For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਫ਼ਸਲ ’ਚ ਨਮੀ ਦੀ ਵੱਧ ਮਾਤਰਾ ਬਣੀ ‘ਸਿਰਦਰਦੀ’

07:10 AM Oct 16, 2024 IST
ਝੋਨੇ ਦੀ ਫ਼ਸਲ ’ਚ ਨਮੀ ਦੀ ਵੱਧ ਮਾਤਰਾ ਬਣੀ ‘ਸਿਰਦਰਦੀ’
ਮੰਡੀ ’ਚ ਲਿਫਟਿੰਗ ਨਾ ਹੋਣ ਕਾਰਨ ਝੋਨੇ ਦੇ ਲੱਗੇ ਅੰਬਾਰ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 15 ਅਕਤੂਬਰ
ਝੋਨੇ ਦੀ ਫ਼ਸਲ ਵਿੱਚ ਨਮੀ ਦੀ ਵੱਧ ਆ ਰਹੀ ਮਾਤਰਾ ਕਿਸਾਨਾਂ ਲਈ ਮੁਸੀਬਤ ਬਣ ਗਈ ਹੈ ਜਿਸ ਕਾਰਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਖ਼ਰੀਦ ਪ੍ਰਬੰਧਾਂ ਦਾ ਹਾਲ ਮਾੜਾ ਹੋ ਗਿਆ ਹੈ। ਇਸ ਨਾਲ ਜਿੱਥੇ ਕਿਸਾਨ 13-13 ਦਿਨਾਂ ਤੋਂ ਮੰਡੀਆਂ ਵਿੱਚ ਫ਼ਸਲ ਦੀ ਰਾਖੀ ਬੈਠਣ ਲਈ ਮਜਬੂਰ ਹਨ, ਉੱਥੇ ਹੀ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਦੀ ਸਮੱਸਿਆ ਵੀ ਵਧ ਚੁੱਕੀ ਹੈ ਕਿਉਂਕਿ ਮੰਡੀ ਵਿੱਚੋਂ ਹੁਣ ਤੱਕ ਸਿਰਫ਼ 25 ਪ੍ਰਤੀਸ਼ਤ ਝੋਨੇ ਦੀ ਲਿਫਟਿੰਗ ਹੋਈ ਹੈ ਅਤੇ ਇਸ ਨਾਲ ਮੰਡੀ ਵਿੱਚ ਵੱਡੇ ਅੰਬਾਰ ਲੱਗ ਚੁੱਕੇ ਹਨ। ਇਸ ਦੌਰਾਨ ਪਿੰਡ ਕਲਾਲਮਾਜਰਾ ਦੇ ਕਿਸਾਨ ਸਾਹਿਬ ਸਿੰਘ ਨੇ ਕਿਹਾ ਕਿ ਉਹ 11 ਦਿਨ ਤੋਂ ਮੰਡੀ ਵਿੱਚ ਫ਼ਸਲ ਦੀ ਰਾਖੀ ਬੈਠਾ ਹੈ ਪਰ ਕੋਈ ਫ਼ਸਲ ਦੀ ਖਰੀਦ ਨਹੀਂ ਕਰ ਰਿਹਾ। ਉਸਦੀ ਫ਼ਸਲ ਦੀ ਇਕ ਦਿਨ ਪਹਿਲਾਂ ਨਮੀ 15 ਫੀਸਦੀ ਦੱਸੀ ਗਈ ਅਤੇ ਹੁਣ 20 ਫੀਸਦੀ ਨਮੀ ਦੱਸੀ ਜਾ ਰਹੀ ਹੈ। ਕਿਸਾਨਾਂ ਨੇ ਮੰਡੀ ਵਿੱਚ ਹੁੰਦੀ ਖੱਜਲ-ਖੁਆਰੀ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ-ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਖੰਨਾ-ਨਵਾਂ ਸ਼ਹਿਰ ਹਾਈਵੇਅ ’ਤੇ ਸਥਿਤ ਰਹੌਣ ਮੰਡੀ ਦੀ ਸੜਕ ’ਤੇ ਜਾਮ ਲਾ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ੍ਰੀ ਬੈਨੀਪਾਲ ਨੇ ਕਿਹਾ ਕਿ ਮੰਡੀ ਵਿੱਚ ਨਾ ਫ਼ਸਲ ਦੀ ਬੋਲੀ ਲਾਈ ਜਾ ਰਹੀ ਹੈ ਅਤੇ ਨਾ ਹੀ ਲਿਫਟਿੰਗ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ 17 ਫੀਸਦੀ ਨਮੀ ਵਾਲਾ ਝੋਨਾ ਖਰੀਦਣ ਲਈ ਆਖ ਰਹੀ ਹੈ ਪਰ ਇੰਨੀ ਨਮੀ ਨਹੀਂ ਆ ਰਹੀ ਜਿਸ ਕਾਰਨ ਸਰਕਾਰ ਝੋਨੇ ਦੀ ਫ਼ਸਲ ਨਹੀਂ ਖਰੀਦ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਜਲਦ ਹੱਲ ਨਾ ਕੀਤਾ ਗਿਆ ਤਾਂ ਪੱਕੇ ਤੌਰ ’ਤੇ ਧਰਨਾ ਲਾਇਆ ਜਾਵੇਗਾ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਅਤੇ ਫੂਡ ਸਪਲਾਈ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਬਣਾਏ 17 ਫ਼ੀਸਦੀ ਨਮੀ ਦੇ ਨਿਯਮਾਂ ਅਨੁਸਾਰ ਪੰਜਾਬ ਸਰਕਾਰ ਖਰੀਦ ਰਹੀ ਹੈ ਜਦੋਂਕਿ ਕੇਂਦਰ ਸਰਕਾਰ ਨੂੰ ਢਿੱਲ ਦੇਣੀ ਚਾਹੀਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਜਲਦ ਮਸਲਾ ਹੱਲ ਕੀਤਾ ਜਾਵੇਗਾ।

Advertisement

Advertisement
Advertisement
Author Image

Advertisement