ਜਨਵਰੀ ਵਿੱਚ ਵੱਧ ਤਾਪਮਾਨ ਕਣਕ ਲਈ ਨੁਕਸਾਨਦੇਹ
ਖੇਤਰੀ ਪ੍ਰਤੀਨਿਧ
ਪਟਿਆਲਾ, 30 ਜਨਵਰੀ
ਮੌਜੂਦਾ ਦਿਨਾਂ ਵਿੱਚ ਦਿਨ ਦਾ ਤਾਪਮਾਨ 21-23 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 5-6 ਡਿਗਰੀ ਸੈਲਸੀਅਸ ਚੱਲ ਰਿਹਾ ਹੈ। ਅਜਿਹਾ ਮੌਸਮ ਹਾੜ੍ਹੀ ਦੀ ਮੁੱਖ ਫਸਲ ਕਣਕ ਲਈ ਲਾਹੇਵੰਦ ਨਹੀਂ ਮੰਨਿਆ ਜਾ ਰਿਹਾ। ਜੇ ਇਸ ਤਰ੍ਹਾਂ ਤਾਪਮਾਨ ਵਧਦਾ ਰਿਹਾ ਤਾਂ ਕਣਕ ਦਾ ਝਾੜ ਘਟਣ ਦਾ ਖਦਸ਼ਾ ਹੈ ਕਿਉਂਕਿ ਕਣਕ ਦੀ ਭਰਵੀਂ ਫਸਲ ਲਈ ਲਗਾਤਾਰ ਠੰਢ ਪੈਣੀ ਜ਼ਰੂਰੀ ਹੈ।
ਉਧਰ ਕਿਸਾਨਾਂ ਲਈ ਗੰਭੀਰ ਬਣੇ ਅਜਿਹੇ ਹਾਲਾਤ ਲਈ ਖੇਤੀਬਾੜੀ ਵਿਭਾਗ ਵੀ ਚੌਕਸ ਹੋ ਗਿਆ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਤਾਪਮਾਨ ਦੇ ਵਾਧੇ ਦੇ ਅਸਰ ਨੂੰ ਘੱਟ ਕਰਨ ਲਈ ਉਹ ਕਣਕ ਦੀ ਫ਼ਸਲ ਉੱਪਰ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ (13:0:45) ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਗੋਭ ਵਾਲਾ ਪੱਤਾ ਨਿਕਲਣ ’ਤੇ ਪਹਿਲਾ ਸਪਰੇਅ ਕਰਨ, ਜਦਕਿ ਦੂਜੀ ਸਪਰੇਅ ਬੂਰ ਪੈਣ ਸਮੇਂ ਕੀਤੀ ਜਾਵੇ। ਉਨ੍ਹਾਂ ਪੀਲੀ ਕੂੰਗੀ ਦੀ ਰੋਕਥਾਮ ਲਈ ਵੀ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਨਿਰੀਖਣ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬਿਮਾਰੀ ਨਜ਼ਰ ਆਉਣ ’ਤੇ 120 ਗ੍ਰਾਮ ਨਟੀਵੋ ਜਾਂ 200 ਮਿਲੀਲਿਟਰ ਟੀਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਕੈਵੀਅਟ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਸਪਰੇਅ ਕੀਤਾ ਜਾਵੇ।