For the best experience, open
https://m.punjabitribuneonline.com
on your mobile browser.
Advertisement

ਉੱਚਾ ਪੁਲ

06:53 AM Aug 04, 2024 IST
ਉੱਚਾ ਪੁਲ
ਭਗਤ ਪੂਰਨ ਸਿੰਘ
Advertisement

ਪ੍ਰਿੰ. ਕੁਲਵੰਤ ਸਿੰਘ ਅਣਖੀ

Advertisement

ਸਾਨੂੰ ਸਕੂਲ ਪੜ੍ਹਦਿਆਂ ਗਰਮੀ ਦੀਆਂ ਦੋ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸਨ। ਇਨ੍ਹਾਂ ਵਿੱਚੋਂ ਬਹੁਤੀਆਂ ਮੈਂ ਅਕਸਰ ਨਹਿਰ ਕੰਢੇ ਵੱਸੇ ਆਪਣੇ ਨਾਨਕਾ ਪਿੰਡ, ਭੂਆ ਦੇ ਪਿੰਡ ਅਤੇ ਮਾਸੀ ਕੋਲ ਅੰਮ੍ਰਿਤਸਰ ਵਿਖੇ ਗੁਜ਼ਾਰਦਾ ਸੀ। ਸਕੂਲੋਂ ਮਿਲਿਆ ਛੁੱਟੀਆਂ ਦਾ ਕੰਮ ਰਾਤ ਦਿਨ ਇੱਕ ਕਰਕੇ ਪੰਜ ਸੱਤ ਦਿਨਾਂ ਵਿੱਚ ਮੁਕਾ ਕੇ ਨਿਸ਼ਚਿੰਤ ਹੋ ਜਾਣਾ। ਮੈਂ ਇੱਕ ਵਾਰ ਮਾਸੀ ਕੋਲ ਅੰਮ੍ਰਿਤਸਰ ਛੁੱਟੀਆਂ ਕੱਟਣ ਗਿਆ ਤਾਂ ਮੇਰੀ ਉਮਰ ਤਕਰੀਬਨ ਅੱਠ ਨੌਂ ਸਾਲਾਂ ਦੀ ਹੋਵੇਗੀ। ਮਾਸੀ ਦਾ ਤਿਹੁ ਹੀ ਖਿੱਚ ਲਿਆਉਂਦਾ ਸੀ। ਛੁੱਟੀਆਂ ਦਾ ਕੰਮ ਮੁਕਾ, ਝੋਲੇ ਵਿੱਚ ਦੋ ਤਿੰਨ ਕੁੜਤੇ ਪਜਾਮੇ ਅਤੇ ਘਰ ਲੱਗੇ ਬੂਟੇ ਦੇ ਟਪਕਾ ਅੰਬ ਪਾ ਕੇ ਬੱਸ ’ਤੇ ਸਵਾਰ ਹੋ ਮਾਸੀ ਕੋਲ ਪੁੱਜ ਗਿਆ। ਮਾਸੀ ਵੱਲੋਂ ਗਲ਼ ਲਾ ਕੇ ਕੀਤੇ ਪਿਆਰ ਦਾ ਅਹਿਸਾਸ ਹੁਣ ਵੀ ਜਿਉਂ ਦਾ ਤਿਉਂ ਹੈ। ਮਾਸੀ ਦੇ ਧੀਆਂ ਪੁੱਤਾਂ ਨਾਲ ਖੇਡਦਿਆਂ ਪਤਾ ਹੀ ਨਾ ਲੱਗਣਾ ਕਿ ਕਦੋਂ ਦਿਨ ਲੰਘ ਗਿਆ।
ਇੱਕ ਦਿਨ ਮਾਸੀ ਦੀ ਤਬੀਅਤ ਕੁਝ ਢਿੱਲੀ ਹੋ ਗਈ। ਮੈਨੂੰ ਆਪਣੇ ਨਾਲ ਰਿਕਸ਼ੇ ’ਤੇ ਬਿਠਾ ਕੇ ਮਾਸੀ ਹਸਪਤਾਲ ਵਿੱਚ ਡਾਕਟਰ ਨੂੰ ਦਿਖਾਉਣ ਗਈ। ਡਾਕਟਰ ਸਾਹਿਬ ਨੇ ਪਰਚੀ ’ਤੇ ਜੋ ਦਵਾਈਆਂ ਲਿਖੀਆਂ, ਹਸਪਤਾਲੋਂ ਮੁਫ਼ਤ ਮਿਲ ਗਈਆਂ ਅਤੇ ਅਸੀਂ ਰਾਮਬਾਗ ਵਾਲਾ ਰੇਲਵੇ ਫਾਟਕ ਪਾਰ ਕਰ ਕੇ ਰਿਕਸ਼ੇ ’ਤੇ ਸਵਾਰ ਹੋ ਗਏ। ਦਵਾਈਆਂ ਮਾਸੀ ਨੇ ਕਮੀਜ਼ ਦੇ ਖੀਸੇ ਵਿੱਚ ਪਾ ਲਈਆਂ। ਹੌਲੀ ਹੌਲੀ ਪੈਡਲ ਮਾਰਦਾ ਰਿਕਸ਼ੇ ਵਾਲਾ ਮਾਸੀ ਨਾਲ ਗੱਲੀਂ ਲੱਗ ਪਿਆ, ‘‘ਬੀਬੀ, ਕਿਹੜੇ ਡਾਕਟਰ ਕੋਲੋਂ ਦਵਾਅ ਲਈ ਜੇ?’’
‘‘ਭਾਅ ਡਾਕਟਰ ਹਰਚਰਨ ਸਿੰਘ ਕੋਲੋਂ।’’
‘‘ਬੜੀ ਸੋਭਾ ਸੁਣੀ ਆ ਏਸ ਡਾਕਟਰ ਸਾਬ੍ਹ ਦੀ।’’
‘‘ਆਹੋ ਭਾਅ, ਓਦ੍ਹੀ ਤੇ ਅਪਣੱਤ ਭਰੀ ਗੱਲਬਾਤ ਈ ਅੱਧਾ ਰੋਗ ਕੱਟ ਦੇਂਦੀ ਆ।’’
‘‘ਮੇਰੀ ਵੱਡੀ ਭੈਣ ਵੀ ਏਸ ਡਾਕਟਰ ਕੋਲ ਦਵਾ ਲੈਣ ਆਉਂਦੀ ਆ। ਇੱਕ ਧੇਲਾ ਖ਼ਰਚ ਨਹੀਂ ਆਉਂਦਾ। ਸਾਰੇ ਟੈਸਟ ਵੀ ਮੁਖਤ ਤੇ ਦਵਾਈਆਂ ਵੀ ਮੁਖਤ।’’
‘‘ਆਹੋ ਭਾਅ, ਮੇਰਾ ਵੀ ਕੋਈ ਪੈਸਾ ਨਹੀਂ ਲੱਗਾ। ਬਸ ਪਰਚੀ ਫੀਸ ਈ ਲੱਗੀ ਦਸ ਪੈਸੇ।’’
‘‘ਚਲੋ ਭਲਾ ਹੋਵੇ ਏਸ ਸਾਧੂ ਸੁਭਾਅ ਡਾਕਟਰ ਸਾਬ੍ਹ ਦਾ, ਰੱਬ ਨੇ ਗ਼ਰੀਬਾਂ ਦੀ ਬਾਂਹ ਵੀ ਤੇ ਫੜਨੀ ਆ ਬੀਬੀ।’’
ਮਾਸੀ ਤੇ ਰਿਕਸ਼ੇ ਵਾਲੇ ਦੀਆਂ ਗੱਲਾਂ ਦੀ ਲੜੀ ਉਦੋਂ ਟੁੱਟੀ ਜਦੋਂ ਉੱਚਾ ਪੁਲ਼ ਆ ਗਿਆ। ਰਿਕਸ਼ੇ ਵਾਲਾ ਕਾਠੀ ਤੋਂ ਉਤਰ ਕੇ ਬਾਹਵਾਂ ਦੇ ਜ਼ੋਰ ਰਿਕਸ਼ਾ ਖਿੱਚਣ ਹੀ ਲੱਗਾ ਸੀ ਕਿ ਇਕਹਿਰੇ ਸਰੀਰ ਵਾਲਾ ਫ਼ਕੀਰ ਦਿਸਦਾ ਇੱਕ ਬੰਦਾ, ਜਿਸ ਨੇ ਸਿਰ ’ਤੇ ਖੱਦਰ ਦਾ ਪਰਨਾ ਬੰਨ੍ਹਿਆ ਸੀ ਤੇ ਪਰਨੇ ਵਿੱਚੋਂ ਕੁਝ ਵਾਲ਼ ਬਾਹਰ ਨਿਕਲੇ ਹੋਏ ਸਨ, ਤੇੜ ਕਛਹਿਰਾ ਪਾਇਆ ਹੋਇਆ ਸੀ ਅਤੇ ਉਸ ਦੀ ਖੱਦਰ ਦੀ ਕੁੜਤੀ ਮੋਢਿਆਂ ਤੋਂ ਉੱਧੜੀ ਹੋਈ ਸੀ, ਦੋਵੇਂ ਹੱਥ ਜੋੜ ਕੇ ਰਿਕਸ਼ੇ ਦੀ ਗੱਦੀ ’ਤੇ ਬੈਠੀ ਮਾਸੀ ਨੂੰ ਕਹਿਣ ਲੱਗਾ, ‘‘ਭੈਣੇ ਮੇਰੀਏ, ਤਰਸ ਕਰ, ਏਹ ਗ਼ਰੀਬ ਵੀ ਤੇ ਰੱਬ ਦਾ ਈ ਬੰਦਾ... ਕਾਹਨੂੰ ਮੁੜ੍ਹਕਾ ਨਿਚੋੜਨਾ ਏਦ੍ਹਾ... ਮੇਰੇ ਜੁੜੇ ਹੱਥਾਂ ਦੀ ਇੱਜ਼ਤ ਰੱਖ ਤੇ ਅਰਜ਼ ਮੰਨ ਲਾ... ਪੁਲ਼ ਦੀ ਚੜ੍ਹਾਈ ਰਿਕਸ਼ੇ ਤੋਂ ਉਤਰ ਕੇ ਚੜ੍ਹ ਜਾਓ... ਪੁਲ਼ ਦੀ ਚੜ੍ਹਾਈ ਚੜ੍ਹ ਕੇ, ਫਿਰ ਰਿਕਸ਼ੇ ’ਤੇ ਸਵਾਰ ਹੋ ਜਾਇਓ... ਗੁਰੂ ਮਹਾਰਾਜ ਕਿਰਪਾ ਕਰਨਗੇ... ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣਗੇ।’’
ਮਾਸੀ ਨੇ ‘‘ਭਗਤ ਜੀ, ਸਤਿ ਬਚਨ’’ ਕਹਿ ਕੇ ਉਸ ਦਰਵੇਸ਼ ਪੁਰਖ ਦੀ ਆਗਿਆ ਦੋਵੇਂ ਹੱਥ ਜੋੜ ਕੇ ਮੰਨ ਲਈ ਤੇ ਮੈਨੂੰ ਬਾਂਹੋਂ ਫੜ ਕੇ ਰਿਕਸ਼ੇ ਤੋਂ ਉਤਾਰ ਲਿਆ। ਰਿਕਸ਼ੇ ਵਾਲੇ ਨੇ ਖ਼ਾਲੀ ਰਿਕਸ਼ਾ ਹੌਲੇ ਭਾਰ ਬੜੇ ਆਰਾਮ ਨਾਲ ਪੁਲ਼ ਦੇ ਸਿਖ਼ਰ ਉੱਤੇ ਲਿਜਾ ਕੇ ਖਲ੍ਹਾਰ ਦਿੱਤਾ। ਰਿਕਸ਼ੇ ਵਾਲੇ ਦੇ ਚਿਹਰੇ ’ਤੇ ਕੋਈ ਵੱਖਰਾ ਹੀ ਹੁਲਾਸ ਸੀ। ਮੈਂ ਤੇ ਮਾਸੀ ਰਿਕਸ਼ੇ ਦੀ ਗੱਦੀ ’ਤੇ ਬੈਠ ਗਏ। ਮਾਸੀ ਤੇ ਰਿਕਸ਼ੇ ਵਾਲੇ ਦੀ ਵਾਰਤਾਲਾਪ ਹੁਣ ਬੰਦ ਸੀ। ਹੌਲੀ ਹੌਲੀ ਪੈਡਲ ਮਾਰਦਾ ਬੜੀ ਹੌਲੀ ਸੁਰ ’ਚ ਉਹ ਕੁਝ ਗੁਣਗੁਣਾ ਰਿਹਾ ਸੀ। ਜਦੋਂ ਹਾਥੀ ਦਰਵਾਜ਼ਾ ਲੰਘ ਗਏ ਤਾਂ ਖੱਬੇ ਹੱਥ ਇੱਕ ਖੁੱਲ੍ਹੇ ਅਹਾਤੇ ਵਿੱਚ ਪੰਜਾਹ ਸੱਠ ਦੁੱਧ ਚਿੱਟੇ ਬਲਦ ਵੇਖ ਕੇ ਮੈਂ ਹੈਰਾਨੀ ਨਾਲ ਮਾਸੀ ਨੂੰ ਪੁੱਛਿਆ, ‘‘ਕਿਹੜੇ ਵੱਡੇ ਜ਼ਿਮੀਦਾਰ ਨੇ ਏਨੇ ਬਲਦ ਰੱਖੇ ਹਨ? ਉਹਦੀ ਭਲਾ ਕਿੰਨੀ ਕੁ ਪੈਲੀ ਹੋਊ?’’ ਮਾਸੀ ਨੇ ਹੱਸ ਕੇ ਦੱਸਿਆ ਕਿ ਇਹ ਬਲਦ ਕਿਸੇ ਜ਼ਿਮੀਦਾਰ ਦੇ ਨਹੀਂ ਸਗੋਂ ਕਮੇਟੀ ਦੇ ਹਨ। ਮੈਨੂੰ ਕਮੇਟੀ ਦਾ ਵੀ ਪਤਾ ਨਹੀਂ ਸੀ। ਪੁੱਛਣ ’ਤੇ ਦੱਸਿਆ ਕਿ ਜਿਸ ਤਰ੍ਹਾਂ ਪਿੰਡ ਵਿੱਚ ਪੰਚਾਇਤ ਹੁੰਦੀ ਹੈ, ਉਸੇ ਤਰ੍ਹਾਂ ਸ਼ਹਿਰ ਦੀ ਸਾਫ਼ ਸਫ਼ਾਈ ਤੇ ਹੋਰਨਾਂ ਕੰਮਾਂ ਲਈ ਮਿਉਂਸਪਲ ਕਮੇਟੀ ਹੁੰਦੀ ਹੈ। ਇਨ੍ਹਾਂ ਬਲਦਾਂ ਨੂੰ ਗੱਡੀਆਂ ਅੱਗੇ ਜੋਅ ਕੇ ਸ਼ਹਿਰ ਦਾ ਕੂੜਾ ਸ਼ਹਿਰੋਂ ਬਾਹਰ ਸੁੱਟਿਆ ਜਾਂਦਾ ਹੈ ਅਤੇ ਪਾਣੀ ਵਾਲੀਆਂ ਗੱਡੀਆਂ ਅੱਗੇ ਜੋਅ ਕੇ ਸੜਕਾਂ ’ਤੇ ਪਾਣੀ ਤਰੌਂਕਿਆ ਜਾਂਦਾ ਹੈ। ਲੋਹਗੜ੍ਹ ਦਰਵਾਜ਼ੇ ਜਾ ਕੇ ਵੇਖਿਆ ਕਿ ਮਾਸ਼ਕੀ ਮੋਢੇ ’ਤੇ ਮਸ਼ਕ ਲਮਕਾਈ ਠੰਢੇ ਪਾਣੀ ਦੇ ਤਰੌਂਕਿਆਂ ਨਾਲ ਧਰਤੀ ਨੂੰ ਸੀਤਲਤਾ ਪ੍ਰਦਾਨ ਕਰ ਰਿਹਾ ਸੀ। ਵਾਪਸ ਆਉਂਦਿਆਂ ਮੈਂ ਵੇਖਿਆ ਕਿ ਮਾਸੀ ਦੇ ਗੋਰੇ ਚਿਹਰੇ ’ਤੇ ਗੁਲਾਬੀ ਤੰਦਰੁਸਤੀ ਭਾਹ ਮਾਰ ਰਹੀ ਸੀ। ਘਰ ਦੇ ਬੂਹੇ ਅੱਗੇ ਉਤਰ ਕੇ ਰਿਕਸ਼ੇ ਵਾਲੇ ਨੂੰ ਬਣਦੇ ਪੈਸੇ ਦੇ ਕੇ ਮਾਸੀ ਨੇ ਪੁੱਛਿਆ, ‘‘ਭਾਅ ਪਾਣੀ ਲਿਆਵਾਂ?’’
‘‘ਹਾਂ ਭੈਣਾ, ਤੇਰੀ ਮਿਹਰਬਾਨੀ ਹੋਊ, ਰੱਬ ਧਾਨੂੰ ਬਹੁਤਾ ਦੇਵੇ, ਭਾਗ ਲਾਵੇ।’’ ਮਾਸੀ ਨੇ ਅੰਦਰੋਂ ਲਿਸ਼ਕਦੇ ਕੱਚ ਦੇ ਗਲਾਸ ਵਿੱਚ ਨਿਰਮਲ ਸੀਤਲ ਜਲ ਲਿਆ ਕੇ ਭਾਈ ਨੂੰ ਫੜਾ ਦਿੱਤਾ। ਪਾਣੀ ਪੀ ਕੇ ਗਲਾਸ ਵਾਪਸ ਕਰਦਿਆਂ ਉਸ ਨੇ ਫਿਰ ਸਿਰ ਨਿਵਾਂ ਕੇ ‘‘ਮਹਾਰਾਜ ਬਰਕਤਾਂ ਪਾਵੇ’’ ਕਿਹਾ ਤੇ ਪੈਡਲ ਮਾਰਦਾ ਚਲਾ ਗਿਆ।
ਘਰ ਮੰਜੇ ’ਤੇ ਬੈਠ ਕੇ ਮਾਸੀ ਸਨਮੁੱਖ ਆਪਣੀ ਜਗਿਆਸਾ ਜ਼ਾਹਿਰ ਕਰਦਿਆਂ ਮੈਂ ਪੁੱਛਿਆ, ‘‘ਮਾਸੀ, ਆਪਾਂ ਨੂੰ ਰਿਕਸ਼ੇ ਤੋਂ ਉੱਤਰ ਕੇ ਤੇ ਪੈਦਲ ਤੁਰ ਕੇ ਪੁਲ਼ ’ਤੇ ਚੜ੍ਹਨ ਲਈ ਕਹਿਣ ਵਾਲਾ ਬੰਦਾ ਕੌਣ ਸੀ?’’
‘‘ਪੁੱਤ, ਉਹ ਭਗਤ ਪੂਰਨ ਸਿੰਘ ਹੈ।’’
‘‘ਮਾਸੀ, ਤੂੰ ਭਗਤ ਪੂਰਨ ਸਿੰਘ ਦੇ ਆਖੇ ਲੱਗ ਕੇ ਰਿਕਸ਼ੇ ਤੋਂ ਕਿਉਂ ਉਤਰ ਗਈ, ਨਾਲੇ ਮੈਨੂੰ ਵੀ ਉਤਾਰ ਲਿਆ?’’
‘‘ਪੁੱਤ, ਸਾਰੇ ਸ਼ਹਿਰ ਵਾਸੀ ਭਗਤ ਜੀ ਦੀ ਹਰ ਗੱਲ ਨੂੰ ਸਤਿ ਬਚਨ ਕਹਿ ਕੇ ਮੰਨਦੇ ਹਨ। ਬਾਹਰੋਂ ਆਏ ਲੋਕ ਵੀ ਭਗਤ ਜੀ ਦੇ ਦਰਸ਼ਨ ਕਰਨਾ ਧੰਨਭਾਗ ਸਮਝਦੇ ਹਨ। ਉਨ੍ਹਾਂ ਦਾ ਕਹਿਣਾ ਕੋਈ ਨਹੀਂ ਮੋੜਦਾ। ਰੱਬ ਸੱਚੇ ਨੇ ਲਾਵਾਰਿਸ ਬਿਮਾਰਾਂ, ਲੂਲੇ, ਲੰਗੜਿਆਂ, ਪਾਗਲਾਂ ਦੇ ਇਲਾਜ ਅਤੇ ਸੇਵਾ ਸੰਭਾਲ ਕਰਨ ਲਈ ਭਗਤ ਜੀ ਨੂੰ ਏਥੇ ਅੰਮ੍ਰਿਤਸਰ ਭੇਜਿਆ ਹੈ। ਇਨ੍ਹਾਂ ਲਾਵਾਰਿਸ ਤੇ ਬਿਮਾਰ ਬੰਦੇ, ਬੁੱਢੀਆਂ ਅਤੇ ਬੱਚਿਆਂ ਨੂੰ ਸਾਂਭਣ ਲਈ ਭਗਤ ਜੀ ਨੇ ਤਸੀਲਪੁਰੇ ਇੱਕ ਪਿੰਗਲਵਾੜਾ ਵੀ ਬਣਾਇਆ ਹੋਇਆ। ਭਗਤ ਜੀ ਆਪਣੇ ਹੱਥੀਂ ਉਨ੍ਹਾਂ ਦਾ ਗੰਦ ਮੂਤ ਸਾਫ਼ ਕਰਦੇ ਆ, ਉਨ੍ਹਾਂ ਨੂੰ ਨਵਾਉਂਦੇ ਆ। ਪਾਗਲ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਪਿੰਗਲਵਾੜੇ ਛੱਡ ਜਾਂਦੇ ਹਨ, ਦੀ ਦਵਾ ਦਾਰੂ ਖ਼ੁਦ ਭਗਤ ਜੀ ਆਪ ਹੀ ਕਰਦੇ ਹਨ। ਤੁਰੇ ਜਾਂਦਿਆਂ ਰਾਹ ਵਿੱਚ ਪਏ ਕਿੱਲ, ਕੱਚ ਦੇ ਟੁਕੜੇ, ਬਲਦਾਂ ਘੋੜਿਆਂ ਦੀਆਂ ਖੁਰੀਆਂ ਨੂੰ ਚੁੱਕੀ ਜਾਂਦੇ ਹਨ ਕਿ ਕਿਸੇ ਦੇ ਪੈਰ ਵਿੱਚ ਨਾ ਖੁੱਭ ਜਾਣ, ਕਿਸੇ ਦਾ ਸਾਈਕਲ ਪੈਂਚਰ ਨਾ ਹੋ ਜਾਵੇ। ਇੱਥੋਂ ਤੱਕ ਕਿ ਰਾਹ ਵਿੱਚ ਕਿਸੇ ਵੱਲੋਂ ਥੁੱਕੀ ਬਲਗ਼ਮ ਜਾਂ ਪਾਏ ਗੰਦ ਨੂੰ ਪਰ੍ਹਾਂ ਕਰ ਕੇ ਉੱਤੇ ਮਿੱਟੀ ਪਾ ਦੇਂਦੇ ਹਨ, ਭੋਰਾ ਕਰਿਹਤ ਨਹੀਂ ਆਉਂਦੀ ਇਸ ਰੱਬੀ ਦਰਵੇਸ਼ ਨੂੰ। ਭਗਤ ਜੀ ਦੇ ਦਰਸ਼ਨ, ਸਮਝ ਲੈ, ਰੱਬ ਸੱਚੇ ਦੇ ਦਰਸ਼ਨ ਹੋ ਗਏ। ਕੋਈ ਸ਼ਰਧਾਵਾਨ ਲੱਖ ਚਾਹਵੇ, ਭਗਤ ਜੀ ਕਿਸੇ ਨੂੰ ਪੈਰੀਂ ਹੱਥ ਨਹੀਂ ਲਾਉਣ ਦਿੰਦੇ। ਹੋਰ ਗੱਲ ਸੁਣ, ਅੱਵਲ ਤੇ ਉਨ੍ਹਾਂ ਨੂੰ ਵਿਹਲ ਮਿਲਦੀ ਹੀ ਨਹੀਂ, ਜੇ ਕਿਤੇ ਫ਼ੁਰਸਤ ਦੇ ਚਾਰ ਪਲ ਮਿਲ ਵੀ ਜਾਣ ਤਾਂ ਕਿਤਾਬਾਂ ਪੜ੍ਹਨ ਡਹਿ ਪੈਂਦੇ ਨੇ। ਚੰਗੀਆਂ ਚੰਗੀਆਂ ਗੱਲਾਂ, ਸਿੱਖਿਆਵਾਂ ਨੂੰ ਛਾਪ ਕੇ ਮੁਖਤੋ ਮੁਖਤ ਵੰਡੀ ਜਾਂਦੇ, ਭਈ ਜੇ ਆਪੂੰ ਨਹੀਂ ਤੇ ਇਹ ਗੱਲਾਂ ਪੜ੍ਹ ਕੇ ਈ ਲੋਕਾਂ ਨੂੰ ਸਮਝ ਆ ਜਾਵੇ, ਸੇਵਾ ਕਰਨ ਦੀ ਮੱਤ ਆ ਜਾਵੇ। ਇਨ੍ਹਾਂ ਦੇ ਸੇਵਾਦਾਰ ਸ਼ਹਿਰ ਵਿੱਚ ਵਿਹਲੀਆਂ ਪਈਆਂ ਸਰਕਾਰੀ ਥਾਵਾਂ ’ਤੇ ਬਹੁਤ ਬੂਟੇ ਲਾਉਂਦੇ ਤੇ ਲੋਕਾਂ ਨੂੰ ਵੀ ਬੂਟੇ ਲਾਉਣ, ਲਾਏ ਬੂਟਿਆਂ ਨੂੰ ਪਾਣੀ ਪਾਉਣ ਅਤੇ ਸਾਂਭਣ ਲਈ ਹੱਥ ਜੋੜ ਜੋੜ ਬੇਨਤੀਆਂ ਕਰਦੇ ਹਨ। ਭਗਤ ਜੀ ਕਹਿੰਦੇ ਹਨ ਕਿ ਰੁੱਖਾਂ ਵਿੱਚ ਵੀ ਆਪਣੇ ਵਾਂਗ ਹੀ ਜਾਨ ਹੁੰਦੀ ਹੈ। ਅੰਨ ਨੂੰ ਭਗਵਾਨ ਅਤੇ ਪਾਣੀ ਨੂੰ ਪਰਮੇਸ਼ਰ ਦੱਸ ਕੇ ਸਾਡੇ ਵਰਗਿਆਂ ਨੂੰ ਮੱਤਾਂ ਦਿੰਦੇ ਹਨ ਕਿ ਇਨ੍ਹਾਂ ਵਸਤਾਂ ਨੂੰ ਵਰਾਨ ਨਾ ਕਰੋ, ਸੰਕੋਚ ਕੇ ਸੰਜਮ ਨਾਲ ਵਰਤੋ। ਸੋ ਪੁੱਤ, ਸਾਰੇ ਸ਼ਹਿਰ ਦੇ ਲੋਕ ਉਨ੍ਹਾਂ ਦੀ ਹਰ ਗੱਲ ਨੂੰ ਸਤਿ ਬਚਨ ਕਹਿ ਕੇ ਮੰਨਦੇ ਹਨ ਤੇ ਉਨ੍ਹਾਂ ਦੀ ਕਹੀ ਗੱਲ ਮੰਨ ਕੇ ਆਪਣੇ ਵੱਡੇ ਭਾਗ ਸਮਝਦੇ ਹਨ।’’
ਮਾਸੀ ਦੀਆਂ ਕੁਝ ਗੱਲਾਂ ਦੀ ਮੈਨੂੰ ਸਮਝ ਆ ਗਈ ਪਰ ਬਹੁਤੀਆਂ ਸਿਰ ਉੱਤੋਂ ਦੀ ਲੰਘ ਗਈਆਂ। ਸਮੇਂ ਦੇ ਪਹੇ ’ਤੇ ਗੁਜ਼ਰਦਿਆਂ ਜ਼ਿਹਨ ’ਚ ਬੈਠੀਆਂ ਮਾਸੀ ਦੀਆਂ ਗੱਲਾਂ ਦੀ ਸਮਝ ਉਸ ਵਕ਼ਤ ਆਈ ਜਦੋਂ ਮੈਂ ਪ੍ਰੈੱਪ ਮੈਡੀਕਲ ਸ਼੍ਰੇਣੀ ਵਿੱਚ ਖਾਲਸਾ ਕਾਲਜ ਦਾਖ਼ਲ ਹੋ ਗਿਆ। ਅਮੂਮਨ ਸੱਤਰ ਨੰਬਰ ਲੋਕਲ ਬੱਸ ’ਤੇ ਹੀ ਹਾਲ ਗੇਟ ਤੋਂ ਖਾਲਸਾ ਕਾਲਜ ਆਉਂਦਾ ਜਾਂਦਾ ਸਾਂ, ਪਰ ਜੇ ਕਦੇ ਕਦਾਈਂ ਬੱਸ ਨਾ ਮਿਲਣੀ ਤਾਂ ਕਾਲਜ ਪਛੜ ਕੇ ਪਹੁੰਚਣ ਦੇ ਡਰੋਂ ਰਿਕਸ਼ਾ ਕਰ ਲੈਣਾ। ਉਸ ਸਮੇਂ ਤੱਕ ਅੰਮ੍ਰਿਤਸਰ ਦੀ ਲੋਕਾਈ ਵਿੱਚ ਇਹ ਸਰਬ ਪ੍ਰਵਾਨਿਤ ਰਿਵਾਜ ਹੀ ਬਣ ਗਿਆ ਸੀ ਕਿ ਜਦੋਂ ਵੀ ਕੋਈ ਰਿਕਸ਼ੇ ਵਾਲਾ ਉੱਚੇ ਪੁਲ਼ ਦੇ ਪੈਰਾਂ ਵਿੱਚ ਪਹੁੰਚ ਜਾਂਦਾ ਤਾਂ ਉਹ ਰਿਕਸ਼ਾ ਖਲ੍ਹਾਰ ਦੇਂਦਾ ਤੇ ਸਵਾਰੀਆਂ ਆਪਣੇ ਆਪ ਬਿਨਾਂ ਕਿਹਾਂ ਹੀ ਰਿਕਸ਼ੇ ਤੋਂ ਉਤਰ ਜਾਂਦੀਆਂ ਤੇ ਪੈਦਲ ਹੀ ਪੁਲ਼ ਦੀ ਉਚਾਈ ਚੜ੍ਹ ਜਾਂਦੀਆਂ। ਭਗਤ ਪੂਰਨ ਸਿੰਘ ਜੀ ਵੱਲੋਂ ਨਿਮਰਤਾ ਸਹਿਤ, ਮਾਨਵ-ਮਾਰਗ ’ਤੇ ਪਾਈਆਂ ਪੈੜਾਂ ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਸਨੀਕਾਂ ਅਤੇ ਇੱਥੇ ਪਧਾਰੇ ਸ਼ਰਧਾਲੂਆਂ ਯਾਤਰੀਆਂ ਨੇ ਨਰੋਈ ਜੀਵਨ ਜਾਚ ਦੇ ਹਿੱਸੇ ਵਜੋਂ ਅਪਣਾ ਲਿਆ ਸੀ।
ਸੰਪਰਕ: 98158-40755
ਈ-ਮੇਲ: ankhi53@gmail.com

Advertisement

Advertisement
Author Image

Advertisement