For the best experience, open
https://m.punjabitribuneonline.com
on your mobile browser.
Advertisement

ਹਿਮਾਚਲ: ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਦੀਆਂ ਉਮੀਦਾਂ ਖ਼ਤਮ

07:18 AM Aug 08, 2024 IST
ਹਿਮਾਚਲ  ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਦੀਆਂ ਉਮੀਦਾਂ ਖ਼ਤਮ
ਬੱਦਲ ਫਟਣ ਮਗਰੋਂ ਤਬਾਹ ਹੋਏ ਮੰਡੀ ਦੇ ਰਾਜਬਨ ਪਿੰਡ ਵਿੱਚ ਚਲਾਏ ਜਾ ਰਹੇ ਬਚਾਅ ਕਾਰਜ। -ਫੋਟੋ: ਪੀਟੀਆਈ
Advertisement

ਸ਼ਿਮਲਾ, 7 ਅਗਸਤ
ਹਿਮਾਚਲ ਪ੍ਰਦੇਸ਼ ਵਿੱਚ 31 ਜੁਲਾਈ ਨੂੰ ਬੱਦਲ ਫਟਣ ਮਗਰੋਂ ਲਾਪਤਾ ਹੋਏ ਲੋਕਾਂ ਦੀ ਕੋਈ ਉੱਘ-ਸੁੱਘ ਨਾ ਮਿਲਣ ਕਾਰਨ ਕਰੀਬ 30 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਉਮੀਦਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਲਗਾਤਾਰ ਮੀਂਹ ਦੇ ਬਾਵਜੂਦ ਬਚਾਅ ਮੁਹਿੰਮ ਅੱਜ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ।
ਇੱਥੇ ਸਮੇਜ ਪਿੰਡ ਵਿੱਚ ਚੱਲ ਰਹੀ ਬਚਾਅ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਦੇ ਸਹਾਇਕ ਕਮਾਂਡਿੰਗ ਅਫਸਰ ਕਰਮ ਸਿੰਘ ਨੇ ਕਿਹਾ, ‘‘ਮੀਂਹ ਪੈ ਰਿਹਾ ਹੈ , ਪਰ ਬਚਾਅ ਮੁਹਿੰਮ ਵੀ ਚੱਲ ਰਹੀ ਹੈ।’’ ਉਨ੍ਹਾਂ ਕਿਹਾ, ‘‘ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਕਈ ਥਾਵਾਂ ’ਤੇ ਢਿੱਗਾਂ ਵੀ ਡਿੱਗ ਰਹੀਆਂ ਹਨ। ਜੇਸੀਬੀ ਅਤੇ ਹੋਰ ਮਸ਼ੀਨਾਂ ਨਾਲ ਸੜਕਾਂ ਤੋਂ ਮਲਬਾ ਹਟਾਇਆ ਜਾ ਰਿਹਾ। ਲਾਪਤਾ ਲੋਕਾਂ ਦੇ ਮਿਲਣ ਦੀਆਂ ਸੰਭਾਵੀ ਥਾਵਾਂ ’ਤੇ ਭਾਲ ਕੀਤੀ ਜਾ ਰਹੀ ਹੈ।’’ ਸਮੇਜ ਪਿੰਡ ਸ਼ਿਮਲਾ ਜ਼ਿਲ੍ਹੇ ਦੀ ਰਾਮਪੁਰ ਸਬ-ਡਿਵੀਜ਼ਨ ਦੇ ਸਰਪਾਰਾ ਪੰਚਾਇਤ ਅਧੀਨ ਆਉਂਦਾ ਹੈ ਅਤੇ ਇਸ ਨਾਲ ਕੁੱਲੂ ਜ਼ਿਲ੍ਹੇ ਦੀ ਹੱਦ ਲੱਗਦੀ ਹੈ।
ਪਿਛਲੇ ਸੱਤ ਦਿਨਾਂ ਤੋਂ ਇੱਥੇ ਡੇਰੇ ਲਾਈਂ ਬੈਠੇ ਲਾਪਤਾ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਉਮੀਦਾਂ ਹੁਣ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਉਹ ਆਪਣੇ ਅਜ਼ੀਜਾਂ ਦੀਆਂ ਲਾਸ਼ਾਂ ਮਿਲਣ ਲਈ ਪ੍ਰਾਰਥਨਾ ਕਰ ਰਹੇ ਹਨ ਤਾਂ ਜੋ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ। ਮੋਤੀ ਰਾਮ ਨੇ ਕਿਹਾ, ‘‘ਮੇਰਾ ਭਰਾ, ਦੋ ਭਰਜਾਈਆਂ, ਨੂੰਹ, ਭਤੀਜੇ ਤੇ ਭਤੀਜੀ ਸਮੇਤ ਪੂਰਾ ਪਰਿਵਾਰ ਲਾਪਤਾ ਹੈ।’’ ਘਟਨਾ ਮੌਕੇ ਘਰ ਤੋਂ ਬਾਹਰ ਹੋਣ ਕਾਰਨ ਮੋਤੀ ਰਾਮ ਆਪਣੀ ਨੂੰਹ ਅਤੇ ਪੋਤੇ ਸਮੇਤ ਬਚ ਗਿਆ। ਇੱਕ ਹੋਰ ਸਥਾਨਕ ਵਾਸੀ ਕੈਰ ਸਿੰਘ ਨੇ ਕਿਹਾ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਲਗਾਤਾਰ ਮੀਂਹ ਕਾਰਨ ਬਚਾਅ ਮੁਹਿੰਮ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਲੂ ਦੇ ਨਿਰਮੰਡ, ਸੈਂਜ, ਮਲਾਨਾ, ਜਦੋਂਕਿ ਮੰਡੀ ਦੇ ਪਧਾਰ ਤੇ ਸ਼ਿਮਲਾ ਦੀ ਰਾਮਪੁਰ ਸਬ-ਡਿਵੀਜ਼ਨ ਵਿੱਚ 31 ਜੁਲਾਈ ਰਾਤ ਨੂੰ ਬੱਦਲ ਫਟਣ ਮਗਰੋਂ ਆਏ ਹੜ੍ਹ ਵਿੱਚ ਹੁਣ ਤੱਕ 16 ਜਣੇ ਮਾਰੇ ਗਏ ਹਨ, ਜਦੋਂਕਿ 35 ਤੋਂ ਵੱਧ ਲਾਪਤਾ ਹਨ। ਉਧਰ, ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਸਮੇਜ ਅਤੇ ਸ਼ਿਮਲਾ ਤੇ ਕੁੱਲੂ ਦੇ ਪ੍ਰਭਾਵਿਤ ਇਲਾਕਾਂ ਦਾ ਮੰਗਲਵਾਰ ਨੂੰ ਦੌਰਾ ਕੀਤਾ। -ਪੀਟੀਆਈ

Advertisement

ਹਿਮਾਚਲ ’ਚ ਭਾਰੀ ਮੀਂਹ ਦੀ ਚਿਤਾਵਨੀ

ਸ਼ਿਮਲਾ:

ਮੌਸਮ ਵਿਭਾਗ ਨੇ ਅੱਜ ਕਿਹਾ ਕਿ ਭਾਰੀ ਮੀਂਹ ਪੈਣ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਢਿੱਗਾਂ ਖਿਸਕਣ ਅਤੇ ਦਰੱਖਤ ਪੁੱਟੇ ਜਾਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਮੌਸਮ ਵਿਭਾਗ ਨੇ ਬੁੱਧਵਾਰ ਅਤੇ ਸ਼ਨਿਚਰਵਾਰ ਨੂੰ ਸੂਬੇ ਦੀਆਂ ਕਈਆਂ ਥਾਵਾਂ ’ਤੇ ਬਿਜਲੀ ਤੇ ਗਰਜ ਨਾਲ ਦਰਮਿਆਨੇ ਤੋਂ ਭਾਰੀ ਮੀਂਹ ਦਾ ‘ਓਰੇਂਜ’ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਕਾਂਗੜਾ, ਸਿਰਮੌਰ, ਚੰਬਾ, ਸ਼ਿਮਲਾ, ਕੁੱਲੂ, ਕਿਨੌਰ, ਸੋਲਨ ਅਤੇ ਮੰਡੀ ਜ਼ਿਲ੍ਹਿਆਂ ਦੇ ਦੂਰ-ਦੁਰਾਡੇ ਹਿੱਸਿਆਂ ਵਿੱਚ ਘੱਟ ਤੋਂ ਦਰਮਿਆਨੇ ਹੜ੍ਹਾਂ ਦੇ ਜੋਖ਼ਮ ਸਬੰਧੀ ਵੀ ਚਿਤਾਵਨੀ ਦਿੱਤੀ ਹੈ। ਉਧਰ ਸੂਬੇ ਦੇ ਕੁੱਝ ਹਿੱਸਿਆਂ ਵਿੱਚ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਕਾਰਨ 53 ਸੜਕਾਂ ਬੰਦ ਹੋ ਗਈਆਂ ਹਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×