ਹਿਮਾਚਲ ਪ੍ਰਦੇਸ਼: ਸਪੀਕਰ ਵੱਲੋਂ ਕਾਂਗਰਸ ਦੇ ਛੇ ਬਾਗ਼ੀ ਵਿਧਾਇਕ ਅਯੋਗ ਕਰਾਰ
ਸ਼ਿਮਲਾ, 29 ਫਰਵਰੀ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਅੱਜ ਕਾਂਗਰਸ ਦੇ ਛੇ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਨੇ ਹਾਲ ਹੀ ਵਿੱਚ ਸੂਬੇ ਦੀ ਇੱਕੋ-ਇੱਕ ਰਾਜ ਸਭਾ ਸੀਟ ਲਈ ਹੋਈ ਚੋਣ ਦੌਰਾਨ ਕਰਾਸ ਵੋਟਿੰਗ ਕੀਤੀ ਸੀ। ਉਨ੍ਹਾਂ ਵਿੱਤੀ ਬਿੱਲ ’ਤੇ ਸਰਕਾਰ ਦੇ ਹੱਕ ’ਚ ਵੋਟ ਪਾਉਣ ਦੇ ਪਾਰਟੀ ਵ੍ਹਿਪ ਦੀ ਉਲੰਘਣਾ ਕਰਦਿਆਂ ਵਿਧਾਨ ਸਭਾ ’ਚ ਬਜਟ ’ਤੇ ਵੋਟਿੰਗ ਤੋਂ ਵੀ ਗੁਰੇਜ਼ ਕੀਤਾ ਸੀ। ਉਨ੍ਹਾਂ ਨੂੰ ਅਯੋਗ ਐਲਾਨੇ ਜਾਣ ਦਾ ਇਹੋ ਕਾਰਨ ਦੱਸਿਆ ਜਾਂਦਾ ਹੈ। ਅਯੋਗ ਐਲਾਨੇ ਗਏ ਵਿਧਾਇਕਾਂ ਵਿੱਚ ਰਾਜੇਂਦਰ ਰਾਣਾ, ਸੁਧੀਰ ਸ਼ਰਮਾ, ਇੰਦਰਦੱਤ ਲਖਨਪਾਲ, ਦੇਵੇਂਦਰ ਕੁਮਾਰ ਭੁੱਟੋ, ਰਵੀ ਠਾਕੁਰ ਤੇ ਚੈਤੰਨਿਆ ਸ਼ਰਮਾ ਸ਼ਾਮਲ ਹਨ। ਦੂਜੇ ਪਾਸੇ ਅਯੋਗ ਠਹਿਰਾਏ ਗਏ ਵਿਧਾਇਕਾਂ ਨੇ ਇਨ੍ਹਾਂ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ।
ਉਧਰ ਸਿਆਸੀ ਸੰਕਟ ਦਰਮਿਆਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੀ ਅਧਿਕਾਰਤ ਰਿਹਾਇਸ਼ ’ਤੇ ਪਾਰਟੀ ਵਿਧਾਇਕਾਂ ਨਾਲ ਨਾਸ਼ਤੇ ’ਤੇ ਮੀਟਿੰਗ ਕੀਤੀ। ਸ਼ਿਮਲਾ ਸ਼ਹਿਰੀ ਸੀਟ ਤੋਂ ਵਿਧਾਇਕ ਹਰੀਸ਼ ਜਨਾਰਥਾ ਨੇ ਮੀਟਿੰਗ ਤੋਂ ਪਹਿਲਾਂ ਕਿਹਾ, ‘ਇਹ ਸਿਰਫ਼ ਇੱਕ ਮੁਲਾਕਾਤ ਹੈ ਅਤੇ ਦੇਖਦੇ ਹਾਂ ਕਿ ਮੀਟਿੰਗ ਚ ਕੀ ਹੁੰਦਾ ਹੈ।’ ਮੀਟਿੰਗ ’ਚ ਕੀ ਹੋਇਆ ਅਤੇ ਕਿੰਨੇ ਵਿਧਾਇਕ ਉੱਥੇ ਹਾਜ਼ਰ ਸਨ ਇਸ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਪਰ ਜ਼ਿਆਦਾਤਰ ਵਿਧਾਇਕਾਂ ਨੇ ਕਿਹਾ ਕਿ ਸਰਕਾਰ ਸਥਿਰ ਹੈ ਅਤੇ ਆਪਣਾ ਕਾਰਜਕਾਲ ਪੂਰਾ ਕਰੇਗੀ। ਮੀਟਿੰਗ ਚੱਲ ਹੀ ਰਹੀ ਸੀ ਕਿ ਇਸ ਦੌਰਾਨ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਪ੍ਰਧਾਨ ਪਠਾਨੀਆ ਨੇ ਕਾਂਗਰਸ ਦੇ ਛੇ ਬਾਗੀ ਵਿਧਾਇਕਾਂ ਨੂੰ ਅਯੋਗ ਐਲਾਨ ਦਿੱਤਾ। ਪਠਾਨੀਆ ਨੇ ਬੀਤੇ ਦਿਨ ਵਿਧਾਇਕਾਂ ਦੀ ਅਯੋਗਤਾ ਬਾਰੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਉਨ੍ਹਾਂ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਇਕਾਂ ਨੇ ਕਾਂਗਰਸ ਵ੍ਹਿਪ ਦੀ ਉਲੰਘਣਾ ਕੀਤੀ ਜਿਸ ਕਾਰਨ ਉਨ੍ਹਾਂ ’ਤੇ ਦਲ ਬਦਲੀ ਰੋਕੂ ਕਾਨੂੰਨ ਲਾਗੂ ਹੁੰਦਾ ਹੈ ਕਿਉਂਕਿ ਉਹ ਪਾਰਟੀ ਦੀ ਟਿਕਟ ’ਤੇ ਚੁਣੇ ਗਏ ਸਨ। ਉਨ੍ਹਾਂ ਕਿਹਾ, ‘ਇਹ ਛੇ ਵਿਧਾਇਕ ਅਯੋਗ ਐਲਾਨੇ ਜਾਂਦੇ ਹਨ ਅਤੇ ਤੁਰੰਤ ਪ੍ਰਭਾਵ ਨਾਲ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਨਹੀਂ ਰਹਿਣਗੇ।’ ਇਸੇ ਦੌਰਾਨ ਸਪੀਕਰ ਵੱਲੋਂ ਅਯੋਗ ਠਹਿਰਾਏ ਗਏ ਵਿਧਾਇਕਾਂ ’ਚੋਂ ਇੱਕ ਰਾਜਿੰਦਰ ਰਾਣਾ ਨੇ ਅੱਜ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਵੱਲੋਂ ਅਯੋਗ ਠਹਿਰਾਏ ਗਏ ਛੇ ਵਿਧਾਇਕ ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ। ਉਨ੍ਹਾਂ ਦਾਅਵਾ ਕੀਤਾ, ‘ਛੇ ਵਿੱਚੋਂ ਸਿਰਫ਼ ਇੱਕ ਵਿਧਾਇਕ ਨੂੰ 27 ਫਰਵਰੀ ਨੂੰ ਵੱਟਸਐਪ ’ਤੇ ਨੋਟਿਸ ਮਿਲਿਆ ਸੀ ਅਤੇ ਅਸੀਂ ਸਾਰੇ 27 ਤੇ 28 ਫਰਵਰੀ ਨੂੰ ਸਦਨ ’ਚ ਹਾਜ਼ਰ ਸੀ।’ -ਪੀਟੀਆਈ
ਕਾਂਗਰਸ ਨੇ ਹਿਮਾਚਲ ’ਚ ਲੋਕਾਂ ਦਾ ਭਰੋਸਾ ਗੁਆਇਆ: ਭਾਜਪਾ
ਸ਼ਿਮਲਾ: ਹਿਮਾਚਲ ਪ੍ਰਦੇਸ਼ ’ਚ ਰਾਜ ਸਭਾ ਚੋਣ ਜਿੱਤਣ ਤੋਂ ਬਾਅਦ ਭਾਜਪਾ ਦੇ ਸੂਬਾਈ ਮੁਖੀ ਰਾਜੀਵ ਬਿੰਦਲ ਨੇ ਕਿਹਾ ਕਿ ਕਾਂਗਰਸ ਸੂਬੇ ’ਚ ਲੋਕਾਂ ਦਾ ਭਰੋਸਾ ਤੇ ਸੱਤਾ ’ਚ ਬਣੇ ਰਹਿਣ ਦਾ ਅਧਿਕਾਰ ਗੁਆ ਚੁੱਕੀ ਹੈ। ਬਿੰਦਲ ਨੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰਨ ਬਹੁਮਤ ਵਾਲੀ ਹਾਕਮ ਪਾਰਟੀ ਰਾਜ ਸਭਾ ਚੋਣ ਜਿੱਤਣ ’ਚ ਨਾਕਾਮ ਰਹੀ। ਉਨ੍ਹਾਂ ਪੁੱਛਿਆ ਕਿ ਜੇਕਰ ਸਰਕਾਰ ਦੇ ਆਪਣੇ ਹੀ ਵਿਧਾਇਕ ਬਗਾਵਤ ਕਰਨਗੇ ਤਾਂ ਲੋਕ ਸਰਕਾਰ ’ਤੇ ਕਿਸ ਤਰ੍ਹਾਂ ਭਰੋਸਾ ਕਰ ਸਕਦੇ ਹਨ। ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੂੰ ਇਤਿਹਾਸਕ ਜਿੱਤ ਲਈ ਵਧਾਈ ਦਿੰਦਿਆਂ ਬਿੰਦਲ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਦੋਵਾਂ ਉਮੀਦਵਾਰਾਂ ਨੂੰ 34-34 ਵੋਟਾਂ ਮਿਲੀਆਂ ਜਦਕਿ ਪਾਰਟੀਆਂ ਦਾ ਵੋਟ ਬੈਂਕ ਕ੍ਰਮਵਾਰ 40 ਤੇ 25 ਸੀ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸੱਤਾ ’ਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ। -ਪੀਟੀਆਈ
ਸਰਕਾਰ ਡੇਗਣ ਵਿੱਚ ਭਾਜਪਾ ਨਾਕਾਮ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ’ਚ ਭਾਰਤੀ ਜਨਤਾ ਪਾਰਟੀ ਨੇ ਪੈਸੇ ਤੇ ਤਾਕਤ ਦੀ ਵਰਤੋਂ ਨਾਲ ਸਰਕਾਰ ਡੇਗਣ ਲਈ ਜੋ ਕੋਸ਼ਿਸ਼ ਕੀਤੀ, ਉਸ ਵਿੱਚ ਉਹ ਨਾਕਾਮ ਰਹੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਕਾਂਗਰਸ ਲੀਡਰਸ਼ਿਪ ਦੇ ਦਖਲ ਤੇ ਨਿਗਰਾਨਾਂ ਦੀ ਸਰਗਰਮੀ ਤੋਂ ਬਾਅਦ ਉੱਥੇ ਸਥਿਤੀ ਪੂਰੀ ਤਰ੍ਹਾਂ ਕਾਂਗਰਸ ਦੇ ਕੰਟਰੋਲ ਹੇਠ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਦੇ ਸੰਕਲਪ ਹੋਰ ਮਜ਼ਬੂਤ ਹੋਏ ਹਨ। ਅਸੀਂ ਹਿਮਾਚਲ ਦੇ ਲੋਕਾਂ ਦੀ ਸੇਵਾ ਕਰਦੇ ਰਹਾਂਗੇ। -ਪੀਟੀਆਈ
ਸੁੱਖੂ ਨੇ ਸਿੰਘਵੀ ਦੀ ਹਾਰ ਦੀ ਜ਼ਿੰਮੇਵਾਰੀ ਲਈ: ਸ਼ਿਵਕੁਮਾਰ
ਸ਼ਿਮਲਾ: ਕਾਂਗਰਸ ਦੇ ਕੇਂਦਰੀ ਅਬਜ਼ਰਵਰ ਡੀਕੇ ਸ਼ਿਵਕੁਮਾਰ ਨੇ ਅੱਜ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਜ ਸਭਾ ਚੋਣਾਂ ’ਚ ਪਾਰਟੀ ਦੇ ਨੇਤਾ ਅਭਿਸ਼ੇਕ ਮਨੂ ਸਿੰਘਵੀ ਦੀ ਹਾਰ ਲਈ ਜ਼ਿੰਮੇਵਾਰੀ ਲੈ ਲਈ ਹੈ ਅਤੇ ਹਰ ਵਿਧਾਇਕ ਨਾਲ ਨਿੱਜੀ ਤੌਰ ’ਤੇ ਗੱਲ ਕਰਨ ਤੋਂ ਬਾਅਦ ਸਾਰੇ ਮਤਭੇਦ ਦੂਰ ਕਰ ਲਏ ਗਏ ਹਨ। ਪਾਰਟੀ ਦੇ ਅਬਜ਼ਰਵਰ ਭੁਪਿੰਦਰ ਹੁੱਡਾ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਿਵਕੁਮਾਰ ਤੋਂ ਇਹ ਪੁੱਛੇ ਜਾਣ ਕਿ ਕੀ ਸੁੱਖੂ ਮੁੱਖ ਮੰਤਰੀ ਬਣੇ ਰਹਿਣਗੇ ਤਾਂ ਉਨ੍ਹਾਂ ਕਿਹਾ ਕਿ ਹਿਮਾਚਲ ਦੀ ਕਾਂਗਰਸ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ। ਪੱਤਰਕਾਰਾਂ ਨੇ ਜਦੋਂ ਜ਼ੋਰ ਦੇ ਕੇ ਸੁੱਖੂ ਦੇ ਮੁੱਖ ਮੰਤਰੀ ਬਣੇ ਰਹਿਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘ਜਦੋਂ ਸੁੱਖੂ ਮੁੱਖ ਮੰਤਰੀ ਹਨ ਤਾਂ ਤੁਸੀਂ ਕਾਲਪਨਿਕ ਸਵਾਲ ਕਿਉਂ ਪੁੱਛ ਰਹੇ ਹੋ।’ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਅਬਜ਼ਰਵਰਾਂ ਨੇ ਸੁੱਖੂ, ਪਾਰਟੀ ਵਿਧਾਇਕਾਂ ਤੇ ਸੂਬਾ ਇਕਾਈ ਦੀ ਮੁਖੀ ਪ੍ਰਤਿਭਾ ਸਿੰਘ ਨਾਲ ਗੱਲ ਕੀਤੀ ਹੈ ਅਤੇ ਸਾਰੇ ਮਤਭੇਦ ਦੂਰ ਕਰ ਲਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਅੰਦਰੂਨੀ ਮਾਮਲੇ ਸੁਲਝਾਉਣ ਲਈ ਇੱਕ ਤਾਲਮੇਲ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਕੋਈ ਵੀ ਨੇਤਾ ਪ੍ਰੈੱਸ ਨਾਲ ਗੱਲ ਨਹੀਂ ਕਰੇਗਾ। -ਪੀਟੀਆਈ