ਹਿਮਾਚਲ: ਮੰਦਰ ਦੇ ਮਲਬੇ ਹੇਠਾਂ ਅੱਠ ਹੋਰ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ
* ਮੁੱਖ ਮੰਤਰੀ ਸੁੱਖੂ ਵੱਲੋਂ ਇੰਦੌਰਾ ਤੇ ਫ਼ਤਹਿਪੁਰ ਖੇਤਰਾਂ ਦਾ ਹਵਾਈ ਸਰਵੇਖਣ
* ਕੇਂਦਰ ਵੱਲੋਂ ‘ਫਲੱਡਵਾਚ’ ਐਪ ਲਾਂਚ
ਸ਼ਿਮਲਾ, 17 ਅਗਸਤ
ਸਮਰ ਹਿੱਲ ਵਿੱਚ ਸ਼ਿਵ ਮੰਦਰ ਦੇ ਮਲਬੇ ਹੇਠੋਂ ਅੱਜ ਇਕ ਹੋਰ ਲਾਸ਼ ਮਿਲਣ ਨਾਲ ਹਿਮਾਚਲ ਪ੍ਰਦੇਸ਼ ਵਿਚ ਮੀਂਹ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 74 ਹੋ ਗਈ ਹੈ। ਮਲਬੇ ਵਿਚੋਂ ਹੁਣ ਤੱਕ 13 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਐੱਨਡੀਆਰਐੱਫ ਵੱਲੋਂ ਵਿੱਢੇ ਰਾਹਤ ਕਾਰਜ ਚੌਥੇ ਦਿਨ ਵੀ ਜਾਰੀ ਰਹੇ। ਪੀੜਤ ਦੀ ਪਛਾਣ ਪ੍ਰੋ.ਪੀ.ਐੱਲ.ਸ਼ਰਮਾ ਵਜੋਂ ਹੋਈ ਹੈ, ਜੋ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ ਗਣਿਤ ਵਿਭਾਗ ਦੇ ਚੇਅਰਮੈਨ ਸਨ। ਸੋਮਵਾਰ ਨੂੰ ਜ਼ਮੀਨ ਖਿਸਕਣ ਕਰਕੇ ਮੰਦਿਰ ਢਹਿਣ ਮੌਕੇ ਇਸ ਵਿਚ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ। ਮਲਬੇ ਹੇਠ ਅਜੇ ਵੀ ਅੱਠ ਵਿਅਕਤੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਉਧਰ ਭਾਰਤੀ ਹਵਾਈ ਸੈਨਾ ਨੇ ਪਿਛਲੇ 48 ਘੰਟਿਆਂ ਦੌਰਾਨ 780 ਤੋਂ ਵੱਧ ਨਾਗਰਿਕਾਂ ਨੂੰ ਕਾਂਗੜਾ ਜ਼ਿਲ੍ਹੇ ਵਿਚ ਹੜ੍ਹ ਦੇ ਝੰਬੇ ਇਲਾਕਿਆਂ ’ਚੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਜ਼ਿਲ੍ਹੇ ਦੇ ਇੰਦੌਰਾ ਤੇ ਫ਼ਤਹਿਪੁਰ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਪੌਂਗ ਡੈਮ ਕੰਢੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਕੱਢਣ ਲਈ ਵਿੱਢੇ ਅਪਰੇਸ਼ਨਾਂ ਦਾ ਵੀ ਜਾਇਜ਼ਾ ਲਿਆ। ਮੀਂਹ ਨਾਲ ਜੁੜੇ ਹਾਦਸਿਆਂ ਵਿੱਚ ਇਕੱਲੇ ਸ਼ਿਮਲਾ ਵਿੱਚ 21 ਮੌਤਾਂ ਹੋਈਆਂ ਹਨ। ਮੀਂਹ ਕਰਕੇ 650 ਦੇ ਕਰੀਬ ਸੜਕਾਂ ਬਲਾਕ ਹਨ ਜਦੋਂਕਿ 1135 ਟਰਾਂਸਫਾਰਮਰ ਤੇ 285 ਪਾਣੀ ਸਪਲਾਈ ਸਕੀਮਾਂ ਅਸਰਅੰਦਾਜ਼ ਹੋਈਆਂ ਹਨ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅਧਿਕਾਰੀਆਂ ਨੂੰ ਮੌਸਮ ਬਾਰੇ ਭਵਿੱਖਬਾਣੀ ਲਈ ਰੀਅਲ ਟਾਈਮ ਡੇਟਾ ਹਾਸਲ ਕਰਨ ਲਈ ਵਧੇਰੇ ਆਟੋਮੈਟਿਕ ਮੌਸਮ ਸਟੇਸ਼ਨ (ਏਡਬਲਿਊਐੱਸ) ਸਥਾਪਿਤ ਕਰਨ ਦੀ ਯੋਜਨਾ ’ਤੇ ਕੰਮ ਕਰਨ ਦੀ ਹਦਾਇਤ ਕੀਤੀ ਹੈ। ਇਸ ਵੇਲੇ ਸੂੁਬੇ ਵਿਚ ਸ਼ਿਮਲਾ, ਧਰਮਸ਼ਾਲਾ, ਡਲਹੌਜ਼ੀ ਤੇ ਕੁਫਰੀ ਸਣੇ ਹੋਰ ਕਈ ਥਾਵਾਂ ’ਤੇ 23 ਏਡਬਲਿਊਐੱਸ ਸਟੇਸ਼ਨ ਹਨ। ਮੁੱਖ ਮੰਤਰੀ ਨੇ ਹੰਗਾਮੀ ਹਾਲਾਤ ਲਈ ਐੱਸਡੀਆਰਐੱਫ ਨੂੰ ਤਿਆਰ ਬਰ ਤਿਆਰ ਰੱਖਣ ਤੇ ਅਤਿਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਲਈ ਵੀ ਕਿਹਾ। ਚੇਤੇ ਰਹੇ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਲੰਘੇ ਦਿਨ ਕਿਹਾ ਸੀ ਕਿ ਮੀਂਹ ਕਰਕੇ ਪੁੱਜਾ ਨੁਕਸਾਨ ‘ਪਹਾੜ ਜਿੱਡੀ ਵੱਡੀ ਚੁਣੌਤੀ ਹੈ’ ਤੇ ਬੁਨਿਆਦੀ ਢਾਂਚੇ ਨੂੰ ਪੈਰਾਂ ਸਿਰ ਕਰਨ ਵਿਚ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਮਾਹਿਰਾਂ ਦਾ ਮੰਨਣਾ ਹੈ ਕਿ ਜੰਗਲਾਂ ਹੇਠ ਘਟਦਾ ਰਕਬਾ, ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਦੇ ਬੁੁਨਿਆਦੀ ਢਾਂਚੇ ਤੇ ਜਰਖੇਜ਼ ਹਿਮਾਲਿਆ ਵਿੱਚ ਗੈਰਵਿਗਿਆਨਕ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਉਸਾਰੀਆਂ ਹਿਮਾਚਲ ਪ੍ਰਦੇਸ਼ ਵਿੱਚ ਢਿੱਗਾਂ ਡਿੱਗਣ ਦਾ ਮੁੱਖ ਕਾਰਨ ਹਨ। ਕੇਂਦਰ ਨੇ ਦੇਸ਼ ਵਿੱਚ ਹੜ੍ਹਾਂ ਵਿੱਚ ਜਾਨੀ ਮਾਲੀ ਨੁਕਸਾਨ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਹੜ੍ਹਾਂ ਬਾਰੇ ਰੀਅਲ ਟਾਈਮ ਅਪਡੇਟ ਲਈ ‘ਫਲੱਡਵਾਚ’ ਐਪ ਲਾਂਚ ਕੀਤਾ ਹੈ। ਕੇਂਦਜੀ ਜਲ ਕਮਿਸ਼ਨ ਦੀ ਚੇਅਰਪਰਸਨ ਖੁਸ਼ਵਿੰਦਰ ਵੋਹਰਾ ਨੇ ਕਿਹਾ ਕਿ ਇਹ ਐਪ 338 ਸਟੇਸ਼ਨਾਂ ਤੋਂ ਡੇਟਾ ਇਕੱਤਰ ਕਰਕੇ 23 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇਗਾ। ਇਸ ਐਪ ਦਾ ਮੁੱਖ ਮੰਤਵ ਮੋਬਾਈਲ ਫੋਨਾਂ ਦੀ ਵਰਤੋਂ ਨਾਲ ਹੜ੍ਹ ਨਾਲ ਜੁੜੀ ਜਾਣਕਾਰੀ ਦਾ ਪ੍ਰਚਾਰ ਪਾਸਾਰ ਕਰਨਾ ਤੇ ਮੌਸਮ ਬਾਰੇ ਸੱਤ ਦਿਨ ਤੱਕ ਦੀ ਪੇਸ਼ੀਨਗੋਈ ਮੁਹੱਈਆ ਕਰਵਾਉਣਾ ਹੈ। ਵੋਹਰਾ ਨੇ ਕਿਹਾ ਕਿ ਐਪ ਹਾਲ ਦੀ ਘੜੀ ਅੰਗਰੇਜ਼ੀ ਤੇ ਹਿੰਦੀ ਵਿਚ ਅਪਡੇਟ ਮੁਹੱਈਆ ਕਰਦਾ ਹੈ, ਪਰ ਜਲਦੀ ਹੀ ਇਸ ਵਿਚ ਖੇਤਰੀ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਹੜ੍ਹਾਂ ਦੇ ਝੰਬੇ ਹਿਮਾਚਲ ਪ੍ਰਦੇਸ਼ ਵਿੱਚ ਇਸ ਐਪ ਦੀਆਂ ਸੇਵਾਵਾਂ ਅਗਲੇ ਛੇ ਮਹੀਨਿਆਂ ’ਚ ਉਪਲਬਧ ਹੋਣਗੀਆਂ। -ਪੀਟੀਆਈ
ਹਿਮਾਚਲ ਲਈ ਰਾਹਤ ਪੈਕੇਜ ਜਾਰੀ ਕਰੇ ਸਰਕਾਰ: ਆਨੰਦ ਸ਼ਰਮਾ
ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੁਦਰਤੀ ਆਫ਼ਤ ਦੇ ਝੰਬੇ ਹਿਮਾਚਲ ਪ੍ਰਦੇਸ਼ ਲਈ ਫੌਰੀ ਰਾਹਤ ਪੈਕੇਜ ਜਾਰੀ ਕਰੇ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਪੱਖਪਾਤ ਦੀ ਸਿਆਸਤ ਲਈ ਕੋਈ ਥਾਂ ਨਹੀਂ ਹੈ। ਸ਼ਰਮਾ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਦਾ ਫੌਰੀ ਨੋਟਿਸ ਲੈ ਕੇ ਬਣਦਾ ਦਖ਼ਲ ਦੇਵੇ। ਉਨ੍ਹਾਂ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਟ੍ਰਿਬਿਊਨਲ ਸੂਬੇ ਵਿੱਚ ਭਵਿੱਖੀ ਪ੍ਰਾਜੈਕਟਾਂ ਲਈ ਸਾਰੇ ਲਾਜ਼ਮੀ ਮਾਪਦੰਡਾਂ, ਤਕਨਾਲੋਜੀ ਤੇ ਦਿਸ਼ਾ-ਨਿਰਦੇਸ਼ਾਂ ’ਤੇ ਨਜ਼ਰਸਾਨੀ ਕਰੇ। ਸ਼ਰਮਾ ਨੇ ਕਿਹਾ ਕਿ ਪਹਾੜਾਂ ਤੇ ਲੱਖਾਂ ਰੁੱਖਾਂ ਦੀ ਕਟਾਈ ਲਈ ਪੱਖਪਾਤੀ ਢੰਗ ਤੇ ਕਾਹਲੀ ਵਿੱਚ ਦਿੱਤੀਆਂ ਪ੍ਰਵਾਨਗੀਆਂ ਦਾ ਨਿਰਧਾਰਿਤ ਸਮੇਂ ’ਚ ਫੋਰੈਂਸਿਕ ਆਡਿਟ ਕਰਵਾਇਆ ਜਾਵੇ। -ਪੀਟੀਆਈ