ਹਿਜ਼ਬੁੱਲਾ ਨੇ ਮੋਸਾਦ ਦੇ ਦਫ਼ਤਰ ’ਤੇ ਮਿਜ਼ਾਈਲ ਦਾਗ਼ੀ
ਯੇਰੂਸ਼ਲਮ, 25 ਸਤੰਬਰ
ਲਿਬਨਾਨ ’ਚ ਸੈਂਕੜੇ ਲੋਕਾਂ ਦੀ ਮੌਤ ਤੋਂ ਬਾਅਦ ਹਿਜ਼ਬੁੱਲਾ ਨੇ ਬੁੱਧਵਾਰ ਤੜਕੇ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਦੇ ਦਫ਼ਤਰ ਵੱਲ ਲੰਬੀ ਦੂਰੀ ਦੀ ਮਿਜ਼ਾਈਲ ‘ਕਾਦਰ-1’ ਦਾਗ਼ੀ। ਹਿਜ਼ਬੁੱਲਾ ਨੇ ਪਿਛਲੇ ਹਫ਼ਤੇ ਉਨ੍ਹਾਂ ਦੇ ਸਿਖਰਲੇ ਕਮਾਂਡਰਾਂ ਨੂੰ ਨਿਸ਼ਾਨਾ ਬਣਾ ਕੇ ਮਾਰਨ ਅਤੇ ਪੇਜਰ ਤੇ ਵਾਕੀ-ਟਾਕੀ ਹਮਲਿਆਂ ਲਈ ਮੋਸਾਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਧਰ ਇਜ਼ਰਾਈਲ ਨੇ ਲਿਬਨਾਨ ’ਚ ਹਿਜ਼ਬੁੱਲਾ ਦੇ 60 ਖ਼ੁਫ਼ੀਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਿਸ ’ਚ 51 ਵਿਅਕਤੀਆਂ ਦੀ ਮੌਤ ਹੋ ਗਈ ਅਤੇ 223 ਹੋਰ ਜ਼ਖ਼ਮੀ ਹੋ ਗਏ। ਇਜ਼ਰਾਈਲ ਨੇ ਵਧਦੇ ਤਣਾਅ ਦਰਮਿਆਨ ਆਪਣੇ ਰਿਜ਼ਰਵ ਬਲਾਂ ਦੀਆਂ ਦੋ ਬ੍ਰਿਗੇਡਾਂ ਨੂੰ ਚੌਕਸ ਕਰ ਦਿੱਤਾ ਹੈ ਅਤੇ ਹਿਜ਼ਬੁੱਲਾ ਖ਼ਿਲਾਫ਼ ਵੱਡੇ ਹਮਲੇ ਲਈ ਉਨ੍ਹਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨਗੇ। ਮਾਨਵੀ ਮਾਮਲਿਆਂ ਬਾਰੇ ਸੰਯੁਕਤ ਰਾਸ਼ਟਰ ਦੇ ਤਾਲਮੇਲ ਦਫ਼ਤਰ ਨੇ ਕਿਹਾ ਕਿ ਹੁਣ ਤੱਕ ਲਿਬਨਾਨ ’ਚੋਂ 90 ਹਜ਼ਾਰ ਦੇ ਕਰੀਬ ਲੋਕ ਆਪਣੇ ਘਰ-ਬਾਰ ਛੱਡ ਚੁੱਕੇ ਹਨ। ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਦਰਜਨਾਂ ਰਾਕੇਟ ਵੀ ਦਾਗ਼ੇ, ਜਿਸ ਨਾਲ ਤਲ ਅਵੀਵ ’ਚ ਸਾਇਰਨ ਗੂੰਜ ਪਏ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਲਿਬਨਾਨ ਤੋਂ ਦਾਗ਼ੀ ਗਈ ਕੋਈ ਮਿਜ਼ਾਈਲ ਮੱਧ ਇਜ਼ਰਾਈਲ ਤੱਕ ਪੁੱਜੀ ਹੋਵੇ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਜ਼ਿਆਦਾਤਰ ਰਾਕੇਟਾਂ ਅਤੇ ਮਿਜ਼ਾਈਲਾਂ ਨੂੰ ਹਵਾ ’ਚ ਹੀ ਫੁੰਡ ਦਿੱਤਾ। ਉਂਜ ਹਮਲਿਆਂ ਕਾਰਨ ਕੁਝ ਇਮਾਰਤਾਂ ਅਤੇ ਘਰਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਕੁਝ ਵਿਅਕਤੀ ਮਾਮੂਲੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਹਿਜ਼ਬੁੱਲਾ ਨੇ ਇਜ਼ਰਾਇਲੀ ਹਮਲੇ ’ਚ ਉਸ ਦੇ ਕਮਾਂਡਰ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਹਿਜ਼ਬੁੱਲਾ ਵੱਲੋਂ ਇਕ ਵਾਰ ’ਚ 40 ਤੋਂ ਵਧ ਰਾਕੇਟ ਦਾਗ਼ੇ ਗਏ, ਜਿਨ੍ਹਾਂ ’ਚੋਂ ਜ਼ਿਆਦਾਤਰ ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ। ਉੱਤਰੀ ਸ਼ਹਿਰ ਸਾਫ਼ੇਦ ’ਚ ਇਕ ਰਾਕੇਟ ਘਰ ’ਤੇ ਡਿੱਗਾ ਜਿਸ ਕਾਰਨ ਅੱਗ ਲੱਗ ਗਈ। ਉਧਰ ਤਿੰਨ ਮੁਲਕਾਂ ਮਿਸਰ, ਜਾਰਡਨ ਅਤੇ ਇਰਾਕ ਦੇ ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਇਜ਼ਰਾਈਲ ਮੱਧ ਪੂਰਬ ਨੂੰ ਜੰਗ ਵੱਲ ਧੱਕ ਰਿਹਾ ਹੈ। -ਏਪੀ
ਬ੍ਰਿਟਿਸ਼ ਨਾਗਰਿਕਾਂ ਨੂੰ ਲਿਬਨਾਨ ਫੌਰੀ ਛੱਡਣ ਦੇ ਹੁਕਮ
ਲੰਡਨ:
ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਹਮਲੇ ਤੇਜ਼ ਹੋਣ ਮਗਰੋਂ ਬਰਤਾਨਵੀ ਨਾਗਰਿਕਾਂ ਨੂੰ ਲਿਬਨਾਨ ਤੁਰੰਤ ਛੱਡ ਦੇਣ ਦੇ ਹੁਕਮ ਦਿੱਤੇ ਹਨ। ਬਰਤਾਨੀਆ ਨੇ ਆਪਣੇ ਕਰੀਬ 700 ਜਵਾਨਾਂ ਨੂੰ ਸਾਈਪ੍ਰਸ ’ਚ ਤਾਇਨਾਤ ਕੀਤਾ ਹੈ ਤਾਂ ਜੋ ਹੰਗਾਮੀ ਹਾਲਾਤ ’ਚ ਜੇ ਨਾਗਰਿਕਾਂ ਨੂੰ ਬਾਹਰ ਕੱਢਣਾ ਪਿਆ ਤਾਂ ਉਹ ਇਸ ਕਾਰਵਾਈ ਨੂੰ ਅੰਜਾਮ ਦੇਣਗੇ। -ਪੀਟੀਆਈ