ਹਾਈ ਕੋਰਟ ਵੱਲੋਂ ਪੂਜਾ ਖੇੜਕਰ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ
ਨਵੀਂ ਦਿੱਲੀ, 28 ਨਵੰਬਰ
ਦਿੱਲੀ ਹਾਈ ਕੋਰਟ ਨੇ ਸਿਵਲ ਸੇਵਾਵਾਂ ਪ੍ਰੀਖਿਆ-2022 ’ਚ ਧੋਖਾਧੜੀ ਕਰਨ ਤੇ ਗਲਤ ਢੰਗ ਨਾਲ ਓਬੀਸੀ ਤੇ ਦਿਵਿਆਂਗ ਕੋਟਾ ਦੇ ਲਾਭ ਲੈਣ ਦੇ ਦੋਸ਼ ਹੇਠ ਬਰਖਾਸਤ ਪ੍ਰੋਬੇਸ਼ਨਰ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਅੱਜ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ।
ਜਸਟਿਸ ਚੰਦਰਧਾਰੀ ਸਿੰਘ ਨੇ ਆਖਿਆ ਕਿ ਉਸ (ਪੂਜਾ ਖੇੜਕਰ) ਨੂੰ ਗ੍ਰਿਫ਼ਤਾਰੀ ਤੋਂ ਦਿੱਤੀ ਗਈ ਅੰਤਰਿਮ ਸੁਰੱਖਿਆ ਇਸ ਦੌਰਾਨ ਜਾਰੀ ਰਹੇਗੀ। ਦਿੱਲੀ ਪੁਲੀਸ ਅਤੇ ਸ਼ਿਕਾਇਤਕਰਤਾ ਯੂਪੀਐੱਸਸੀ ਦੇ ਵਕੀਲ ਵੱਲੋਂ ਪੂਜਾ ਖੇੜਕਰ ਦੀ ਆਗਾਊਂ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤੇ ਜਾਣ ਮਗਰੋਂ ਅਦਾਲਤ ਨੇ ਕਿਹਾ, ‘‘ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਗਈਆਂ ਹਨ। ਹੁਕਮ ਨੂੰ ਰਾਖਵਾਂ ਰੱਖਿਆ ਜਾਂਦਾ ਹੈ।’’ ਸੁਣਵਾਈ ਦੌਰਾਨ ਖੇੜਕਰ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਪੂਜਾ ਜਾਂਚ ’ਚ ਸ਼ਾਮਲ ਹੋਣ ਦੀ ਇੱਛੁਕ ਹੈ। ਉਨ੍ਹਾਂ ਕਿਹਾ ਕਿ ਸਾਰੀ ਸਮੱਗਰੀ ਦਸਤਾਵੇਜ਼ੀ ਪ੍ਰਕਿਰਤੀ ਦੀ ਹੈ, ਇਸ ਕਰਕੇ ਉਸ ਦੀ ਹਿਰਾਸਤ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ ਦਿੱਲੀ ਪੁਲੀਸ ਦੇ ਵਕੀਲ ਨੇ ਦਾਅਵਾ ਕੀਤਾ ਕਿ ਅਪਰਾਧ ’ਚ ਹੋਰ ਲੋਕਾਂ ਦੀ ਸ਼ਮੂਲੀਅਤ ਦਾ ਪਤਾ ਲਾਉਣ ਲਈ ਖੇੜਕਰ ਤੋਂ ਹਿਰਾਸਤ ’ਚ ਪੁੱਛ-ਪੜਤਾਲ ਦੀ ਲੋੜ ਹੈ। ਦੱਸਣਯੋਗ ਹੈ ਕਿ ਹਾਈ ਕੋਰਟ ਨੇ 12 ਅਗਸਤ ਨੂੰ ਪੂਜਾ ਖੇੜਕਰ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਦਿੱਤੀ ਸੀ, ਜਿਸ ਨੂੰ ਸਮੇਂ-ਸਮੇਂ ’ਤੇ ਵਧਾਇਆ ਗਿਆ ਹੈ। -ਪੀਟੀਆਈ