ਾਮਲ ਹਨ। ਇਸੇ ਤਰ੍ਹਾਂ 141 ਟਰਾਂਸਫਾਰਮਰ ਨੁਕਸਾਨੇ ਜਾਣ ਕਾਰਨ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਚੁੱਕੀ ਹੈ।

ਕੁੱਲੂ ਵਿੱਚ ਹੜ੍ਹ ਕਾਰਨ ਰੁੜ੍ਹ ਕੇ ਆਈ ਇੱਕ ਗੱਡੀ ਨੂੰੂ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਦੇ ਹੋਏ ਬਚਾਅ ਕਰਮੀ। -ਫੋਟੋ: ਏਐੱਨਆਈ

ਤਾਜ਼ਾ ਜਾਣਕਾਰੀ ਅਨੁਸਾਰ ਪਿੰਡ ਖਨੌਲੀ ਨੇੜੇ ਬਿਆਸ ਦੇ ਪਾਣੀ ਵਿੱਚ ਛੇ ਵਿਅਕਤੀ ਫਸੇ ਹੋਏ ਹਨ ਅਤੇ ਧੌਲਸੀਧ ਪਾਵਰ ਪ੍ਰਾਜੈਕਟ ਦੀ ਲੱਖਾਂ ਰੁਪਏ ਦੀ ਮਸ਼ੀਨਰੀ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਈ ਹੈ। ਸੋਲਨ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ 35 ਬੱਕਰੀਆਂ ਰੁੜ ਗਈਆਂ। ਚੰਬਾ ਜ਼ਿਲ੍ਹੇ ਦੇ ਚੋਵਾੜੀ ਨੇੜੇ ਢਿੱਗਾਂ ਡਿੱਗਣ ਕਾਰਨ 40 ਵਾਹਨ ਵਿੱਚ ਸਵਾਰ 100 ਦੇਕਰੀਬ ਲੋਕ ਉੱਥੇ ਫਸ ਗਏ ਹਨ। ਇਸੇ ਤਰ੍ਹਾਂ ਕੁੱਲੂ ਦੇ ਮੋਹਲ ਖੁੰਡ ਇਲਾਕੇ ਵਿੱਚ ਪੰਜ ਕਾਰਾਂ ਅਤੇ ਤਿੰਨ ਟਰੈਕਟਰ ਨੁਕਸਾਨੇ ਗਏ, ਜਦਕਿ ਮੰਡੀ ਵਿੱਚ ਇੱਕ ਮਕਾਨ ਡਿੱਗਣ ਕਾਰਨ ਦੋ ਜਣੇ ਜ਼ਖ਼ਮੀ ਹੋ ਗੲੇ। ਨਾਥੱਪਾ ਡੈਮ ਤੋਂ 150 ਕਿਊਸਿਕ ਪਾਣੀ ਛੱਡਣ, ਸਬਮਰਸੀਬਲ ਪੰਪ ਅਤੇ ਇਨਲੇਟ ਪਾਈਪ ਨੂੰ ਨੁਕਸਾਨ ਪਹੁੰਚਾਉਣ ਕਾਰਨ ਸ਼ਿਮਲਾ ਵਿੱਚ ਚੱਬਾ ਜਲ ਸਪਲਾਈ ਯੋਜਨਾ ਪ੍ਰਭਾਵਿਤ ਹੋਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਮੀਂਹ ਵਿੱਚ ਘਰੋਂ ਬਾਹਰ ਨਾ ਨਿਕਲਣ ਅਤੇ ਨਦੀਆਂ-ਨਾਲਿਆਂ ਕੋਲ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ

ਅਸਾਮ: ਸ਼ਾਹ ਨੇ ਮੁੱਖ ਮੰਤਰੀ ਤੋਂ ਹਾਲਾਤ ਦਾ ਜਾਇਜ਼ਾ ਲਿਆ

ਗੁਹਾਟੀ: ਅਸਾਮ ਵਿੱਚ ਹੜ੍ਹਾਂ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਇੱਥੇ ਭਾਰੀ ਮੀਂਹ ਕਾਰਨ ਹੁਣ ਤੱਕ ਚਾਰ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੂਬੇ ਵਿੱਚ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸ ਮੁਸ਼ਕਲ ਸਮੇਂ ਹਮੇਸ਼ਾ ਅਸਾਮ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਟਵੀਟ ਕੀਤਾ, ”ਭਾਰੀ ਮੀਂਹ ਕਾਰਨ ਅਸਾਮ ਦੇ ਕੁੱਝ ਹਿੱਸਿਆਂ ਵਿੱਚ ਲੋਕਾਂ ਨੂੰ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਮੈਂ ਮੁੱਖ ਮੰਤਰੀ ਸ੍ਰੀ ਹੇਮੰਤ ਬਿਸਵਾ ਸਰਮਾ ਜੀ ਨਾਲ ਗੱਲਬਾਤ ਕੀਤੀ ਹੈ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਐੱਨਡੀਆਰਐੱਫ ਦੀਆਂ ਟੀਮਾਂ ਨੇ ਪਹਿਲਾਂ ਤੋਂ ਹੀ ਰਾਹਤ ਅਤੇ ਬਚਾਅ ਕਾਰਜ ਆਰੰਭੇ ਹੋਏ ਹਨ।” ਅਮਿਤ ਸ਼ਾਹ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦਿਆਂ ਹੇਮੰਤ ਬਿਸਵਾ ਨੇ ਸੂਬੇ ਪ੍ਰਤੀ ਫਿਕਰ ਜ਼ਾਹਿਰ ਕਰਨ ‘ਤੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਹੈ। ਅਸਾਮ ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਆਏ ਹੜ੍ਹਾਂ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 1,118 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ 8,469.56 ਏਕੜ ਫ਼ਸਲ ਤਬਾਹ ਹੋ ਚੁੱਕੀ ਹੈ। ਵਿਭਾਗ ਨੇ ਦੱਸਿਆ ਕਿ ਤੇਜ਼ਪੁਰ ਅਤੇ ਨੇਮਤੀਘਾਟ ਵਿੱਚ ਬ੍ਰਹਮਪੁੱਤਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ। -ਪੀਟੀਆਈ

Advertisement
Tags :
Advertisement
Advertisement
×