ਹਿਮਾਚਲ: ਢਿੱਗਾਂ ਡਿੱਗਣ ਕਰਕੇ ਪੰਜ ਹਲਾਕ, ਮੰਡੀ ਵਿੱਚ ਕਈ ਦੁਕਾਨਾਂ ਰੁੜ੍ਹੀਆਂ, ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ
ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ/ਮੰਡੀ/ਧਰਮਸ਼ਾਲਾ, 9 ਜੁਲਾਈ
ਭਾਰੀ ਮੀਂਹ ਨਾਲ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਈਂ ਢਿੱਗਾਂ ਡਿੱਗਣ ਤੇ ਘਰਾਂ ਨੂੰ ਨੁਕਸਾਨ ਪੁੱਜਣ ਦੀਆਂ ਰਿਪੋਰਟਾਂ ਹਨ। ਇਸ ਦੌਰਾਨ ਪੰਜ ਵਿਅਕਤੀਆਂ ਦੀ ਜਾਨ ਵੀ ਜਾਂਦੀ ਰਹੀ ਹੈ। ਸ਼ਿਮਲਾ ਜ਼ਿਲ੍ਹੇ ਦੇ ਕੋਟਗੜ੍ਹ ਇਲਾਕੇ ਵਿੱਚ ਮੀਂਹ ਕਰਕੇ ਢਿੱਗਾਂ ਡਿੱਗਣ ਕਰਕੇ ਇਕ ਘਰ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਕੁੱਲੂ ਕਸਬੇ ਵਿੱਚ ਵੀ ਢਿੱਗਾਂ ਡਿੱਗਣ ਕਰਕੇ ਇਕ ਘਰ ਵਿੱਚ ਰਹਿੰਦੀ ਮਹਿਲਾ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇਕ ਹੋਰ ਘਟਨਾ ਵਿੱਚ ਸ਼ਨਿੱਚਰਵਾਰ ਰਾਤ ਨੂੰ ਚੰਬਾ ਵਿੱਚ ਕਾਤਿਆਨ ਤਹਿਸੀਲ ਵਿਚ ਢਿੱਗਾਂ ਡਿੱਗਣ ਕਰ ਕੇ ਇਕ ਵਿਅਕਤੀ ਮਲਬੇ ਹੇਠਾ ਜ਼ਿੰਦਾ ਦਫ਼ਨ ਹੋ ਗਿਆ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਮੁਤਾਬਕ ਪਿਛਲੇ 36 ਘੰਟਿਆਂ ਵਿੱਚ 13 ਥਾਵਾਂ ’ਤੇ ਢਿੱਗਾਂ ਡਿੱਗਣ ਤੇ 9 ਥਾਈਂ ਹੜ੍ਹ ਆਉਣ ਦੀਆਂ ਰਿਪੋਰਟਾਂ ਹਨ। ਮੰਡੀ, ਕੁੱਲੂ ਤੇ ਲਾਹੌਰ ਤੇ ਸਪਿਤੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਰਕੇ ਨਿੱਜੀ ਤੇ ਸਰਕਾਰੀ ਜਾਇਦਾਦ ਨੂੰ ਵੱਡਾ ਨੁਕਸਾਨ ਪੁੱਜਾ ਹੈ।
ਮਨਾਲੀ ਨੇੜੇ ਬਾਹਾਂਗ ਵਿੱਚ ਹੜ੍ਹ ਕਰਕੇ ਕਈ ਦੁਕਾਨਾਂ ਰੁੜ੍ਹ ਗਈਆਂ। ਕੁੱਲੂ ਜ਼ਿਲ੍ਹੇ ਪਾਟਲੀਕੁਹਲ ਨੇੜੇ ਇਕ ਉਸਾਰੀ ਅਧੀਨ ਘਰ ਬਿਆਸ ਦਰਿਆ ਵਿੱਚ ਹੜ੍ਹ ਗਿਆ। ਲੰਘੀ ਰਾਤ ਤੋਂ ਪੈ ਰਹੇ ਮੀਂਹ ਮਗਰੋਂ ਪੰਡੋਹ ਡੈਮ ਅਥਾਰਿਟੀਜ਼ ਨੇ ਵਾਧੂ ਪਾਣੀ ਛੱਡਣ ਲੲੇ ਡੈਮ ਦੇ ਫਲੱਡਗੇਟ ਖੋਲ੍ਹ ਦਿੱਤੇ ਹਨ। ਨਤੀਜੇ ਵਜੋਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਿਹਾ ਹੈ। ਮੀਂਹ ਕਰਕੇ ਪੰਡੋਹ ਬਾਜ਼ਾਰ ਪਾਣੀ ਵਿੱਚ ਡੁੱਬ ਗਿਆ।
ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਰਿਵਾਰ ਦੇ ਛੇ ਜੀਆਂ ਨੂੰ ਹੜ੍ਹਾਂ ਦੇ ਪਾਣੀ ’ਚੋਂ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਹੈ। ਬੰਜਾਰ ਸਬਜ਼ੀ ਮੰਡੀ ਵੀ ਹੜ੍ਹ ਦੇ ਪਾਣੀ ਨਾਲ ਘਿਰ ਗਈ ਹੈ। ਅਖਾੜਾ ਬਾਜ਼ਾਰ ਪਾਰਕਿੰਗ ਵਿੱਚ ਇਕ ਕਾਰ ਬਿਆਸ ਵਿੱਚ ਰੁੜ੍ਹ ਗਈ। ਇਸ ਦੌਰਾਨ ਚੰੰਡੀਗੜ੍ਹ-ਮਨਾਲੀ ਹਾਈਵੇਅ ਮੰਡੀ ਤੇ ਪੰਡੋਹਰ ਦਰਮਿਆਨ ਵੱਡੀਆਂ ਢਿੱਗਾਂ ਡਿੱਗਣ ਕਰਕੇ ਆਵਾਜਾਈ ਲਈ ਬੰਦ ਹੋ ਗਿਆ ਹੈ। ਕੁੱਲੂ ਜ਼ਿਲ੍ਹੇ ਵਿੱਚ ਬੰਜਾਰ ਨੇੜੇ ਢਿੱਗਾਂ ਡਿੱਗਣ ਕਰਕੇ ਔਤ-ਲੁਹਰੀ ਹਾਈਵੇਅ ਬੰਦ ਹੋ ਗਿਆ ਹੈ।
ਲਾਹੌਲ ਤੇ ਸਪਿਤੀ, ਲੋਸਾਰ ਵਿੱਚ ਸੱਜਰੀ ਬਰਫ਼ਬਾਰੀ ਕਰਕੇ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਤਿੰਨ ਕੌਮੀ ਸ਼ਾਹਰਾਹਾਂ ਸਣੇ ਕੁੱਲ 736 ਸੜਕਾਂ ਆਵਾਜਾਈ ਲਈ ਬੰਦ ਹਨ। 1743 ਦੇ ਕਰੀਬ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂਨੂੰ ਵੀ ਨੁਕਸਾਨ ਪੁੱਜਾ ਹੈ, ਜਿਸ ਕਰਕੇ ਕਈ ਥਾਈਂ ਬਿਜਲੀ ਗੁਲ ਹੈ। ਰਾਵੀ, ਬਿਆਸ, ਸਤਲੁਜ ਤੇ ਚੇਨਾਬ ਸਣੇ ਸਾਰੀਆਂ ਪ੍ਰਮੁੱਖ ਨਦੀਆਂ ਤੇ ਨਾਲੇ ਚੜ੍ਹੇ ਹੋਏ ਹਨ ਤੇ ਆਮ ਲੋਕਾਂ ਤੇ ਯਾਤਰੀਆਂ ਨਦੀਆਂ ਨਾਲਿਆਂ ਨੇੇੜੇ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ।