ਹਿਮਾਚਲ: ਸ਼ਿਮਲਾ ਵਿੱਚ ਮੌਸਮ ਦੀ ਪਹਿਲੀ ਬਰਫਬਾਰੀ
ਸ਼ਿਮਲਾ, 8 ਦਸੰਬਰ
ਸ਼ਿਮਲਾ ਅਤੇ ਨਾਲ ਲੱਗਦੇ ਸੈਲਾਨੀ ਸਥਾਨਾਂ ਕੁਫਰੀ ਅਤੇ ਫਾਗੂ ਆਦਿ ’ਚ ਅੱਜ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਜਦਕਿ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਦੇ ਉਪਰਲੇ ਇਲਾਕਿਆਂ ’ਚ ਰੁਕ-ਰੁਕ ਕੇ ਹੁੰਦੀ ਰਹੀ ਬਰਫ਼ਬਾਰੀ ਕਾਰਨ ਨਾਲ ਲੱਗਦੀਆਂ ਘਾਟੀਆਂ ’ਚ ਠੰਢ ਵਧ ਗਈ ਹੈ। ਲਾਹੌਲ ’ਚ ਬਰਫ ਦੀ ਹਲਕੀ ਪਰਤ ਵਿਛੀ ਹੋਈ ਹੈ, ਜਿਸ ਕਾਰਨ ਆਵਾਜਾਈ ’ਚ ਵਿਘਨ ਪੈ ਰਿਹਾ ਹੈ ਕਿਉਂਕਿ ਸੜਕਾਂ ’ਤੇ ਤਿਲਕਣ ਹੋਣ ਨਾਲ ਆਉਣ ਜਾਣ ’ਚ ਮੁਸ਼ਕਲ ਪੈਦਾ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਉੱਚੇ ਪਹਾੜੀ ਦੱਰਿਆਂ ਅਤੇ ਹੋਰ ਉਪਰਲੇ ਕਬਾਇਲੀ ਇਲਾਕਿਆਂ ’ਚ ਵੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਮਗਰੋਂ ਸੂਬੇ ’ਚ ਤਾਪਮਾਨ ’ਚ ਵੀ ਗਿਰਾਵਟ ਆਈ ਹੈ। ਅੱਜ ਟਾਬੋ ’ਚ ਮਨਫ਼ੀ 13.1 ਡਿਗਰੀ ਸੈਲਸੀਅਸ, ਕੁੁਕੂਮਸੇਰੀ ’ਚ ਮਨਫ਼ੀ 6.9 ਡਿਗਰੀ, ਕਲਪਾ ’ਚ ਮਨਫ਼ੀ 3.3 ਡਿਗਰੀ, ਰੈਕੌਂਗ ਪੀਓ ’ਚ ਮਨਫ਼ੀ 1 ਡਿਗਰੀ ਜਦਕਿ ਨਾਰਕੰਡਾ ਦਾ ਤਾਪਮਾਨ ਮਨਫ਼ੀ 0.8 ਡਿਗਰੀ ਦਰਜ ਕੀਤਾ ਗਿਆ। ਮੌਸਮ ਕੇਂਦਰ ਨੇ ਮੰਗਲਵਾਰ ਨੂੰ ਵੀ ਸੂਬੇ ’ਚ ਹੋਰ ਬਰਫ਼ਬਾਰੀ ਅਤੇ ਵੱਖ-ਵੱਖ ਥਾਵਾਂ ’ਤੇ ਮੀਂਹ ਜਦਕਿ ਬੁੱਧਵਾਰ ਤੱਕ ਸੰਘਣੀ ਧੁੰਦ ਲਈ ‘ਅਲਰਟ’ ਜਾਰੀ ਕੀਤਾ ਹੈ। -ਪੀਟੀਆਈ
ਦਿੱਲੀ ਦੇ ਕਈ ਇਲਾਕਿਆਂ ’ਚ ਬਰਸਾਤ; ਅੱਜ ਧੁੰਦ ਦੀ ਸੰਭਾਵਨਾ
ਨਵੀਂ ਦਿੱਲੀ: ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ’ਚ ਅੱਜ ਸ਼ਾਮ ਨੂੰ ਮੀਂਹ ਪਿਆ ਅਤੇ ਮੌਸਮ ਵਿਭਾਗ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਹੋਰ ਬਾਰਿਸ਼ ਅਤੇ ਸੋਮਵਾਰ ਸਵੇਰ ਨੂੰ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਪੱਛਮੀ ਦਿੱਲੀ, ਬਾਹਰੀ ਉੱਤਰੀ ਦਿੱਲੀ ਅਤੇ ਗੁਰੂਗ੍ਰਾਮ ਦੇ ਕੁਝ ਇਲਾਕਿਆਂ ’ਚ ਮੀਂਹ ਪਿਆ। ਭਾਰਤੀ ਮੌਸਮ ਵਿਭਾਗ ਨੇ ਤਾਜ਼ਾ ਪੇਸ਼ੀਨਗੋਈ ’ਚ ਕਿਹਾ ਕਿ ਦਿੱਲੀ ਦੇ ਰਾਜੌਰੀ ਗਾਰਡਨ, ਪਟੇਲ ਨਗਰ, ਬੁੱਧ ਜੈਅੰਤੀ ਪਾਰਕ, ਰਾਸ਼ਟਰਪਤੀ ਭਵਨ, ਨਜ਼ਫਗੜ੍ਹ, ਦਿੱਲੀ ਛਾਉਣੀ ਅਤੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ’ਚ ਵੱਖ-ਵੱਖ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਦਿੱਲੀ-ਐੱਨਸੀਆਰ ’ਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਦਿੱਲੀ ’ਚ ਅੱਜ ਮੌਸਮ ਦਾ ਦੂਜਾ ਸਭ ਤੋਂ ਘੱਟ ਤਾਪਮਾਨ 23.7 ਡਿਗਰੀ ਦਰਜ ਕੀਤਾ ਗਿਆ। ਇਸ ਸੀਜ਼ਨ ’ਚ ਪਹਿਲਾਂ ਸਭ ਤੋਂ ਘੱਟ 23.5 ਡਿਗਰੀ ਤਾਪਮਾਨ 18 ਨਵੰਬਰ ਨੂੰ ਦਰਜ ਹੋਇਆ ਸੀ। -ਪੀਟੀਆਈ