ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿਮਾਚਲ: ਸਪੀਕਰ ਵੱਲੋਂ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ

07:30 AM Jun 04, 2024 IST

ਸ਼ਿਮਲਾ, 3 ਜੂਨ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਉਨ੍ਹਾਂ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਹਨ ਜਿਨ੍ਹਾਂ ਨੇ ਰਾਜ ਸਭਾ ਚੋਣ ਵਿਚ ਭਾਜਪਾ ਉਮੀਦਵਾਰ ਦੇ ਪੱਖ ਵਿਚ ਵੋਟ ਪਾਈ ਸੀ। ਸਪੀਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਤਿੰਨ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਗਏ ਹਨ ਤੇ ਇਹ ਹੁਣ 14ਵੀਂ ਵਿਧਾਨ ਸਭਾ ਦੇ ਮੈਂਬਰ ਨਹੀਂ ਹਨ। ਦੱਸਣਾ ਬਣਦਾ ਹੈ ਕਿ ਦੇਹਰਾ ਤੋਂ ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ, ਹਮੀਰਪੁਰ ਦੇ ਅਸ਼ੀਸ਼ ਸ਼ਰਮਾ ਤੇ ਨਾਲਾਗੜ੍ਹ ਦੇ ਕੇਐੱਲ ਠਾਕੁਰ ਨੇ 27 ਫਰਵਰੀ ਨੂੰ ਰਾਜ ਸਭਾ ਚੋਣ ਵੇਲੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਪੱਖ ਵਿਚ ਵੋਟ ਪਾਈ ਸੀ। ਉਸ ਵੇਲੇ ਭਾਜਪਾ ਉਮੀਦਵਾਰ ਦੇ ਪੱਖ ਵਿਚ ਕਾਂਗਰਸ ਦੇ ਵੀ ਛੇ ਬਾਗੀ ਉਮੀਦਵਾਰਾਂ ਨੇ ਵੋਟ ਪਾਈ ਸੀ।
ਇਨ੍ਹਾਂ ਤਿੰਨ ਵਿਧਾਇਕਾਂ ਨੇ ਵਿਧਾਨ ਸਭਾ ਤੋਂ 22 ਮਾਰਚ ਨੂੰ ਅਸਤੀਫਾ ਦਿੱਤਾ ਸੀ ਪਰ ਵਿਧਾਨ ਸਭਾ ਦੇ ਸਪੀਕਰ ਨੇ ਇਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਸੀ। ਸਪੀਕਰ ਨੇ ਦੱਸਿਆ ਸੀ ਕਿ ਇਸ ਸਬੰਧੀ ਕਾਂਗਰਸ ਵਿਧਾਇਕ ਦਲ ਦਾ ਇਕ ਵਫਦ ਉਨ੍ਹਾਂ ਨੂੰ ਮਿਲਿਆ ਸੀ ਜਿਸ ਨੇ ਇਨ੍ਹਾਂ ਆਜ਼ਾਦ ਵਿਧਾਇਕਾਂ ’ਤੇ ਦਬਾਅ ਹੇਠ ਆ ਕੇ ਅਸਤੀਫੇ ਦੇਣ ਦਾ ਦੋਸ਼ ਲਾਇਆ ਸੀ। ਇਹ ਵਿਧਾਇਕ 23 ਮਾਰਚ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਤੇ ਇਨ੍ਹਾਂ ਨੇ ਸਪੀਕਰ ਕੋਲੋਂ ਅਸਤੀਫਾ ਮਨਜ਼ੂਰ ਕਰਵਾਉਣ ਲਈ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਅਦਾਲਤ ਦੇ ਇਸ ਸਬੰਧ ਵਿੱਚ ਸਪੀਕਰ ਨੂੰ ਨਿਰਦੇਸ਼ ਜਾਰੀ ਕਰਨ ਦੀ ਦੁਚਿੱਤੀ ਕਾਰਨ ਮਾਮਲਾ ਤੀਜੇ ਜੱਜ ਕੋਲ ਭੇਜ ਦਿੱਤਾ ਗਿਆ ਸੀ ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ। ਵਿਧਾਇਕਾਂ ਨੇ ਆਪਣੀ ਮੰਗ ਨੂੰ ਲੈ ਕੇ ਵਿਧਾਨ ਸਭਾ ਕੰਪਲੈਕਸ ਵਿੱਚ ਧਰਨਾ ਵੀ ਦਿੱਤਾ ਸੀ। ਕਾਂਗਰਸ ਆਗੂ ਜਗਤ ਸਿੰਘ ਨੇਗੀ ਵੱਲੋਂ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਦਲਬਦਲੀ ਵਿਰੋਧੀ ਕਾਨੂੰਨ ਤਹਿਤ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਗਈ ਸੀ ਕਿਉਂਕਿ ਉਹ ਅਸਤੀਫ਼ੇ ਪ੍ਰਵਾਨ ਕਰਨ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਪਠਾਨੀਆ ਨੇ ਕਿਹਾ ਕਿ ਹੁਣ ਉਨ੍ਹਾਂ ਨੇ ਅਸਤੀਫ਼ੇ ਪ੍ਰਵਾਨ ਕਰ ਲਏ ਹਨ, ਇਸ ਲਈ ਦੂਜੀ ਪਟੀਸ਼ਨ ਆਪਣੇ ਆਪ ਬੇਅਰਥ ਹੋ ਜਾਵੇਗੀ।
ਇਸ ਤੋਂ ਪਹਿਲਾਂ ਬਾਗੀ ਵਿਧਾਇਕਾਂ ਦੀਆਂ 6 ਸੀਟਾਂ ਨੂੰ ਖਾਲੀ ਐਲਾਨ ਦਿੱਤਾ ਗਿਆ ਸੀ ਜਿਸ ਨਾਲ ਸਦਨ ਦੇ ਮੈਂਬਰਾਂ ਦੀ ਗਿਣਤੀ 68 ਤੋਂ ਘਟ ਕੇ 62 ਹੋ ਗਈ ਸੀ। ਸਪੀਕਰ ਵੱਲੋਂ ਹੁਣ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ ਕਰਨ ਨਾਲ ਇਹ ਗਿਣਤੀ ਹੋਰ ਘਟ ਕੇ 59 ਹੋ ਗਈ ਹੈ ਜਿਸ ਵਿਚ ਕਾਂਗਰਸ ਕੋਲ 34 ਤੇ ਭਾਜਪਾ ਕੋਲ 25 ਵਿਧਾਇਕ ਹਨ। -ਪੀਟੀਆਈ

Advertisement

Advertisement