For the best experience, open
https://m.punjabitribuneonline.com
on your mobile browser.
Advertisement

ਹਾਈਵੇਅ ਮੁਆਵਜ਼ਾ: 64 ਕਰੋੜ ਦੇ ਘਪਲੇ ਦੇ ਦੋਸ਼ ਹੇਠ 42 ਹੋਰ ਨਾਮਜ਼ਦ

08:39 AM Nov 19, 2023 IST
ਹਾਈਵੇਅ ਮੁਆਵਜ਼ਾ  64 ਕਰੋੜ ਦੇ ਘਪਲੇ ਦੇ ਦੋਸ਼ ਹੇਠ 42 ਹੋਰ ਨਾਮਜ਼ਦ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਨਵੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ-ਚਿੰਤਪੁਰਨੀ ਹਾਈਵੇਅ ਲਈ ਐਕੁਆਇਰ ਕੀਤੀ ਜ਼ਮੀਨ ਲਈ ਕੇਂਦਰ ਸਰਕਾਰ ਤੋਂ ਪ੍ਰਾਪਤ ਕਰੋੜਾਂ ਰੁਪਏ ਦੇ ਮੁਆਵਜ਼ੇ ਦੇ ਵੰਡ ਵਿੱਚ ਬਹੁ-ਕਰੋੜੀ ਘਪਲੇਬਾਜ਼ੀ ਨਾਲ ਸਬੰਧਤ ਮਾਮਲੇ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਵਿਸ਼ੇਸ਼ ਪੜਤਾਲੀਆ ਟੀਮ (ਸਿੱਟ) ਦੀ ਤਫਤੀਸ਼ ਦੌਰਾਨ ਐੱਸਡੀਐੱਮ ਹੁਸ਼ਿਆਰਪੁਰ ਤੇ ਤਹਿਸੀਲਦਾਰ ਹੁਸ਼ਿਆਰਪੁਰ ਦੇ ਦਫਤਰਾਂ ਵਿੱਚੋਂ ਕਾਫੀ ਰਿਕਾਰਡ ਗਾਇਬ ਮਿਲਿਆ ਹੈ। ਤਫ਼ਤੀਸ਼ ਵਿੱਚ ਇਹ ਵੀ ਸਾਹਮਣੇ ਆਇਆ ਕਿ ਤੱਤਕਾਲੀ ਐੱਸਡੀਐੱਮ ਆਨੰਦ ਸਾਗਰ ਨੇ ਲੂਈ ਬਰਜਰ ਕੰਪਨੀ ਵੱਲੋਂ ਤਿਆਰ ਕੀਤੀ ਡਰਾਫਟ 3-ਏ ਸ਼ਡਿਊਲ ਯੋਜਨਾ ਨੂੰ ਗਲਤ ਤਰੀਕੇ ਨਾਲ ਬਦਲ ਦਿੱਤਾ ਅਤੇ ਜ਼ਮੀਨ ਦਾ 64 ਕਰੋੜ ਰੁਪਏ ਦਾ ਮੁਆਵਜ਼ਾ ਆਪਣੇ ਜਾਣਕਾਰਾਂ ਨੂੰ ਉਸ ਵੱਲੋਂ ਇਸ ਨਵੀਂ ਸੜਕ ਦੇ ਨਾਲ ਖਰੀਦੀ ਜ਼ਮੀਨ ਲਈ ਜਾਰੀ ਕਰ ਦਿੱਤਾ। ਜਾਂਚ ਦੌਰਾਨ ਬਿਊਰੋ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਇੱਕ ਹੋਰ ਧਾਰਾ 201 ਜੋੜ ਦਿੱਤੀ ਹੈ ਅਤੇ 42 ਹੋਰ ਨਵੇਂ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 8 ਮੁਲਜ਼ਮਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਤਕਾਲੀ ਐੱਸਡੀਐੱਮ ਤੇ ਕੁਲੈਕਟਰ ਅਤੇ ਭੂਮੀ ਗ੍ਰਹਿਣ ਅਫ਼ਸਰ ਹੁਸ਼ਿਆਰਪੁਰ ਆਨੰਦ ਸਾਗਰ ਸ਼ਰਮਾ ਸਮੇਤ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਬਲਜਿੰਦਰ ਸਿੰਘ ਤਹਿਸੀਲਦਾਰ ਹੁਸ਼ਿਆਰਪੁਰ, ਮਨਜੀਤ ਸਿੰਘ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ, ਦਲਜੀਤ ਸਿੰਘ ਪਟਵਾਰੀ ਪਿੰਡ ਖਵਾਸਪੁਰ (ਪਿੱਪਲਾਂਵਾਲਾ), ਪਰਵਿੰਦਰ ਕੁਮਾਰ ਪਟਵਾਰੀ ਵਾਸੀ ਪਿੰਡ ਖਵਾਸਪੁਰ, ਸੁਖਵਿੰਦਰਜੀਤ ਸਿੰਘ ਸੋਢੀ ਰਜਿਸਟਰੀ ਕਲਰਕ, ਦੇਵੀਦਾਸ ਡੀਡ ਰਾਈਟਰ, ਹਰਪਿੰਦਰ ਸਿੰਘ ਗਿੱਲ ਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਹੁਸ਼ਿਆਰਪੁਰ, ਸਤਵਿੰਦਰ ਸਿੰਘ ਢੱਟ ਅਤੇ ਅਵਤਾਰ ਸਿੰਘ ਜੌਹਲ ਦੋਵੇਂ ਵਾਸੀ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਅਤੇ ਜਸਵਿੰਦਰ ਪਾਲ ਸਿੰਘ ਵਾਸੀ ਲਿਲੀ ਕਾਟੇਜ, ਸੁਤਿਹਰੀ ਰੋਡ ਹੁਸ਼ਿਆਰਪੁਰ ਸ਼ਾਮਲ ਹਨ। ਇਸ ਕੇਸ ਦੀ ਅਗਲੇਰੀ ਜਾਂਚ ਲਈ ਵਿਜੀਲੈਂਸ ਦੇ ਡਾਇਰੈਕਟਰ ਰਾਹੁਲ ਐਸ. ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਸਿੱਟ ਦਾ ਗਠਨ ਕੀਤਾ ਗਿਆ, ਜਿਸ ਵਿੱਚ ਰਾਜੇਸ਼ਵਰ ਸਿੰਘ, ਐੱਸਐੱਸਪੀ, ਵਿਜੀਲੈਂਸ ਬਿਊਰੋ ਰੇਂਜ ਜਲੰਧਰ, ਗੁਰਮੀਤ ਸਿੰਘ, ਐੱਸਐੱਸਪੀ, ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਅਤੇ ਸੂਬਾ ਸਿੰਘ, ਐੱਸਐੱਸਪੀ, ਆਰਥਿਕ ਅਪਰਾਧ ਵਿੰਗ, ਵਿਜੀਲੈਂਸ ਬਿਊਰੋ ਲੁਧਿਆਣਾ ਨੂੰ ਮੈਂਬਰ ਬਣਾਇਆ ਗਿਆ।
ਤਾਜ਼ਾ ਜਾਂਚ ਦੌਰਾਨ ਉਕਤ ਮਾਮਲੇ ਵਿੱਚ ਐੱਸਡੀਐੱਮ ਹੁਸ਼ਿਆਰਪੁਰ ਅਤੇ ਦਫ਼ਤਰ ਤਹਿਸੀਲਦਾਰ ਹੁਸ਼ਿਆਰਪੁਰ ਵਿੱਚੋਂ ਲੋੜੀਂਦਾ ਰਿਕਾਰਡ ਗਾਇਬ ਪਾਇਆ ਗਿਆ ਜਿਸ ਕਰਕੇ ਇਸ ਕੇਸ ਵਿੱਚ ਆਈਪੀਸੀ ਦੀ ਧਾਰਾ 201 ਜੋੜ ਕੇ ਉਕਤ ਮਾਮਲੇ ਵਿੱਚ 42 ਹੋਰ ਨਵੇਂ ਮੁਲਜ਼ਮ ਨਾਮਜ਼ਦ ਕੀਤੇ ਗਏ ਹਨ। ਵਿਜੀਲੈਂਸ ਬਿਊਰੋ ਵੱਲੋਂ ਨਵੇਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚੋਂ 8 ਮੁਲਜ਼ਮਾਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਵਿਜੀਲੈਂਸ ਬਿਊਰੋ ਵੱਲੋਂ ਬਾਕੀ ਮੁਲਜ਼ਮਾਂ ਦੀ ਗਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਤੇ ਇਨ੍ਹਾਂ ਨੂੰ ਜਲਦ ਗਿਫ਼ਤਾਰ ਕਰ ਲਿਆ ਜਾਵੇਗਾ।

Advertisement

ਐੱਸਡੀਐੱਮ ਦਾ ਸ਼ਡਿਊਲ ਕੰਪਨੀ ਦੇ ਮੂਲ ਖਰੜੇ ਤੋਂ ਵੱਖਰਾ

ਹੁਸ਼ਿਆਰਪੁਰ ਦੇ ਤਤਕਾਲੀ ਐੱਸਡੀਐੱਮ ਆਨੰਦ ਸਾਗਰ ਸ਼ਰਮਾ (ਇਸ ਸਮੇਂ ਖੇਤੀਬਾੜੀ ਵਿਭਾਗ ’ਚ ਸੰਯੁਕਤ ਸਕੱਤਰ ਵਜੋਂ ਤਾਇਨਾਤ) ਨੇ ਆਪਣੇ ਵੱਲੋਂ ਤਿਆਰ ਕੀਤੇ ਸ਼ਡਿਊਲ 3-ਏ ਵਿੱਚ ਪੰਜ ਪਿੰਡਾਂ ਖਵਾਸਪੁਰ, ਡਿਗਾਣਾ ਕਲਾਂ, ਡਿਗਾਣਾ ਖੁਰਦ, ਹਰਦੋ ਖਾਨਪੁਰ ਅਤੇ ਖਸਰਾ ਬੱਸੀ ਜੋਨਾ/ਚੋਹਲੀ ਦੇ ਹਾਈਵੇਅ ਅਲਾਈਨਮੈਂਟ ਨੂੰ ਬਦਲ ਦਿੱਤਾ ਜੋ ਕਿ ਇੱਕ ਸਰਵੇਖਣ ਤੋਂ ਬਾਅਦ ਲੂਈ ਬਰਜਰ ਕੰਪਨੀ ਵੱਲੋਂ ਤਿਆਰ ਮੂਲ ਡਰਾਫਟ ਦੀ ਅਨੁਸੂਚੀ 3-1 ਨਾਲ ਮੇਲ ਨਹੀਂ ਖਾਂਦਾ। ਉਕਤ ਐੱਸਡੀਐੱਮ ਨੇ ਭੂ-ਮਾਫੀਆ ਨਾਲ ਕਥਿਤ ਮਿਲੀਭੁਗਤ ਕਰਕੇ ਕੇਂਦਰ ਸਰਕਾਰ ਵੱਲੋਂ ਪ੍ਰਾਪਤ 286,36,13,620 ਰੁਪਏ ਦੇ ਮੁਆਵਜ਼ੇ ਵਿੱਚੋਂ 64,13,66,399 ਰੁਪਏ ਗੈਰਕਾਨੂੰਨੀ ਤਰੀਕੇ ਨਾਲ ਮੁਆਵਜ਼ੇ ਵਜੋਂ ਵੰਡ ਦਿੱਤੇ।

Advertisement

Advertisement
Author Image

Advertisement