ਹਿਜ਼ਬੁੱਲਾ ਨੇ ਮੱਧ ਇਜ਼ਰਾਈਲ ’ਚ ਦਾਗ਼ੇ ਕਈ ਰਾਕੇਟ
ਤਲ ਅਵੀਵ, 22 ਅਕਤੂਬਰ
ਹਿਜ਼ਬੁੱਲਾ ਨੇ ਅੱਜ ਮੱਧ ਇਜ਼ਰਾਈਲ ’ਚ ਕਈ ਰਾਕੇਟ ਦਾਗੇ, ਜਿਸ ਨਾਲ ਦੇਸ਼ ਦੇ ਸਭ ਤੋਂ ਸੰਘਣੀ ਅਬਾਦੀ ਵਾਲੇ ਇਲਾਕਿਆਂ ’ਚ ਹਵਾਈ ਹਮਲਿਆਂ ਦੇ ਸਾਇਰਨ ਵੱਜਣ ਲੱਗੇ। ਇਨ੍ਹਾਂ ਹਮਲਿਆਂ ’ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਜ਼ਰਾਇਲੀ ਸੈਨਾ ਨੇ ਕਿਹਾ ਕਿ ਲਿਬਨਾਨ ਤੋਂ ਇਜ਼ਰਾਈਲ ’ਚ ਪੰਜ ਰਾਕੇਟ ਦਾਗੇ ਗਏ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਰਾਕੇਟ ਇਜ਼ਰਾਈਲ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਰੋਕ ਦਿੱਤੇ ਹਨ। ਇੱਕ ਰਾਕੇਟ ਖੁੱਲ੍ਹੀ ਥਾਂ ’ਤੇ ਡਿੱਗਿਆ। ਰਾਕੇਟ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਇਜ਼ਰਾਈਲ ਨੇ ਲਿਬਨਾਨ ’ਚ ਹਿਜ਼ਬੁੱਲਾ ਵੱਲੋਂ ਚਲਾਈ ਜਾ ਰਹੀ ਇੱਕ ਵਿੱਤੀ ਸੰਸਥਾ ਨੂੰ ਨਿਸ਼ਾਨਾ ਬਣਾ ਕੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਹਮਾਸ ਆਗੂ ਸਿਨਵਾਰ ਦੀ ਮੌਤ ਮਗਰੋਂ ਅਮਰੀਕਾ ਗਾਜ਼ਾ ’ਚ ਜੰਗਬੰਦੀ ਵਾਰਤਾ ਮੁੜ ਸ਼ੁਰੂ ਕਰਨ ’ਤੇ ਜ਼ੋਰ ਦੇ ਰਿਹਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਨੂੰ ਖਤਮ ਕਰਨ ਅਤੇ ਸਮੂਹ ਵੱਲੋਂ ਬੰਦੀ ਬਣਾਏ ਗਏ ਦਰਜਨਾਂ ਲੋਕਾਂ ਨੂੰ ਆਜ਼ਾਦ ਕਰਨ ਦਾ ਵਾਅਦਾ ਕੀਤਾ ਹੈ। ਦੂਜੇ ਪਾਸੇ ਹਮਾਸ ਦਾ ਕਹਿਣਾ ਹੈ ਕਿ ਉਹ ਸਥਾਈ ਜੰਗਬੰਦੀ, ਗਾਜ਼ਾ ਤੋਂ ਇਜ਼ਰਾਇਲੀ ਸੈਨਿਕਾਂ ਦੀ ਪੂਰੀ ਤਰ੍ਹਾਂ ਵਾਪਸੀ ਤੇ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ ਹੀ ਬੰਦੀ ਰਿਹਾਅ ਕਰੇਗਾ। ਇਸੇ ਦੌਰਾਨ ਹਿਜ਼ਬੁੱਲਾ ਦੇ ਮੁੱਖ ਬੁਲਾਰੇ ਮੁਹੰਮਦ ਅਫੀਫ ਨੇ ਕਿਹਾ ਕਿ ਇਸ ਹਫ਼ਤੇ ਦੇ ਅਖੀਰ ’ਚ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ ਪਿੱਛੇ ਉਨ੍ਹਾਂ ਦੇ ਸਮੂਹ ਦਾ ਹੱਥ ਸੀ। -ਏਪੀ
ਇਜ਼ਰਾਇਲੀ ਹਮਲੇ ’ਚ ਮ੍ਰਿਤਕਾਂ ਦੀ ਗਿਣਤੀ 13 ਹੋਈ
ਤਲ ਅਵੀਵ:
ਲਿਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਬੈਰੂਤ ਦੇ ਇੱਕ ਮੁੱਖ ਹਸਪਤਾਲ ਨੇੜੇ ਹੋਏ ਇਜ਼ਰਾਇਲੀ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ ਜਦਕਿ ਕਈ ਜ਼ਖ਼ਮੀ ਹੋ ਗਏ ਹਨ। ਲੰਘੀ ਦੇਰ ਰਾਤ ਹਵਾਈ ਹਮਲਾ ਰਾਜਧਾਨੀ ਦੇ ਮੁੱਖ ਸਰਕਾਰੀ ਹਸਪਤਾਲ ਦੇ ਸਾਹਮਣੇ ਵਾਲੀ ਇਮਾਰਤ ’ਤੇ ਹੋਇਆ। ਮੰਤਰਾਲੇ ਨੇ ਅੱਜ ਦੱਸਿਆ ਕਿ ਹਮਲੇ ’ਚ 57 ਹੋਰ ਲੋਕ ਜ਼ਖ਼ਮੀ ਵੀ ਹੋਏ ਹਨ। -ਏਪੀ