For the best experience, open
https://m.punjabitribuneonline.com
on your mobile browser.
Advertisement

ਹਿਮਾਚਲ: ਤਿੰਨ ਆਜ਼ਾਦ ਵਿਧਾਇਕਾਂ ਵੱਲੋਂ ਅਸਤੀਫ਼ਾ

07:29 AM Mar 23, 2024 IST
ਹਿਮਾਚਲ  ਤਿੰਨ ਆਜ਼ਾਦ ਵਿਧਾਇਕਾਂ ਵੱਲੋਂ ਅਸਤੀਫ਼ਾ
Advertisement

ਸ਼ਿਮਲਾ, 22 ਮਾਰਚ
ਹਾਲੀਆ ਰਾਜ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਨੇ ਅੱਜ ਹਿਮਾਚਲ ਪ੍ਰਦੇਸ਼ ਅਸੈਂਬਲੀ ਵਿਚੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਇਕਾਂ ਨੇ ਆਪਣੇ ਅਸਤੀਫ਼ੇ ਅਸੈਂਬਲੀ ਸਕੱਤਰ ਕੋਲ ਜਮ੍ਹਾਂ ਕਰਵਾ ਦਿੱਤੇ ਹਨ। ਇਨ੍ਹਾਂ ਵਿਚੋਂ ਇਕ ਵਿਧਾਇਕ ਨੇ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਹੋਣਗੇ ਤੇ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ।
ਤਿੰਨ ਵਿਧਾਇਕਾਂ- ਆਸ਼ੀਸ਼ ਸ਼ਰਮਾ (ਹਮੀਰਪੁਰ ਹਲਕਾ), ਹੁਸ਼ਿਆਰ ਸਿੰਘ (ਦੇਹਰਾ) ਤੇ ਕੇ.ਐੱਲ.ਠਾਕੁਰ (ਨਾਲਾਗੜ੍ਹ) ਅੱਜ ਸ਼ਿਮਲਾ ਪੁੱਜੇ ਤੇ ਉਨ੍ਹਾਂ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਤੇ ਹੋਰਨਾਂ ਭਾਜਪਾ ਵਿਧਾਇਕਾਂ ਦੀ ਹਾਜ਼ਰੀ ਵਿਚ ਆਪਣੇ ਅਸਤੀਫ਼ੇ ਅਸੈਂਬਲੀ ਸਕੱਤਰ ਯਸ਼ ਪਾਲ ਸ਼ਰਮਾ ਨੂੰ ਸੌਂਪ ਦਿੱਤੇ। ਹੁਸ਼ਿਆਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਆਪਣੇ ਅਸਤੀਫ਼ੇ ਸੌਂਪ ਦਿੱਤੇ ਹਨ। ਅਸੀਂ ਭਾਜਪਾ ਵਿਚ ਸ਼ਾਮਲ ਹੋਵਾਂਗੇ ਤੇ ਪਾਰਟੀ ਦੀ ਟਿਕਟ ’ਤੇ ਚੋਣ ਲੜਾਂਗੇ।’’ ਕਾਬਿਲੇਗੌਰ ਹੈ ਕਿ ਤਿੰਨੇ ਵਿਧਾਇਕਾਂ ਨੇ 2022 ਦੀਆਂ ਅਸੈਂਬਲੀ ਚੋਣਾਂ ਦੌਰਾਨ ਭਾਜਪਾ ਤੋਂ ਟਿਕਟ ਮੰਗੀ ਸੀ, ਪਰ ਇਨਕਾਰ ਕੀਤੇ ਜਾਣ ’ਤੇ ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਹਾਲਾਂਕਿ ਮਗਰੋਂ ਕਾਂਗਰਸ ਨੇ ਜਦੋਂ 40 ਵਿਧਾਇਕਾਂ ਨਾਲ ਸਰਕਾਰ ਬਣਾਈ ਤਾਂ ਤਿੰਨ ਆਜ਼ਾਦ ਵਿਧਾਇਕਾਂ ਨੇ ਸਰਕਾਰ ਦੀ ਹਮਾਇਤ ਕੀਤੀ। ਆਜ਼ਾਦ ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਇੰਨਾ ਕੁ ਹੇਠਾਂ ਡਿੱਗ ਗਏ ਹਨ ਕਿ ਉਨ੍ਹਾਂ (ਵਿਧਾਇਕਾਂ) ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਖਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਪਿਛਲੇ ਮਹੀਨੇ ਹੋਈਆਂ ਰਾਜ ਸਭਾ ਚੋਣਾਂ ਦੌਰਾਨ ਤਿੰਨ ਆਜ਼ਾਦ ਵਿਧਾਇਕਾਂ ਤੇ ਕਾਂਗਰਸ ਦੇ 6 ਵਿਧਾਇਕਾਂ ਨੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟ ਪਾਈ ਸੀ। ਬਜਟ ਦੌਰਾਨ ਪੇਸ਼ ਮਤਿਆਂ ਲਈ ਸੱਤਾਧਾਰੀ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਤੇ ਸਦਨ ਵਿਚ ਮੌਜੂਦਗੀ ਯਕੀਨੀ ਬਣਾਉਣ ਲਈ ਜਾਰੀ ਵ੍ਹਿਪ ਦੀ ਉਲੰਘਣਾ ਲਈ ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਐਲਾਨ ਦਿੱਤਾ ਗਿਆ ਸੀ। ਭਾਰਤੀ ਚੋਣ ਕਮਿਸ਼ਨ ਨੇ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਐਲਾਨੇ ਜਾਣ ਕਰਕੇ ਖਾਲੀ ਹੋਈਆਂ ਛੇ ਅਸੈਂਬਲੀ ਸੀਟਾਂ ਲਈ ਜ਼ਿਮਨੀ ਚੋਣ ਸੂਬੇ ਦੀਆਂ ਚਾਰ ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਹੋਣ ਵਾਲੀ ਚੋਣ ਦੇ ਨਾਲ ਹੀ ਕਰਵਾਉਣ ਦਾ ਐਲਾਨ ਕੀਤਾ ਸੀ।
ਹੁਸ਼ਿਆਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣਾ ਅਸਤੀਫ਼ਾ ਸਪੀਕਰ ਕੋਲ ਜਮ੍ਹਾਂ ਕਰਵਾਉਣ ਲਈ ਗਏ ਸੀ, ਪਰ ਉਹ ਉਪਲੱਬਧ ਨਹੀਂ ਸਨ। ਮਗਰੋਂ ਉਨ੍ਹਾਂ ਆਪਣੇ ਅਸਤੀਫ਼ੇ ਅਸੈਂਬਲੀ ਸਕੱਤਰ ਨੂੰ ਸੌਂਪ ਦਿੱਤੇ ਤੇ ਬੈਠਕ ਕਰਕੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਇਸ ਬਾਰੇ ਦੱਸ ਦਿੱਤਾ ਹੈ। ਸਿੰਘ ਨੇ ਕਿਹਾ, ‘‘ਸਾਡੀ ਜ਼ਮੀਰ ਨੇ ਸਾਨੂੰ ਇਕ ਬਾਹਰੀ ਵਿਅਕਤੀ- ਕਾਂਗਰਸੀ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਰਾਜ ਸਭਾ ਚੋਣਾਂ ਵਿਚ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਆਪਣੀ ਇੱਛਾ ਮੁਤਾਬਕ ਵੋਟ ਪਾਉਣਾ ਸਾਡਾ ਅਧਿਕਾਰ ਹੈ।’’ ਸਿੰਘ ਨੇ ਕਿਹਾ ਕਿ ਰਾਜ ਸਭਾ ਚੋਣਾਂ ਦਾ ਨਤੀਜਾ ਐਲਾਨੇ ਜਾਣ ਮਗਰੋਂ ਸੂਬਾ ਸਰਕਾਰ ਨੇ ਬਦਲਾਖੋਰੀ ਦੀ ਸਿਆਸਤ ਸ਼ੁਰੂ ਕਰ ਦਿੱਤੀ ਹੈ। ਅਜਿਹੇ ਹਾਲਾਤ ਵਿਚ ਅਸੀਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ। ਅਸੀਂ ਭਾਜਪਾ ਵਿਚ ਸ਼ਾਮਲ ਹੋਵਾਂਗੇ ਤੇ ਭਾਜਪਾ ਦੀ ਟਿਕਟ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਦੀ ਅਗਵਾਈ ਹੇਠ ਚੋਣਾਂ ਲੜਾਂਗੇ।’’ ਕੇ.ਐੱਲ.ਠਾਕੁਰ ਨੇ ਕਿਹਾ ਕਿ ਪਿਛਲੇ 14 ਮਹੀਨਿਆਂ ਵਿਚ ਕਾਂਗਰਸ ਦੇ ਰਾਜ ਵਿਚ ਵਿਕਾਸ ਕਾਰਜ ਠੱਪ ਪਏ ਹਨ। -ਪੀਟੀਆਈ

Advertisement

ਆਜ਼ਾਦ ਵਿਧਾਇਕ ਅਸਤੀਫ਼ਾ ਨਾ ਦੇ ਕੇ ਲੋਕ ਫ਼ਤਵੇ ਦਾ ਸਨਮਾਨ ਕਰਨ: ਸੁੱਖੂ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਆਜ਼ਾਦ ਵਿਧਾਇਕਾਂ ਨੂੰ ਅਸਤੀਫ਼ਾ ਨਾ ਦੇ ਕੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਦਾ ਸਨਮਾਨ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਕੀ ਵਿਧਾਇਕਾਂ ’ਤੇ ਦਬਾਅ ਪਾਉਣ ਲਈ ਪੈਸਾ ਵਰਤਿਆ ਗਿਆ ਸੀ ਜਾਂ ਨਹੀਂ। ਉਨ੍ਹਾਂ ਕਿਹਾ, ‘‘ਕੁਝ ਗਲਤ ਕੀਤਾ ਹੋਵੇਗਾ, ਤਾਹੀਓਂ ਅਸਤੀਫ਼ਾ ਦਿੱਤਾ ਹੈ।’’ ਛੇ ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਮਗਰੋਂ 68 ਮੈਂਬਰੀ ਹਿਮਾਚਲ ਪ੍ਰਦੇਸ਼ ਅਸੈਂਬਲੀ ਵਿਚ ਸੱਤਾਧਾਰੀ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਸਪੀਕਰ ਸਣੇ 40 ਤੋਂ ਘਟ ਕੇ 34 ਰਹਿ ਗਈ ਹੈ। ਭਾਜਪਾ ਕੋਲ 25 ਵਿਧਾਇਕ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×