For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਪ੍ਰਦੇਸ਼: ਅਯੋਗ ਵਿਧਾਇਕਾਂ ਨੂੰ ਪੈਨਸ਼ਨ ਦੇ ਲਾਭ ਤੋਂ ਰੋਕਣ ਵਾਲਾ ਬਿੱਲ ਪਾਸ

07:28 AM Sep 05, 2024 IST
ਹਿਮਾਚਲ ਪ੍ਰਦੇਸ਼  ਅਯੋਗ ਵਿਧਾਇਕਾਂ ਨੂੰ ਪੈਨਸ਼ਨ ਦੇ ਲਾਭ ਤੋਂ ਰੋਕਣ ਵਾਲਾ ਬਿੱਲ ਪਾਸ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਧਾਨ ਸਭਾ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਏਐਨਆਈ
Advertisement

ਸ਼ਿਮਲਾ, 4 ਸਤੰਬਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਅੱਜ ਦਲ ਬਦਲੀ ਕਾਨੂੰਨ ਤਹਿਤ ਅਯੋਗ ਵਿਧਾਇਕਾਂ ਨੂੰ ਪੈਨਸ਼ਨ ਦਾ ਲਾਭ ਲੈਣ ਤੋਂ ਰੋਕਣ ਵਾਲਾ ਬਿੱਲ ਪਾਸ ਕਰ ਦਿੱਤਾ ਹੈ। ਇਹ ਬਿੱਲ ਸਦਨ ਦੇ ਉਨ੍ਹਾਂ ਮੈਂਬਰਾਂ ਨੂੰ ਪੈਨਸ਼ਨ ਦਾ ਲਾਭ ਲੈਣ ਤੋਂ ਰੋਕੇਗਾ, ਜੋ ਸੰਵਿਧਾਨ ਦੇ ਦਸਵੇਂ ਸ਼ਡਿਊਲ (ਦਲ ਬਦਲੀ ਵਿਰੋਧੀ ਕਾਨੂੰਨ) ਤਹਿਤ ਅਯੋਗ ਹਨ।
ਸਰਕਾਰ ਨੇ ਲੰਘੇ ਦਿਨ ਦਲ ਬਦਲੀ ਕਾਨੂੰਨ ਤਹਿਤ ਅਯੋਗ ਵਿਧਾਇਕਾਂ ਨੂੰ ਪੈਨਸ਼ਨ ਦੇ ਲਾਭ ਤੋਂ ਵਾਂਝਿਆਂ ਕਰਨ ਲਈ ਹਿਮਾਚਲ ਪ੍ਰਦੇਸ਼ ਵਿਧਾਨ ਸਭਾ (ਭੱਤਾ ਤੇ ਪੈਨਸ਼ਨ) ਸੋਧ ਬਿੱਲ, 2024 ਐਕਟ 1971 ਪੇਸ਼ ਕੀਤਾ ਸੀ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ (ਭੱਤਾ ਤੇ ਪੈਨਸ਼ਨ) ਸੋਧ ਬਿੱਲ, 2024 ਪਾਸ ਹੋਣ ਨਾਲ ਛੇ ਸਾਬਕਾ ਕਾਂਗਰਸੀ ਵਿਧਾਇਕਾਂ ’ਤੇ ਅਸਰ ਪਵੇਗਾ, ਜਿਨ੍ਹਾਂ ਨੂੰ ਸਪੀਕਰ ਵੱਲੋਂ ਫਰਵਰੀ ਮਹੀਨੇ ਬਜਟ ’ਤੇ ਚਰਚਾ ਤੋਂ ਗ਼ੈਰਹਾਜ਼ਰ ਰਹਿਣ ਅਤੇ ਵ੍ਹਿਪ ਦੀ ਉਲੰਘਣਾ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਹਾਲਾਂਕਿ ਵਿਰੋਧੀ ਧਿਰ ਭਾਜਪਾ ਨੇ ਇਹ ਕਹਿੰਦਿਆਂ ਬਿੱਲ ਦਾ ਵਿਰੋਧ ਕੀਤਾ ਕਿ ਇਸ ਵਿਚੋਂ ‘ਸਿਆਸੀ ਬਦਲਾਖੋਰੀ’ ਝਲਕਦੀ ਹੈ ਅਤੇ ਇਸ ਨੂੰ ਪਿਛਲੇ ਸਮੇਂ ਤੋਂ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਬਿੱਲ ਨਾਲ ਛੇ ਸਾਬਕਾ ਵਿਧਾਇਕ ਸੁਧੀਰ ਸ਼ਰਮਾ, ਇੰਦਰ ਦੱਤ ਲਖਨਪਾਲ ਰਜਿੰਦਰ ਰਾਣਾ, ਦਵਿੰਦਰ ਕੁਮਾਰ ਭੁੁੱਟੋ, ਚੇਤੰਨਿਆ ਸ਼ਰਮਾ ਅਤੇ ਰਵੀ ਠਾਕੁਰ ਅਸਰਅੰਦਾਜ਼ ਹੋਣਗੇ। ਇਨ੍ਹਾਂ ਸਾਰਿਆਂ ਨੇ ਫਰਵਰੀ ਮਹੀਨੇ ਰਾਜ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ’ਚ ਵੋਟਾਂ ਪਾਈਆਂ ਸਨ। ਇਹ ਛੇ ਸਾਬਕਾ ਵਿਧਾਇਕ ਇਸੇ ਸਾਲ ਦੇ ਸ਼ੁਰੂ ਵਿੱਚ ਜ਼ਿਮਨੀ ਚੋਣਾਂ ਦੌਰਾਨ ਭਾਜਪਾ ਦੀ ਟਿਕਟ ’ਤੇ ਚੋਣ ਲੜੇ ਸਨ। ਸੁਧੀਰ ਸ਼ਰਮਾ ਤੇ ਲਖਨਪਾਲ ਮੁੜ ਵਿਧਾਇਕ ਚੁਣੇ ਗਏ ਸਨ ਜਦਕਿ ਬਾਕੀ ਚਾਰੇ ਚੋਣ ਹਾਰ ਗਏ ਸਨ। -ਪੀਟੀਆਈ

ਮੁਲਾਜ਼ਮਾਂ ਨੂੰ ਅੱਜ ਮਿਲੇਗੀ ਤਨਖਾਹ: ਸੁੱਖੂ

ਸ਼ਿਮਲਾ:

Advertisement

ਹਰੇਕ ਚੋਣ ’ਚ ਅਹਿਮ ਵੋਟ ਬੈਂਕ ਮੰਨੇ ਜਾਂਦੇ ਸਰਕਾਰੀ ਮੁਲਾਜ਼ਮਾਂ ਦੀ ਨਾਰਾਜ਼ਗੀ ਝੱਲ ਰਹੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਵਿਧਾਨ ਸਭਾ ਨੂੰ ਦੱਸਿਆ ਕਿ ਮੁਲਾਜ਼ਮਾਂ ਨੂੰ ਤਨਖਾਹ 5 ਸਤੰਬਰ ਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਪੈਨਸ਼ਨ 10 ਸਤੰਬਰ ਨੂੰ ਦਿੱਤੀ ਜਾਵੇਗੀ। ਉਨ੍ਹਾਂ ਨੇ ਕੇਂਦਰ ਤੋਂ 520 ਕਰੋੜ ਰੁਪਏ ਮਿਲਣ ਤੋਂ ਪੰਜ-ਛੇ ਦਿਨ ਪਹਿਲਾਂ 7.5 ਫ਼ੀਸਦ ਵਿਆਜ ਦਰ ’ਤੇ ਕਰਜ਼ ਲੈਣ ਤੋਂ ਬਚਣ ਲਈ ਤਨਖਾਹਾਂ ਤੇ ਪੈਨਸ਼ਨਾਂ ਦੀ ਅਦਾਇਗੀ ’ਚ ਦੇਰੀ ਨੂੰ ਢੁੱਕਵਾਂ ਠਹਿਰਾਇਆ। ਸੁੱਖੂ ਨੇ ਕਿਹਾ, ‘ਹੁਣ ਮੁਲਜ਼ਮਾਂ ਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਹਰ ਮਹੀਨੇ ਕ੍ਰਮਵਾਰ ਤੇ 5 ਤੇ 10 ਤਰੀਕ ਨੂੰ ਦਿੱਤੀ ਜਾਇਆ ਕਰੇਗੀ।’ ਮੁੱਖ ਮੰਤਰੀ ਨੇ ਆਖਿਆ ਕਿ ਤਨਖਾਹਾਂ ਦੀ ਅਦਾਇਗੀ ਦੇਰੀ ਨਾਲ ਕਰਨ ਨਾਲ ਵਿਆਜ ਭੁਗਤਾਨ ’ਤੇ ਹਰ ਮਹੀਨੇ 3 ਕਰੋੜ ਰੁਪਏ ਅਤੇ ਸਾਲਾਨਾ 36 ਕਰੋੜ ਰੁਪਏ ਬਚਾਉਣ ’ਚ ਮਦਦ ਮਿਲੇਗੀ। ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਵੱਲੋਂ ਉਠਾਏ ਤਨਖਾਹਾਂ ਦੀ ਅਦਾਇਗੀ ’ਚ ਦੇਰੀ ਦੇ ਮੁੱਦੇ ’ਤੇ ਜਵਾਬ ’ਚ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਤਨਖਾਹ 5 ਸਤੰਬਰ ਨੂੰ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਪੈਨਸ਼ਨ 10 ਸਤੰਬਰ ਨੂੰ ਮਿਲੇਗੀ। -ਪੀਟੀਆਈ

Advertisement
Author Image

joginder kumar

View all posts

Advertisement