High Court allows Diljit Dosanjh’s concert ਹਾਈ ਕੋਰਟ ਵੱਲੋਂ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਸ਼ੋਅ ਦੀ ਮਨਜ਼ੂਰੀ
ਸੌਰਭ ਮਲਿਕ
ਚੰਡੀਗੜ੍ਹ, 13 ਦਸੰਬਰ
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ਼ੋਅ ਤੋਂ ਇਕ ਦਿਨ ਪਹਿਲਾਂ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਪ੍ਰੋਗਰਾਮ ਦੀ ਮਨਜ਼ੂਰੀ ਤਾਂ ਦੇ ਦਿੱਤੀ ਹੈ ਪਰ ਸ਼ੋਰ ਪ੍ਰਦੂ਼ਸ਼ਣ ਦੀ ਰੋਕਥਾਮ ਸਬੰਧੀ ਨਿਯਮ ਤੇ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਕਸ਼ੇਤਰਪਾਲ ਦੇ ਡਿਵੀਜ਼ਨ ਬੈਂਚ ਨੇ ਨਿਰਦੇਸ਼ ਜਾਰੀ ਕੀਤੇ ਕਿ ਸੈਕਟਰ-34 ਵਿੱਚ ਸ਼ਨਿਚਰਵਾਰ ਨੂੰ ਹੋਣ ਵਾਲੇ ਇਸ ਸ਼ੋਅ ਦੌਰਾਨ ਆਵਾਜ਼ 75 ਡੈਸੀਬਲ ਤੋਂ ਉੱਪਰ ਨਹੀਂ ਜਾਣੀ ਚਾਹੀਦੀ ਹੈ। ਬੈਂਚ ਨੇ ਕਿਹਾ ਕਿ ਮਨਜ਼ੂਰਸ਼ੁਦਾ ਹੱਦ ਤੋਂ ਉੱਪਰ ਆਵਾਜ਼ ਜਾਣ ’ਤੇ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ। ਅਦਾਲਤ ਨੇ ਕਿਹਾ ਕਿਹਾ, ‘‘ਮਨਜ਼ੂਰਸ਼ੁਦਾ ਹੱਦ 75 ਡੈਸੀਬਲ ਤੋਂ ਉੱਪਰ ਆਵਾਜ਼ ਹੋਣ ’ਤੇ ਅਧਿਕਾਰੀਆਂ ਨੂੰ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ।’’
ਅਦਾਲਤ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਤਰਫੋਂ ਇਕ ਵਕੀਲ ਵੱਲੋਂ ਦਾਇਰ ਕੀਤੀ ਗਈ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਸੀ। ਇਹ ਪਟੀਸ਼ਨ ਸੈਕਟਰ-34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਜਨਤਕ ਪ੍ਰੋਗਰਾਮਾਂ ਦੇ ਪ੍ਰਬੰਧਨ ਦੇ ਸਬੰਧ ਵਿੱਚ ਦਾਇਰ ਕੀਤੀ ਗਈ ਹੈ। ਹੋਰ ਚੀਜ਼ਾਂ ਦੇ ਨਾਲ, ਪਟੀਸ਼ਨਰ ਨੇ ਲੋਕਾਂ ਦੀ ਸੁਰੱਖਿਆ, ਵਾਤਾਵਰਨ ਪ੍ਰਦੂਸ਼ਣ ਅਤੇ 7 ਦਸੰਬਰ ਨੂੰ ਹੋਏ ਪ੍ਰੋਗਰਾਮ ਦੌਰਾਨ ਅਤੇ 14 ਦਸੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਦੌਰਾਨ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਣ ਦੇ ਮੁੱਦੇ ਵੀ ਉਠਾਏ ਹਨ।
ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਨੁਮਾਇੰਦਗੀ ਸੀਨੀਅਰ ਸਟੈਂਡਿੰਗ ਕਾਊਂਸਿਲ ਅਮਿਤ ਝਾਂਜੀ ਵੱਲੋਂ ਵਕੀਲਾਂ ਅਭਿਨਵ ਸੂਦ, ਸੁਮਿਤ ਜੈਨ, ਹਿਮਾਂਸ਼ੂ ਅਰੋੜਾ, ਅਨਮੋਲ ਗੁਪਤਾ, ਨਿਤੇਸ਼ ਝਾਜੜੀਆ, ਮਹਿੰਦੀ ਸਿੰਘਲ, ਐਲਿਜ਼ਾ ਗੁਪਤਾ ਤੇ ਸੱਤਿਅਮ ਗਰਮ ਨਾਲ ਮਿਲ ਕੇ ਕੀਤੀ ਜਾ ਰਹੀ ਹੈ।