ਰਾਧਾ ਸਵਾਮੀ ਸਤਿਸੰਗ ਦੀ ਜ਼ਮੀਨ ਤਬਦੀਲ ਕਰਨ ਲਈ ਕਾਨੂੰਨ ’ਚ ਸੋਧ ਕਰੇਗੀ ਹਿਮਾਚਲ ਸਰਕਾਰ
ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 24 ਨਵੰਬਰ
ਹਿਮਾਚਲ ਪ੍ਰਦੇਸ਼ ਸਰਕਾਰ ਹਮੀਰਪੁਰ ਦੇ ਭੋਟਾ ’ਚ ਰਾਧਾ ਸਵਾਮੀ ਸਤਿਸੰਗ ਹਸਪਤਾਲ ਦੀ ਜ਼ਮੀਨ ਇਸ ਦੀ ਸਹਿਯੋਗੀ ਸੰਸਥਾ ਨੂੰ ਤਬਦੀਲ ਕਰਨ ਲਈ ਲੈਂਡ ਸੀਲਿੰਗ ਐਕਟ, 1972 ’ਚ ਸੋਧ ’ਤੇ ਵਿਚਾਰ ਕਰ ਰਹੀ ਹੈ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਪੁਸ਼ਟੀ ਕੀਤੀ ਕਿ ਇਸ ਸਬੰਧੀ ਇੱਕ ਆਰਡੀਨੈਂਸ ਲਿਆਉਣ ਲਈ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਜਦਕਿ ਸੋਧ ਕਰਨ ਲਈ ਬਿੱਲ ਦਸੰਬਰ ’ਚ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ’ਚ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਰਾਧਾ ਸਵਾਮੀ ਸਤਿਸੰਗ ਬਿਆਸ ਜ਼ਮੀਨ ਆਪਣੀ ਸਹਿਯੋਗੀ ਸੰਸਥਾ ਨੂੰ ਤਬਦੀਲ ਕਰਨਾ ਚਾਹੁੰਦਾ ਹੈ ਪਰ ਕਿਉਂਕਿ ਲੈਂਡ ਸੀਲਿੰਗ ਐਕਟ ਕਾਰਨ ਕੁਝ ਅੜਿੱਕੇ ਹਨ, ਇਸ ਲਈ ਅਸੀਂ ਕਾਨੂੰਨੀ ਪੱਖਾਂ ਦੀ ਜਾਂਚ ਕਰ ਰਹੇ ਹਾਂ। ਇਹ ਇੱਕ ਚੈਰੀਟੇਬਲ ਸੰਸਥਾ ਹੈ ਜੋ ਮੁਫ਼ਤ ਵਿੱਚ ਇਲਾਜ ਮੁਹੱਈਆ ਕਰਦੀ ਹੈ ਅਤੇ ਉਨ੍ਹਾਂ ਨੂੰ ਜੀਐੱਸਟੀ ਵਜੋਂ ਤਕਰੀਬਨ ਦੋ ਕਰੋੜ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਜੋ ਸਹੀ ਨਹੀਂ ਹੈ। ਇਸ ਲਈ ਅਸੀਂ ਦੇਖ ਰਹੇ ਹਾਂ ਕਿ ਇਹ ਰਾਸ਼ੀ ਬਚਾਉਣ ਲਈ ਉਨ੍ਹਾਂ ਦੀ ਸਹਿਯੋਗੀ ਸੰਸਥਾ ਨੂੰ ਜ਼ਮੀਨ ਕਿਸ ਤਰ੍ਹਾਂ ਤਬਦੀਲ ਕੀਤੀ ਜਾ ਸਕਦੀ ਹੈ।’
ਸੁੱਖੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਸਬੰਧੀ ਕਾਨੂੰਨੀ ਪੱਖ ਘੋਖ ਰਹੀ ਹੈ। ਉਨ੍ਹਾਂ ਕਿਹਾ, ‘ਪਿਛਲੀ ਭਾਜਪਾ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਸਿਰਫ਼ ਸਿਆਸੀ ਲਾਹੇ ਲਈ ਬਿਆਨ ਦਿੱਤੇ।’ ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਸੇਵਾ ’ਚ ਲੱਗੀ ਹੋਈ ਸੰਸਥਾ ਦੀ ਮਦਦ ਕਰਨ ਲਈ ਕਾਨੂੰਨ ’ਚ ਸੋਧ ਕਰਨ ਵਿੱਚ ਝਿਜਕੇਗੀ ਨਹੀਂ।