ਹਿਮਾਚਲ: ਚੰਦਰਤਾਲ ’ਚੋਂ ਸਾਰੇ 258 ਸੈਲਾਨੀ ਸੁਰੱਖਿਅਤ ਕੱਢੇ
ਸ਼ਿਮਲਾ, 13 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਦੇ ਚੰਦਰਤਾਲ ’ਚ ਪੰਜ ਦਨਿਾਂ ਤੋਂ ਫਸੇ 256 ਸੈਲਾਨੀਆਂ ਨੂੰ ਅੱਜ ਸੁਰੱਖਿਅਤ ਕੱਢ ਲਿਆ ਗਿਆ। ਬਰਫ਼ਬਾਰੀ ਕਾਰਨ ਸੜਕ ਬੰਦ ਹੋ ਗਈ ਸੀ ਜਿਸ ਕਾਰਨ ਸੈਲਾਨੀ ਉਥੇ ਫਸ ਗਏ ਸਨ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸੂਬੇ ’ਚ ਪਿਛਲੇ ਚਾਰ ਦਨਿਾਂ ਦੌਰਾਨ 60 ਹਜ਼ਾਰ ਸੈਲਾਨੀਆਂ ਨੂੰ ਸੁਰੱਖਿਅਤ ਇਲਾਕਿਆਂ ’ਚ ਭੇਜਿਆ ਗਿਆ ਹੈ। ਉਂਜ 10 ਹਜ਼ਾਰ ਸੈਲਾਨੀ ਅਜੇ ਵੀ ਕਸੋਲ, ਖੀਰਗੰਗਾ ਅਤੇ ਨਾਲ ਲਗਦੇ ਇਲਾਕਿਆਂ ’ਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਆਪਣੇ ਵਾਹਨ ਛੱਡ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਲਾਹੌਲ ਅਤੇ ਸਪਿਤੀ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਬਰਫ਼ਬਾਰੀ ਵਾਲੇ ਇਲਾਕੇ ’ਚ ਮਾਹਿਰ ਡਰਾਈਵਰਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਸੈਲਾਨੀਆਂ ਦੇ ਵਾਹਨਾਂ ਨੂੰ ਉਥੋਂ ਸੁਰੱਖਿਅਤ ਕੱਢਿਆ ਜਾ ਸਕੇ। ਉਨ੍ਹਾਂ ਨੂੰ ਕਾਜ਼ਾ ਪਹੁੰਚਾਉਣ ਤੋਂ ਪਹਿਲਾਂ ਲੋਸਾਰ ’ਚ ਖਾਣ-ਪੀਣ ਵਾਲੀਆਂ ਵਸਤਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮਾਲ ਮੰਤਰੀ ਜਗਤ ਸਿੰਘ ਨੇਗੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਸੰਜੈ ਅਵਸਥੀ ਨੂੰ ਉਚੇਚੇ ਤੌਰ ’ਤੇ ਚੰਦਰਤਾਲ ’ਚ ਬਚਾਅ ਕਾਰਜਾਂ ’ਚ ਸਹਿਯੋਗ ਕਰਨ ਦੀ ਡਿਊਟੀ ਲਾਈ ਸੀ। ਮਾਲ ਮੰਤਰੀ ਦੇ ਅੱਜ ਸਵੇਰੇ ਚੰਦਰਤਾਲ ਪੁੱਜਣ ’ਤੇ ਬਚਾਅ ਕਾਰਜ ਸ਼ੁਰੂ ਹੋਏ। ਦੁਨਖਾਰਾ ਨੇੜੇ ਕਸੋਲ-ਭੁੰਤਰ ਰੋਡ ’ਤੇ ਢਿੱਗਾਂ ਡਿੱਗਣ ਕਾਰਨ ਆਵਾਜਾਈ ਠੱਪ ਹੋ ਗਈ ਸੀ ਅਤੇ ਸੈਲਾਨੀ ਆਪਣੇ ਵਾਹਨਾਂ ਨਾਲ ਫਸ ਗਏ ਸਨ। ਸੁੱਖੂ ਨੇ ਕਿਹਾ ਕਿ ਪੁਲੀਸ ਸੈਲਾਨੀਆਂ ਨੂੰ ਪਰਚੀ ਦੇਵੇਗੀ ਅਤੇ ਜਦੋਂ ਸੜਕਾਂ ਸਾਫ਼ ਹੋ ਜਾਣਗੀਆਂ ਤਾਂ ਉਹ ਪਰਚੀ ਦਿਖਾ ਕੇ ਆਪਣੇ ਵਾਹਨ ਲਿਜਾ ਸਕਣਗੇ। ਮੁੱਖ ਮੰਤਰੀ ਨੇ ਮੰਡੀ ’ਚ ਹੜ੍ਹ ਪ੍ਰਭਾਵਿਤ ਥੁਨਾਗ ਸਬ-ਡਿਵੀਜ਼ਨ ਦਾ ਦੌਰਾ ਕਰਕੇ ਪੀੜਤ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਘਰਾਂ ਦੀ ਉਸਾਰੀ ਲਈ ਜ਼ਮੀਨ ਵੀ ਮੁਹੱਈਆ ਕਰਵਾਈ ਜਾਵੇਗੀ। ਤਿੰਨ ਹੋਰ ਲਾਸ਼ਾਂ ਮਿਲਣ ਮਗਰੋਂ ਮੋਹਲੇਧਾਰ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਦੱਸਿਆ ਕਿ ਮੌਨਸੂਨ ਦੇ 24 ਜੂਨ ਨੂੰ ਸੂਬੇ ’ਚ ਆਉਣ ਮਗਰੋਂ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਮੌਤਾਂ ਦੀ ਕੁੱਲ ਗਿਣਤੀ 91 ਹੋ ਗਈ ਹੈ। ਸੁੱਖੂ ਨੇ ਇਕ ਟਵੀਟ ਕਰਕੇ ਕਿਹਾ ਕਿ ਸਾਂਗਲਾ ਨੇੜੇ ਕਰਚਮ ਤੋਂ ਅੱਗੇ ਫਸੇ 113 ਵਿਅਕਤੀਆਂ ਨੂੰ ਹੈਲੀਕਾਪਟਰ ਦੀਆਂ ਛੇ ਉਡਾਣਾਂ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ। ਡੀਜੀਪੀ ਸਤਵੰਤ ਅਟਵਾਲ ਨੇ ਟਵੀਟ ਕਰਕੇ ਕਿਹਾ ਕਿ ਛੇ ਇਜ਼ਰਾਇਲੀਆਂ ਨੂੰ ਮਨੀਕਰਨ ਲਿਆਂਦਾ ਗਿਆ ਹੈ ਜਦਕਿ 37 ਹੋਰ ਇਜ਼ਰਾਇਲੀ ਬਾਰਸ਼ੈਨੀ ’ਚ ਸੁਰੱਖਿਅਤ ਹਨ। ਅਮਰੀਕਾ, ਰੂਸ, ਇਜ਼ਰਾਈਲ, ਜਰਮਨੀ, ਸਪੇਨ, ਆਸਟਰੇਲੀਆ ਅਤੇ ਰੋਮਾਨੀਆ ਦੇ ਸੈਲਾਨੀ ਵੀ ਹਿਮਾਚਲ ’ਚ ਫਸੇ ਹੋਏ ਹਨ। ਉਧਰ ਇਜ਼ਰਾਈਲ ਦੇ ਉਪ ਚੀਫ਼ ਮਿਸ਼ਨ ਓਹਾਦ ਨਕਾਸ਼ ਕਾਯਨਾਰ ਨੇ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਜਾ ਕੇ ਇਜ਼ਰਾਇਲੀ ਸੈਲਾਨੀਆਂ ਨਾਲ ਮੁਲਾਕਾਤ ਕਰਨਗੇ। ਪ੍ਰਦੇਸ਼ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜੇ ਵੀ ਸੂਬੇ ’ਚ 1020 ਸੜਕਾਂ ਬੰਦ ਹਨ। -ਪੀਟੀਆਈ