For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਬਜਟ

06:26 AM Feb 19, 2024 IST
ਹਿਮਾਚਲ ਬਜਟ
Advertisement

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਜੋ ਸੂਬੇ ਦੇ ਵਿੱਤ ਮੰਤਰੀ ਵੀ ਹਨ, ਦੇ ਪੇਸ਼ ਕੀਤੇ ਆਰਥਿਕ ਸਰਵੇਖਣ ਵਿਚ ਵਿੱਤੀ ਸਾਲ 2023-24 ਲਈ ਵਿਕਾਸ ਦਰ 7.1 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਵਿੱਤੀ ਵਰ੍ਹੇ ਨਾਲੋਂ ਇਸ ਵਿਚ 0.2 ਪ੍ਰਤੀਸ਼ਤ ਦਾ ਮਾਮੂਲੀ ਵਾਧਾ ਹੋਇਆ ਹੈ ਪਰ ਜੇ ਪਿਛਲੀ ਮੌਨਸੂਨ ਦੌਰਾਨ ਹੋਈ ਤਬਾਹੀ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਇਹ ਅੰਕੜੇ ਹੋਰ ਮਾੜੇ ਵੀ ਹੋ ਸਕਦੇ ਸਨ। ਚਿੰਤਾ ਕਰਨ ਵਾਲਾ ਪੱਖ ਕਰਜ਼ੇ ਦਾ ਭਾਰ ਹੈ ਜੋ 87,788 ਕਰੋੜ ਰੁਪਏ ਨੂੰ ਅੱਪੜ ਗਿਆ ਹੈ। ਕੋਈ ਵੀ ਸਿਆਸੀ ਪਾਰਟੀ ਇਸ ਕਰਜ਼ੇ ਦੀ ਜਿ਼ੰਮੇਵਾਰੀ ਤੋਂ ਬਚ ਨਹੀਂ ਸਕਦੀ। ਲੋਕਾਂ ਨੂੰ ਲੁਭਾਉਣ ਵਾਲੀਆਂ ਨੀਤੀਆਂ ਦਾ ਇਕੋ-ਇਕ ਮਤਲਬ ਹੋਰ ਕਰਜ਼ਾ ਚੁੱਕਣਾ ਹੈ ਅਤੇ ਸਭ ਤੋਂ ਪਹਿਲਾਂ ਇਸ ਨਾਲ ਵਿੱਤੀ ਅਨੁਸ਼ਾਸਨ ਭੰਗ ਹੁੰਦਾ ਹੈ।
ਆਪਣੇ ਬਜਟ ਭਾਸ਼ਣ ਵਿਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਦੇਣ ਦੀ ਮੰਗ ਪੂਰੀ ਕੀਤੀ ਹੈ। ਰਾਜ ਦੀ ਵਿੱਤੀ ਹਾਲਤ ਨੂੰ ਤੇਜ਼ੀ ਨਾਲ ਬਿਹਤਰ ਕਰਨ ਲਈ ਮੁੱਖ ਮੰਤਰੀ ‘ਵਿਵਸਥਾ ਪਰਿਵਰਤਨ’ ਉਤੇ ਜ਼ੋਰ ਦੇ ਰਹੇ ਹਨ। ਮੈਨੀਫੈਸਟੋ (ਚੋਣ ਮਨੋਰਥ ਪੱਤਰ) ਵਿਚ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਦੇ ਨਾਲ ਨਾਲ ਇਹ ਕਿਵੇਂ ਹਾਸਲ ਕੀਤਾ ਜਾ ਸਕੇਗਾ, ਇਹ ਦੇਖਣ ਵਾਲਾ ਮਸਲਾ ਹੋਵੇਗਾ। ਸਰਕਾਰ ਦੇ ਖ਼ਰਚ ਕੀਤੇ ਜਾਣ ਵਾਲੇ ਹਰ 100 ਰੁਪਏ ਵਿਚੋਂ 25 ਰੁਪਏ ਤਨਖਾਹਾਂ, 17 ਰੁਪਏ ਪੈਨਸ਼ਨਾਂ ਅਤੇ 11 ਗਿਆਰਾਂ ਰੁਪਏ ਵਿਆਜ ਅਦਾ ਕਰਨ ਉਤੇ ਖਰਚ ਹੋਣਗੇ; ਇਸੇ ਤਰ੍ਹਾਂ 9 ਰੁਪਏ ਕਰਜ਼ੇ ਦੀ ਅਦਾਇਗੀ ਲਈ ਜਾਣਗੇ ਅਤੇ 10 ਰੁਪਏ ਖੁਦਮੁਖਤਾਰ ਸੰਸਥਾਵਾਂ ਨੂੰ ਗਰਾਂਟਾਂ ਵਜੋਂ ਜਾਣਗੇ। ਇਉਂ 100 ਵਿਚੋਂ ਸਿਰਫ਼ 28 ਰੁਪਏ ਬਚਣਗੇ, ਤੇ ਵਿੱਤੀ ਸੰਕਟ ਦੇ ਮੱਦੇਨਜ਼ਰ ਵਿਕਾਸ ਦਾ ਪਹੀਆ ਘੁੰਮਦਾ ਰੱਖਣਾ ਸਰਕਾਰ ਲਈ ਵੱਡੀ ਚੁਣੌਤੀ ਬਣੇਗਾ। ਫਿਲਹਾਲ ਹੋਰ ਕਰਜ਼ਾ ਚੁੱਕਣ ’ਤੇ ਨਿਰਭਰ ਨਾ ਰਹਿਣ ਬਾਰੇ ਲਿਆ ਗਿਆ ਅਹਿਦ ਵੀ ਅਜ਼ਮਾਇਸ਼ ਵਿਚੋਂ ਲੰਘੇਗਾ।
ਬਜਟ ’ਚ ਕੀਤੀਆਂ ਗਈਆਂ ਜਿ਼ਕਰਯੋਗ ਪਹਿਲਕਦਮੀਆਂ ਵਿਚ ਹਿਮਾਚਲ ਪ੍ਰਦੇਸ਼ ਨੂੰ ‘ਗਰੀਨ’ (ਸਾਫ਼-ਸੁਥਰੀ ਊਰਜਾ ਵਰਤਣ ਵਾਲਾ) ਰਾਜ ਬਣਾਉਣਾ, ਸਿੱਖਿਆ ਖੇਤਰ ਨੂੰ ਵੱਡਾ ਹੁਲਾਰਾ ਦੇਣਾ ਤੇ ਪੇਂਡੂ ਅਰਥਚਾਰੇ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ ਬਾਗ਼ਬਾਨੀ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਪੇਸ਼ ਕੀਤੇ ਸੂਬੇ ਦੇ ਬਜਟ ਵਿਚ 36,000 ਲੋਕਾਂ ਨੂੰ ਕੁਦਰਤੀ ਖੇਤੀ ਦੀ ਸਿਖਲਾਈ ਦੇਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਤੋਂ ਇਲਾਵਾ ਦੁੱਧ ਲਈ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਬਜਟ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਲਿਆਂਦੀ ‘ਸਟਾਰਟ-ਅੱਪ’ ਸਕੀਮ ਅਤੇ ਔਰਤਾਂ ਨਾਲ ਸਬੰਧਿਤ ਸਕੀਮਾਂ ਲਈ ਰੱਖੀ ਵੱਡੀ ਰਾਸ਼ੀ ਵੀ
ਸਵਾਗਤਯੋਗ ਪਹਿਲਕਦਮੀਆਂ ਹਨ। ਸੁਖਵਿੰਦਰ ਸਿੰਘ ਸੁੱਖੂ ਸਰਕਾਰ ਅਸਲ ਵਿਚ ਕਾਂਗਰਸ ਲਈ ਵੀ ਅਜ਼ਮਾਇਸ਼ ਹੈ। ਲੋਕ ਸਭਾ ਚੋਣਾਂ ਸਿਰ ’ਤੇ ਹਨ; ਕਾਂਗਰਸ ਪਾਰਟੀ ਇਸ ਸੂਬਾ ਸਰਕਾਰ ਨੂੰ ਮਾਡਲ ਸਰਕਾਰ ਵਜੋਂ ਤਾਂ ਹੀ ਪੇਸ਼ ਕਰ ਸਕੇਗੀ ਜੇ ਇਹ ਖਰਚਿਆਂ ਅਤੇ ਕਰਜਿ਼ਆਂ ਉੱਤੇ ਕਾਬੂ ਰੱਖ ਕੇ ਲੋਕਾਂ ਦੀਆਂ ਆਸਾਂ ’ਤੇ ਪੂਰਾ ਉਤਰੇਗੀ। ਇਸ ਸੂਰਤ ਵਿਚ ਹੀ ਸਰਕਾਰ ਲੋਕਾਂ ਅੰਦਰ ਭਰੋਸਾ ਪੈਦਾ ਕਰ ਸਕੇਗੀ। ਇਸੇ ਕਰ ਕੇ ਇਸ ਪੱਖ ਤੋਂ ਸਰਕਾਰ ਨੂੰ ਦੁੱਗਣੀ ਮੁਸ਼ੱਕਤ ਕਰਨੀ ਪੈਣੀ ਹੈ।

Advertisement

Advertisement
Author Image

Advertisement
Advertisement
×