High Court seeks details of challaned helmet-less women ਬਿਨਾਂ ਹੈਲਮਟ ਦੋ-ਪਹੀਆ ਵਾਹਨਾਂ ਦੀ ਸਵਾਰੀ ਕਰਨ ਵਾਲੀਆਂ ਔਰਤਾਂ ਖ਼ਿਲਾਫ਼ ਹਾਈ ਕੋਰਟ ਸਖ਼ਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਨਵੰਬਰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਮਹਿਲਾਵਾਂ ਵੱਲੋਂ ਦੋ-ਪਹੀਆ ਵਾਹਨਾਂ ’ਤੇ ਬਿਨਾਂ ਹੈਲਮਟ ਤੋਂ ਸਵਾਰੀ ਕਰ ਕੇ ਕਾਨੂੰਨ ਦੀਆਂ ਧੱਜੀਆਂ ਉਡਾਏ ਜਾਣ ਦਾ ਖੁਦ-ਬ-ਖੁਦ ਨੋਟਿਸ ਲੈਂਦਿਆਂ ਪੰਜਾਬ, ਹਰਿਆਣਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਤੋਂ ਅਜਿਹੀਆਂ ਮਹਿਲਾਵਾਂ ਦੇ ਕੀਤੇ ਚਲਾਨਾਂ ਬਾਰੇ ਵਿਸਥਾਰ ਵਿੱਚ ਰਿਪੋਰਟ ਮੰਗੀ ਹੈ ਜਿਹੜੀਆਂ ਕਿ ਬਿਨਾ ਹੈਲਮਟ ਤੋਂ ਦੋ-ਪਹੀਆ ਵਾਹਨਾਂ ਦੀ ਪਿਛਲੀ ਸੀਟ ’ਤੇ ਬੈਠ ਕੇ ਸਵਾਰੀ ਕਰਦੀਆਂ ਰਹੀਆਂ ਹਨ। ਇਸ ਬੈਂਚ ਦੀ ਪ੍ਰਧਾਨਗੀ ਚੀਫ਼ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਅਨਿਲ ਕਸ਼ੇਤਰਪਾਲ ਕਰ ਰਹੇ ਹਨ। ਉਨ੍ਹਾਂ ਮਾਮਲੇ ਦੀ ਅਗਲੀ ਸੁਣਵਾਈ 4 ਦਸੰਬਰ ’ਤੇ ਪਾਈ ਹੈ।
ਅਦਾਲਤ ਵੱਲੋਂ ਇਹ ਹਦਾਇਤਾਂ ਖ਼ੁਦ ਲਏ ਨੋਟਿਸ ਦੇ ਮਾਮਲੇ ਦੀ ਸੁਣਵਾਈ ਦੌਰਾਨ ਜਾਰੀ ਕੀਤੀਆਂ ਗਈਆਂ। ਅਦਾਲਤ ਨੇ ਖ਼ਾਸ ਤੌਰ ’ਤੇ ਦੋਵੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੂੰ ਇਸ ਸਬੰਧੀ ਵਿਸਥਾਰ ਵਿੱਚ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ, ਜਿਸ ਵਿੱਚ ਇਹ ਅੰਕੜਾ ਹੋਵੇ ਕਿ ਕਿੰਨੀਆਂ ਦੋ-ਪਹੀਆ ਵਾਹਨ ਮਹਿਲਾ ਚਾਲਕਾਂ ਅਤੇ ਮਹਿਲਾ ਸਵਾਰੀਆਂ ਵੱਲੋਂ ਹੈਲਮਟ ਪਹਿਨਣ ਸਬੰਧੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ।