ਹਿਮਾਚਲ: ਬਰਫਬਾਰੀ ਕਾਰਨ 223 ਸੜਕਾਂ ਬੰਦ, ਸੈਂਕੜੇ ਵਾਹਨ ਫਸੇ
ਸ਼ਿਮਲਾ, 24 ਦਸੰਬਰ
ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਕਾਰਨ ਤਿੰਨ ਕੌਮੀ ਮਾਰਗਾਂ ਸਮੇਤ ਸੂਬੇ ਦੀਆਂ ਘੱਟੋ-ਘੱਟ 177 ਸੜਕਾਂ ਬੰਦ ਹਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੂਬੇ ਦੇ ਕਿਨੌਰ, ਲਾਹੌਲ-ਸਪਿਤੀ, ਸ਼ਿਮਲਾ, ਕੁੱਲੂ, ਮੰਡੀ, ਚੰਬਾ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਉੱਚ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ।
ਸ਼ਿਮਲਾ ਹੋਟਲ ਐਂਡ ਟੂਰਿਜ਼ਮ ਸਟੇਕਹੋਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐੱਮ ਕੇ ਸੇਠ ਨੇ ਦੱਸਿਆ ਕਿ ਸ਼ਿਮਲਾ ਦੇ ਹੋਟਲਾਂ ਦੇ 70 ਫੀਸਦ ਕਮਰੇ ਭਰੇ ਹੋਏ ਹਨ। ਬਰਫਬਾਰੀ ਕਾਰਨ ਕਮਰਿਆਂ ਦੀ ਬੁਕਿੰਗ 30 ਫੀਸਦ ਵਧ ਗਈ ਹੈ। ਵਧੀਕ ਮੁੱਖ ਸਕੱਤਰ (ਮਾਲ ਤੇ ਆਫ਼ਤ) ਓਂਕਾਰ ਸ਼ਰਮਾ ਨੇ ਦੱਸਿਆ ਕਿ ਸੂਬੇ ਵਿੱਚ ਬਰਫ਼ਬਾਰੀ ਕਾਰਨ ਲਗਪਗ 174 ਸੜਕਾਂ ਤੇ ਤਿੰਨ ਕੌਮੀ ਰਾਜ ਮਾਰਗ ਬੰਦ ਹਨ।
ਉਨ੍ਹਾਂ ਦੱਸਿਆ ਕਿ ਅਟਲ ਸੁਰੰਗ ਨੇੜੇ ਫਸੇ ਕਰੀਬ 500 ਵਾਹਨਾਂ ਵਿੱਚ ਮੌਜੂਦ ਸੈਲਾਨੀਆਂ ਨੂੰ ਸੋਮਵਾਰ ਦੇਰ ਰਾਤ ਤੱਕ ਸੁਰੱਖਿਅਤ ਬਚਾਅ ਲਿਆ ਗਿਆ। ਰਿਪੋਰਟਾਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਬਰਫ਼ਬਾਰੀ ਕਾਰਨ ਵਾਪਰੇ ਹਾਦਸਿਆਂ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਨੇ ਅਜੇ ਤੱਕ ਮ੍ਰਿਤਕਾਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ।
ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਕਿਹਾ ਕਿ ਸ਼ਿਮਲਾ ਵਿੱਚ ਸਭ ਤੋਂ ਵੱਧ 89 ਸੜਕਾਂ, ਕਿਨੌਰ ਵਿੱਚ 44 ਅਤੇ ਮੰਡੀ ਵਿੱਚ 25 ਸੜਕਾਂ ਬੰਦ ਹਨ। ਬਰਫਬਾਰੀ ਕਾਰਨ 683 ਟਰਾਂਸਫਾਰਮਰ ਫੇਲ੍ਹ ਹੋਣ ਕਾਰਨ ਕਈ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ। -ਪੀਟੀਆਈ
ਕਸ਼ਮੀਰ ਵਿੱਚ ਸੀਤ ਲਹਿਰ ਦਾ ਜ਼ੋਰ ਜਾਰੀ
ਸ੍ਰੀਨਗਰ: ਕਸ਼ਮੀਰ ਦੇ ਉੱਚ ਪਹਾੜੀ ਇਲਾਕਿਆਂ ਵਿੱਚ ਅੱਜ ਬਰਫ਼ਬਾਰੀ ਦੇ ਨਾਲ ਹੀ ਵਾਦੀ ਵਿੱਚ ਸੀਤ ਲਹਿਰ ਜਾਰੀ ਰਹੀ ਅਤੇ ਪਾਰਾ ਸਿਫ਼ਰ ਤੋਂ ਹੇਠਾਂ ਚੱਲ ਰਿਹਾ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਸਮੇਂ ਸੋਨਮਰਗ ਅਤੇ ਵਾਦੀ ਦੇ ਉੱਚਾਈ ਵਾਲੇ ਕੁੱਝ ਹੋਰ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋਈ। ਪਾਰਾ ਡਿਗਣ ਕਾਰਨ ਜਲ ਸਪਲਾਈ ਕਰਨ ਵਾਲੀਆਂ ਲਾਈਨਾਂ ਅਤੇ ਪਾਣੀ ਦੇ ਕਈ ਸੋਮੇ ਜੰਮ ਗਏ ਹਨ। ਸ੍ਰੀਨਗਰ ਵਿੱਚ ਸੋਮਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫ਼ੀ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਨਾਲੋਂ ਤਿੰਨ ਡਿਗਰੀ ਘੱਟ ਹੈ।