ਹਿਮਾਚਲ: ਸਰਕਾਰੀ ਬੱਸ ’ਚ ਰਾਹੁਲ ਗਾਂਧੀ ਖਿਲਾਫ਼ ਆਡੀਓ ਕਲਿੱਪ ਚਲਾਉਣ ਲਈ ਕੰਡਕਟਰ ਤੇ ਡਰਾਈਵਰ ਨੂੰ ਨੋਟਿਸ ਜਾਰੀ
10:19 PM Nov 30, 2024 IST
Advertisement
ਸ਼ਿਮਲਾ, 30 ਨਵੰਬਰ
Notices issued to Himachal conductor, driver for anti-Rahul Gandhi audio clip playing in govt bus ‘ਗੁੰਮ ਸਮੋਸਿਆਂ’ ਦੀ ਸੀਆਈਡੀ ਜਾਂਚ ਦਾ ਰੱਫੜ ਅਜੇ ਮੁੱਕਿਆ ਨਹੀਂ ਸੀ ਕਿ ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਸਟੇਟ ਰੋਡਵੇਜ਼ ਦੀ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਜਾਰੀ ਕੀਤੇ ਨੋਟਿਸਾਂ ਲਈ ਮੁੜ ਸੁਰਖੀਆਂ ਵਿਚ ਹੈ। ਬੱਸ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਖਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਵਾਲੀ ਆਡੀਓ ਕਲਿੱਪ ਚਲਾਉਣ ਬਦਲੇ ਡਰਾਈਵਰ ਤੇ ਕੰਡਕਟਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਕ ਵਿਅਕਤੀ ਨੇ ਮੁੱਖ ਮੰਤਰੀ ਦਫ਼ਤਰ ਨੂੰ ਦਿੱਤੀ ਸ਼ਿਕਾਇਤ ਵਿਚ ਦਾਅਵਾ ਕੀਤਾ ਕਿ 5 ਨਵੰਬਰ ਨੂੰ ਸ਼ਿਮਲਾ ਤੋਂ ਸੰਜੌਲੀ ਵਿਚਾਲੇ ਚੱਲ ਰਹੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚਆਰਟੀਸੀ) ਦੀ ਬੱਸ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੇ ਹੋਰਨਾਂ ਆਗੂਆਂ ਖਿਲਾਫ਼ ਚੱਲ ਰਹੀ ਆਡੀਓ ਕਲਿੱਪ ਵਿਚ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਐੱਚਆਰਟੀਸੀ ਨੇ 25 ਨਵੰਬਰ ਨੂੰ ਇਕ ਪੱਤਰ ਜਾਰੀ ਕਰਕੇ ਬੱਸ ਦੇ ਡਰਾਈਵਰ ਤੇ ਕੰਡਕਟਰ ਤੋਂ ਸਪਸ਼ਟੀਕਰਨ ਮੰਗਿਆ ਸੀ। ਇਹ ਪੱਤਰ ਮਗਰੋਂ ਇੰਟਰਨੈੱਟ ’ਤੇ ਵਾਇਰਲ ਹੋ ਗਿਆ। ਐੱਚਆਰਟੀਸੀ ਦੇ ਪ੍ਰਬੰਧਕੀ ਨਿਰਦੇਸ਼ਕ ਰੋਹਨ ਚੰਦ ਠਾਕੁਰ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਕ ਸਵਾਰੀ ਵੱਲੋਂ ਦਿੱਤੀ ਸ਼ਿਕਾਇਤ ’ਤੇ ਜਾਂਚ ਵਿੱਢੀ ਗਈ ਸੀ। ਦੋਸ਼ ਬੇਬੁਨਿਆਦ ਨਿਕਲਣ ਮਗਰੋਂ ਜਾਂਚ ਬੰਦ ਕਰ ਦਿੱਤੀ ਗਈ ਹੈ। ਉਧਰ ਧਰਮਸ਼ਾਲਾ ਤੋਂ ਭਾਜਪਾ ਵਿਧਾਇਕ ਸੁਧੀਰ ਸ਼ਰਮਾ ਨੇ ਕਿਹਾ ਕਿ ਬੱਸਾਂ ਵਿਚ ਵਜਦੀਆਂ ਇਨ੍ਹਾਂ ਆਡੀਓ ਕਲਿੱਪਾਂ ਨੂੰ ਬੰਦ ਕਰਵਾਉਣ ਲਈ ਸਰਕਾਰ ਨੂੰ ਮਾਰਸ਼ਲ ਨਿਯੁਕਤ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ, ‘‘ਅਜਿਹੇ ਫੈਸਲੇ ਰਾਜ ਸਰਕਾਰ ਤੇ ਸੂਬੇ ਦੇ ਵੱਕਾਰ ਨੂੰ ਢਾਹ ਲਾਉਂਦੇ ਹਨ।’’ ਇਸ ਤੋਂ ਪਹਿਲਾਂ ਸੀਆਈਡੀ ਵਿਭਾਗ ਨੇ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਲਈ ਲਿਆਂਦੇ ਸਮੋਸੇ ਗ਼ਲਤੀ ਨਾਲ ਉਨ੍ਹਾਂ ਦੇ ਸੁਰੱਖਿਆ ਅਮਲੇ ਨੂੰ ਦੇਣ ਦੇ ਮਾਮਲੇ ਦੀ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਸਨ। -ਪੀਟੀਆਈ
Advertisement
Advertisement