ਤੇਜ਼ ਰਫ਼ਤਾਰ ਟਰੱਕ ਨੇ ਭੈਣ-ਭਰਾ ਨੂੰ ਦਰੜਿਆ, ਬੱਚੀ ਦੀ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜਨਵਰੀ
ਇੱਥੇ ਜਲੰਧਰ ਬਾਈਪਾਸ ਤੋਂ ਕੁਝ ਹੀ ਦੂਰੀ ’ਤੇ ਜੱਸੀਆਂ ਕੱਟ ਕੋਲ ਤੇਜ਼ ਰਫ਼ਤਾਰ ਟਰੱਕ ਨੇ ਮਾਂ ਨਾਲ ਸੜਕ ਪਾਰ ਕਰਨ ਲਈ ਖੜ੍ਹੇ ਭੈਣ-ਭਰਾ ਨੂੰ ਦਰੜ ਦਿੱਤਾ। ਹਾਦਸੇ ਵਿੱਚ 6 ਸਾਲ ਦੀ ਬੱਚੀ ਦੀ ਮੌਤ ਹੋ ਗਈ ਜਦਕਿ ਉਸ ਦਾ ਚਾਰ ਸਾਲ ਦਾ ਭਰਾ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਮਗਰੋਂ ਮੁਲਜ਼ਮ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਦਾ ਦੋਸ਼ ਹੈ ਕਿ ਫੋਨ ਕਰਨ ਦੇ ਕਰੀਬ ਡੇਢ ਘੰਟੇ ਬਾਅਦ ਤੱਕ ਐਂਬੂਲੈਸ ਨਹੀਂ ਆਈ ਅਤੇ ਕੁੱਝ ਕਦਮਾਂ ਦੀ ਦੂਰੀ ’ਤੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਵੀ ਕਰੀਬ ਸਵਾ ਘੰਟੇ ਮਗਰੋਂ ਘਟਨਾ ਸਥਾਨ ’ਤੇ ਪੁੱਜੀ।
ਜਾਣਕਾਰੀ ਅਨੁਸਾਰ ਚੰਦਨ ਕੁਮਾਰ ਤੇ ਉਸ ਦੀ ਪਤਨੀ ਪੂਜਾ ਕੁਮਾਰੀ ਕੋਲਡ ਸਟੋਰ ’ਤੇ ਕੰਮ ਕਰਦੇ ਹਨ ਤੇ ਉੱਥੇ ਹੀ ਰਹਿੰਦੇ ਹਨ। ਪੂਜਾ ਆਪਣੇ ਬੱਚਿਆਂ ਨਾਲ ਪਰਿਵਾਰ ਨੂੰ ਮਿਲ ਕੇ ਵਾਪਸ ਆ ਰਹੀ ਸੀ। ਅਚਾਨਕ ਦਿੱਲੀ ਵੱਲੋਂ ਆ ਰਿਹਾ ਤੇਜ਼ ਰਫ਼ਤਾਰ ਟਰੱਕ ਉਨ੍ਹਾਂ ਵੱਲ ਆਇਆ। ਇਸ ਦੌਰਾਨ ਝਟਕਾ ਖਾ ਕੇ ਪੂਜਾ ਡਿੱਗ ਗਈ ਅਤੇ ਦੋਵੇਂ ਬੱਚਿਆਂ ਨੂੰ ਟਰੱਕ ਨੇ ਦਰੜ ਦਿੱਤਾ।
ਬੱਚੀ ਰੀਆ ਦੀ ਤਾਂ ਥਾਂ ’ਤੇ ਹੀ ਮੌਤ ਹੋ ਗਈ ਜਦੋਂਕਿ ਲੜਕਾ ਜ਼ਖਮੀ ਹੋ ਗਿਆ। ਬੱਚੇ ਦੀ ਪਛਾਣ ਨਹੀਂ ਹੋ ਸਕੀ। ਜਾਂਚ ਅਧਿਕਾਰੀ ਏਐੱਸਆਈ ਹਰਮੇਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਟਰੱਕ ਕਬਜ਼ੇ ’ਚ ਲੈ ਲਿਆ ਹੈ। ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।