ਹਿਮਾਚਲ: ਸਿਰਮੌਰ ’ਚ ਬੱਦਲ ਫਟਿਆ; ਦੋ ਲਾਸ਼ਾਂ ਬਰਾਮਦ
ਨਾਹਨ, 10 ਅਗਸਤ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਇੱਕ ਪਿੰਡ ’ਚ ਪਾਣੀ ਭਰ ਜਾਣ ਮਗਰੋਂ ਇੱਕ ਮਕਾਨ ਡਿੱਗ ਗਿਆ, ਜਿਸ ਕਾਰਨ ਮਲਬੇ ਹੇਠ ਦੱਬੇ ਇੱਕ ਪਰਿਵਾਰ ਦੇ ਪੰਜ ਜੀਆਂ ਵਿੱਚੋਂ ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਬੱਦਲ ਫਟਣ ਦੀ ਇਹ ਘਟਨਾ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਇਲਾਕੇ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਮਲਾਗੀ ਦਾਦਿਯਾਤ ਪਿੰਡ ਦੇ ਕਈ ਘਰਾਂ ਵਿੱਚ ਪਾਣੀ ਵੜਨ ਅਤੇ ਤਿੰਨ ਮਕਾਨ ਨੁਕਸਾਨੇ ਜਾਣ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਵਿੱਚੋਂ ਇੱਕ ਘਰ ਢਹਿ ਗਿਆ, ਜਿਸ ਦੇ ਮਲਬੇ ਵਿੱਚ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਦੱਬਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਕੁਲਦੀਪ (62) ਅਤੇ ਨਿਤੀਸ਼ (10) ਵਜੋਂ ਹੋਈ ਹੈ। ਪਾਉਂਟਾ ਸਬ-ਡਿਵੀਜ਼ਨਲ ਮੈਜਿਸਟ੍ਰੇਟ ਗੁਣਜੀਤ ਸਿੰਘ ਚੀਮਾ ਨੇ ਦੱਸਿਆ ਕਿ ਤੇਜ਼ ਰਫ਼ਤਾਰ ਨਾਲ ਆਇਆ ਚਿੱਕੜ 20 ਮੀਟਰ ਤੱਕ ਮਕਾਨ ਨੂੰ ਰੋੜ੍ਹ ਕੇ ਲੈ ਗਿਆ। ਸੂਬੇ ਦੇ ਐਮਰਜੈਂਸੀ ਅਪਰੇਸ਼ਨ ਕੇਂਦਰ ਨੇ ਦੱਸਿਆ ਕਿ ਮਲਬੇ ਹੇਠ ਕੁਲਦੀਪ ਸਿੰਘ, ਉਸ ਦੀ ਪਤਨੀ ਜੀਤੋ ਦੇਵੀ ਸਮੇਤ ਪੰਜ ਜਣਿਆਂ ਦੇ ਫਸੇ ਹੋਣ ਦਾ ਸ਼ੱਕ ਹੈ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਇਸੇ ਤਰ੍ਹਾਂ ਬੱਦਲ ਫਟਣ ਮਗਰੋਂ ਪਾਉਂਟਾ ਨੂੰ ਸ਼ਲਾਈ ਨਾਲ ਜੋੜਨ ਵਾਲੇ ਕੌਮੀ ਸ਼ਾਹਰਾਹ-707 ਦਾ ਇੱਕ ਹਿੱਸਾ ਰੁੜ੍ਹ ਗਿਆ, ਜਿਸ ਕਾਰਨ ਪ੍ਰਸ਼ਾਸਨ ਤੇ ਪੁਲੀਸ ਅਧਿਕਾਰੀਆਂ ਨੂੰ ਪ੍ਰਭਾਵਿਤ ਪਿੰਡ ਤੱਕ ਪਹੁੰਚਣ ’ਚ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜਬਨ ਅਤੇ ਸਤੌਨ ਵਿਚਾਲੇ ਸੜਕ ਵਹਿ ਗਈ ਹੈ ਅਤੇ ਗਿਰੀ ਨਦੀ ’ਚ ਪਾਣੀ ਚੜ੍ਹਿਆ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਰਾਹਤ ਕਾਰਜਾਂ ਲਈ ਐੱਨਡੀਆਰਐੱਫ ਤੋਂ ਮਦਦ ਮੰਗੀ ਗਈ ਹੈ। ਮੌਨਸੂਨ ਮਗਰੋਂ ਹੁਣ ਤੱਕ ਸੂਬੇ ਵਿੱਚ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਦੌਰਾਨ 231 ਲੋੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਨੂੰ ਕਰੀਬ 6,731 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ ਤੇ ਅਜੇ ਵੀ ਕਰੀਬ 190 ਸੜਕਾਂ ਬੰਦ ਹਨ। -ਪੀਟੀਆਈ
ਉੱਤਰਾਖੰਡ ’ਚ ਭਾਰੀ ਮੀਂਹ ਕਾਰਨ ਨੌਂ ਮੌਤਾਂ
ਦੇਹਰਾਦੂਨ: ਉੱਤਰਾਖੰਡ ਦੇ ਵੱਖ ਵੱਖ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪਏ ਭਾਰੀ ਮੀਂਹ ਮਗਰੋਂ ਨੌਂ ਜਣਿਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਾਲਾਤ ’ਤੇ ਨਿਗ੍ਹਾ ਰੱਖਣ ਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਉਨ੍ਹਾਂ ਤੋਂ ਸਥਿਤੀ ਦਾ ਹਾਲ ਜਾਣਿਆ। ਇਸੇ ਦੌਰਾਨ ਪਿਛਲੀ ਦਿਨੀਂ ਗੌਰੀਕੁੰਡ ਵਿੱਚ ਲਾਪਤਾ ਹੋਏ ਵਿਅਕਤੀਆਂ ਵਿੱਚੋਂ ਦੋ ਹਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ ਅਤੇ ਅੱਧੀ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਹਨ। ਕੇਦਾਰਨਾਥ ਯਾਤਰਾ ਦੇ ਬੇਸ ਕੈਂਪ ਗੌਰੀਕੁੰਡ ਵਿੱਚ ਬੁੱਧਵਾਰ ਸਵੇਰੇ ਲਗਾਤਾਰ ਪਏ ਭਾਰੀ ਮੀਂਹ ਦੌਰਾਨ ਢਿੱਗਾਂ ਡਿੱਗਣ ਕਾਰਨ ਝੌਪੜੀ ਵਿੱਚ ਸੌਂ ਰਹੇ ਇੱਕ ਨੇਪਾਲੀ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਇਸੇ ਪੌੜੀ ਜ਼ਿਲ੍ਹੇ ਦੇ ਸਤਪੁਲੀ ਖੇਤਰ ਵਿੱਚ ਇੱਕ ਕਾਰ 500 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਉਸ ਵਿੱਚ ਸਵਾਰ ਪਿਓ-ਪੁੱਤ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਪੌੜੀ ਜ਼ਿਲ੍ਹੇ ਦੇ ਕਲਜੀਖ਼ਾਨ ਖੇਤਰ ’ਚ ਮੁੰਡਨੇਸ਼ਵਰ ਨੇੜੇ ਮੀਂਹ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਕੋਟਦੁਆਰ ਇਲਾਕੇ ਦੇ ਚੂਨਾ ਮਹੇੜਾ ਪਿੰਡ ਵਿੱਚ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਵਿਅਕਤੀ ਮਲਬੇ ਹੇਠ ਦੱਬ ਗਿਆ। ਉਤਰਕਾਸ਼ੀ ਜ਼ਿਲ੍ਹੇ ਵਿੱਚ ਰਿਸ਼ੀਕੇਸ਼-ਯਮੁਨੋਤਰੀ ਕੌਮੀ ਸ਼ਾਹਰਾਹ ’ਤੇ ਡਾਬਰਕੋਟ ਨੇੜੇ ਇੱਕ ਬੱਸ ’ਤੇ ਪੱਥਰ ਡਿੱਗਣ ਕਾਰਨ ਉਸ ਵਿੱਚ ਸਵਾਰ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਇਸੇ ਦੌਰਾਨ ਊਧਮਸਿੰਘ ਨਗਰ ਜ਼ਿਲ੍ਹੇ ਦੀ ਗਦਰਪੁਰ ਤਹਿਸੀਲ ਵਿੱਚ ਦਿਨੇਸ਼ਪੁਰ ’ਚ ਦਰੱਖਤ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। -ਪੀਟੀਆਈ